ਮੰਗਾਂ ਨੂੰ ਲੈ ਕੇ ਸ਼ੂਗਰ ਮਿੱਲ ਪਨਿਆੜ ਦੇ ਮੁਲਾਜ਼ਮਾਂ ਨੇ ਦਿੱਤਾ ਧਰਨਾ, ਨਾਇਬ ਤਹਿਸੀਲਦਾਰ ਨੂੰ ਸੌਂਪਿਆ ਮੰਗ ਪੱਤਰ

ਗੁਰਦਾਸਪੁਰ, 22 ਜੁਲਾਈ (ਮੰਨਣ ਸੈਣੀ)। ਆਪਣੀ ਅਧਿਕਾਰਤ ਮੰਗਾ ਨੂੰ ਲੈ ਕੇ ਸਹਿਕਾਰੀ ਖੰਡ ਮਿੱਲ ਪੰਨਿਆੜ ਦੇ ਮੁਲਾਜ਼ਮਾਂ ਨੇ ਸਾਂਝੀ ਐਕਸ਼ਨ ਕਮੇਟੀ ਖੰਡ ਮਿੱਲ ਦੇ ਪ੍ਰਧਾਨ ਰਘੁਬੀਰ ਸਿੰਘ ਦੀ ਪ੍ਰਧਾਨਗੀ ਹੇਠ ਸ਼ੂਗਰ ਮਿੱਲ ਪੰਨਿਆੜ ਵਿਖੇ ਦੋ ਘੰਟੇ ਧਰਨਾ ਦਿੱਤਾ। ਧਰਨੇ ਉਪਰੰਤ ਨਾਇਬ ਤਹਿਸੀਲਦਾਰ ਦੀਨਾਨਗਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ।

ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਰਘੁਬੀਰ ਸਿੰਘ ਨੇ ਕਿਹਾ ਕਿ ਛੇਵੇਂ ਤਨਖਾਹ ਕਮਿਸ਼ਨ ਦੀ ਮੰਗ ਨੂੰ ਲੈ ਕੇ ਪਿਛਲੇ ਦਿਨੀਂ ਜਲੰਧਰ ਵਿਖੇ ਕਮੇਟੀ ਦੀ ਮੀਟਿੰਗ ਹੋਈ ਸੀ। ਜਿਸ ਵਿੱਚ ਸਰਕਾਰ ਖਿਲਾਫ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ। ਜਿਸ ਕਾਰਨ ਅੱਜ ਛੇਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਧਰਨਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਸਾਰੇ ਮੁਲਾਜ਼ਮਾਂ ਦਾ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰ ਦਿੱਤਾ ਹੈ ਪਰ ਖੰਡ ਮਿੱਲ ਮੁਲਾਜ਼ਮਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਛੇ ਸਾਲਾਂ ਤੋਂ ਮਿੱਲ ਮਜ਼ਦੂਰਾਂ ਨੂੰ ਮਹਿੰਗਾਈ ਭੱਤਾ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵਧਦੀ ਮਹਿੰਗਾਈ ਦੇ ਦੌਰ ਵਿੱਚ ਮਿੱਲ ਮਜ਼ਦੂਰਾਂ ਦੀ ਦਿਹਾੜੀ ਨਾਂਹ ਦੇ ਬਰਾਬਰ ਹੈ, ਜਿਸ ਕਾਰਨ ਉਨ੍ਹਾਂ ਲਈ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੇ-ਕਮਿਸ਼ਨ ਦੇ ਨਾਲ-ਨਾਲ ਮਿੱਲ ਕਾਮਿਆਂ ਨੂੰ ਬਕਾਇਆ ਮਹਿੰਗਾਈ ਭੱਤਾ ਵੀ ਦਿੱਤਾ ਜਾਵੇ। ਇਸ ਤੋਂ ਇਲਾਵਾ ਕੱਚੇ ਕਾਮਿਆਂ ਨੂੰ ਜਲਦੀ ਪੱਕਾ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਪੂਰਨ ਚੰਦ, ਨਵਜੀਤ ਸਿੰਘ, ਮਨਦੀਪ ਸਿੰਘ, ਜੋਗਿੰਦਰ ਪ੍ਰਸਾਦ, ਰਾਜਬੀਰ ਸਿੰਘ ਆਦਿ ਹਾਜ਼ਰ ਸਨ।

Exit mobile version