ਐੱਨਆਈਏ ਵਲੋਂ ਖ਼ਾਲਿਸਤਾਨ ਟਾਈਗਰ ਫੋਰਸ ਮੁਖੀ ਹਰਦੀਪ ਸਿੰਘ ਨਿੱਝਰ ’ਤੇ 10 ਲੱਖ ਦਾ ਇਨਾਮ, ਜਲੰਧਰ ਵਿੱਚ ਪੁਜਾਰੀ ਦੀ ਹੱਤਿਆ ਦੇ ਮਾਮਲੇ ਵਿੱਚ ਕੀਤਾ ਐਲਾਨ

ਦਿੱਲੀ, 23 ਜੁਲਾਈ (ਦ ਪੰਜਾਬ ਵਾਇਰ)। ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪਿਛਲੇ ਸਾਲ ਪੰਜਾਬ ਦੇ ਜਲੰਧਰ ਵਿੱਚ ਪੁਜਾਰੀ ਦੀ ਹੱਤਿਆ ਦੇ ਮਾਮਲੇ ’ਚ ਕੈਨੇਡਾ ਸਥਿਤ ਖਾਲਿਸਤਾਨ ਟਾਈਗਰ ਫੋਰਸ (ਕੇਟੀਐੱਫ) ਦੇ ਮੁਖੀ ਲਈ 10 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਜਲੰਧਰ ਦੇ ਫਿਲੌਰ ਦੇ ਰਹਿਣ ਵਾਲੇ ਲੋੜੀਂਦੇ ਅਤਿਵਾਦੀ ਹਰਦੀਪ ਸਿੰਘ ਨਿੱਝਰ ‘ਤੇ ਸ਼ੁੱਕਰਵਾਰ ਨੂੰ ਇਨਾਮ ਦਾ ਐਲਾਨ ਕੀਤਾ ਗਿਆ ਸੀ। ਤਿੰਨ ਹਫਤੇ ਪਹਿਲਾਂ ਏਜੰਸੀ ਨੇ ਪੁਜਾਰੀ ‘ਤੇ ਹਮਲੇ ਦੇ ਮਾਮਲੇ ‘ਚ ਨਿੱਝਰ ਅਤੇ ਤਿੰਨ ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ।

ਐੱਨਆਈਏ ਨੇ ਆਪਣੇ ਦਿੱਲੀ ਹੈੱਡਕੁਆਰਟਰ ਅਤੇ ਚੰਡੀਗੜ੍ਹ ਸ਼ਾਖਾ ਦਫ਼ਤਰ ਦੇ ਟੈਲੀਫੋਨ, ਵਟਸਐਪ ਅਤੇ ਟੈਲੀਗ੍ਰਾਮ ਨੰਬਰਾਂ ਤੋਂ ਇਲਾਵਾ ਈਮੇਲ ਪਤਿਆਂ ਨੂੰ ਸਾਂਝਾ ਕੀਤਾ ਹੈ ਤਾਂ ਜੋ ਲੋਕ ਨਿੱਝਰ ਬਾਰੇ ਜਾਣਕਾਰੀ ਦੇ ਸਕਣ। ਐੱਨਆਈਏ ਨੇ ਪਿਛਲੇ ਸਾਲ 31 ਜਨਵਰੀ ਨੂੰ ਫਿਲੌਰ ਵਿੱਚ ਕੇਟੀਐੱਫ ਵੱਲੋਂ ਪੁਜਾਰੀ ਕਮਲਦੀਪ ਸ਼ਰਮਾ ਦੀ ਹੱਤਿਆ ਦੀ ਸਾਜ਼ਿਸ਼ ਦੇ ਸਬੰਧ ਵਿੱਚ ਨਿੱਝਰ ਸਮੇਤ ਚਾਰ ਵਿਅਕਤੀਆਂ ਵਿਰੁੱਧ 5 ਜੁਲਾਈ ਨੂੰ ਚਾਰਜਸ਼ੀਟ ਦਾਇਰ ਕੀਤੀ ਸੀ। ਏਜੰਸੀ ਨੇ 8 ਅਕਤੂਬਰ 2021 ਨੂੰ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਸੀ। ਚਾਰਜਸ਼ੀਟ ਵਿੱਚ ਨਾਮਜ਼ਦ ਤਿੰਨ ਹੋਰਾਂ ਵਿੱਚ ਕਮਲਜੀਤ ਸ਼ਰਮਾ ਅਤੇ ਰਾਮ ਸਿੰਘ ਉਰਫ਼ ‘ਸੋਨਾ’ ਸ਼ਾਮਲ ਹਨ, ਜਿਨ੍ਹਾਂ ਨੇ ਨਿੱਝਰ ਅਤੇ ਉਸ ਦੇ ਸਾਥੀ ਅਰਸ਼ਦੀਪ ਸਿੰਘ ਉਰਫ਼ ‘ਪ੍ਰਭ’ ਦੇ ਨਿਰਦੇਸ਼ਾਂ ’ਤੇ ਪੁਜਾਰੀ ’ਤੇ ਹਮਲਾ ਕੀਤਾ ਸੀ। ਐੱਨਆਈਏ ਅਨੁਸਾਰ ਜਾਂਚ ਤੋਂ ਪਤਾ ਲੱਗਾ ਹੈ ਕਿ ਪੰਜਾਬ ਵਿੱਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਲਈ ਪੁਜਾਰੀ ਦੀ ਹੱਤਿਆ ਕਰਨ ਦੇ ਇਰਾਦੇ ਨਾਲ ਕੈਨੇਡੀਅਨ ਮੂਲ ਦੇ ਮੁਲਜ਼ਮ ਅਰਸ਼ਦੀਪ ਅਤੇ ਨਿੱਝਰ ਵੱਲੋਂ ਪੂਰੀ ਸਾਜ਼ਿਸ਼ ਰਚੀ ਗਈ ਸੀ।

Exit mobile version