-ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਨਿਰਾਦਰ ਕਰਨ ਤੋਂ ਬਾਅਦ ਐਮਪੀ ਸਿਮਰਨਜੀਤ ਮਾਨ ਨੇ ਜੱਲਿਆਂਵਾਲਾ ਬਾਗ਼ ਦੇ ਸ਼ਹੀਦਾਂ ਦਾ ਕੀਤਾ ਅਪਮਾਨ: ਮਲਵਿੰਦਰ ਸਿੰਘ ਕੰਗ

ਸੰਸਦ ਮੈਂਬਰ ਸਿਮਰਨਜੀਤ ਮਾਨ ਦਾ ਜਨਰਲ ਡਾਇਰ ਨੂੰ ਸਨਮਾਨਿਤ ਕਰਨ ਵਾਲੇ ਆਪਣੇ ਨਾਨੇ ਦਾ ਬਚਾਅ ਕਰਨਾ ਸ਼ਰਮਨਾਕ: ‘ਆਪ’

-ਸਿਮਰਨਜੀਤ ਮਾਨ ਆਪਣੇ ਵੱਲੋਂ ਕੀਤੀਆਂ ਗਈਆਂ ਸ਼ਰਮਨਾਕ ਟਿੱਪਣੀਆਂ ਲਈ ਮੰਗਣ ਮੁਆਫ਼ੀ: ਕੰਗ

ਚੰਡੀਗੜ੍ਹ, 17 ਜੁਲਾਈ ( ਦ ਪੰਜਾਬ ਵਾਇਰ)। ਆਮ ਆਦਮੀ ਪਾਰਟੀ (ਆਪ) ਨੇ ਸੰਗਰੂਰ ਤੋ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਉੱਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ 1919 ਵਿੱਚ ਸਾਕਾ ਜ਼ਲਿਆਂਵਾਲੇ ਬਾਗ਼ ਤੋਂ ਬਾਅਦ ਜਨਰਲ ਡਾਇਰ ਨੂੰ ਸਿਰੋਪਾ ਪਾ ਕੇ ਸਨਮਾਨਿਤ ਕਰਨ ਵਾਲੇ ਆਪਣੇ ਨਾਨਾ ਅਰੂੜ ਸਿੰਘ ਦੇ ਚਿਹਰੇ ਨੂੰ ਸਾਫ਼ ਸੁਥਰਾ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ।

ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ‘ਆਪ’ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਮਪੀ ਮਾਨ ਆਪਣੇ ਨਾਨਾ ਅਰੂੜ ਸਿੰਘ, ਜੋ ਕਿ ਬਿ੍ਰਟਿਸ਼ ਪੱਖੀ ਸਿੱਖ ਸਨ, ਨੂੰ ਆਜ਼ਾਦੀ ਘੁਲਾਟੀਆ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ।

ਕੰਗ ਨੇ ਕਿਹਾ ਕਿ ਸਿਮਰਨਜੀਤ ਮਾਨ ਨੇ ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਤੋਂ ਬਾਅਦ ਹੁਣ ਜੱਲਿਆਂਵਾਲਾ ਬਾਗ਼ ਸਾਕਾ ਵਿੱਚ ਆਪਣੀਆਂ ਜਾਨਾਂ ਗਵਾਉਣ ਵਾਲੇ ਸੈਂਕੜੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ।

ਕੰਗ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਲਈ ਮੁਆਫ਼ੀ ਮੰਗਣ ਦੀ ਬਜਾਏ ਜੱਲਿਆਂਵਾਲਾ ਬਾਗ਼ ਸਾਕਾ ਸਮੇਂ ਆਪਣੇ ਨਾਨਾ ਅਰੂੜ ਸਿੰਘ (ਉਸ ਸਮੇਂ ਜਥੇਦਾਰ ਸ੍ਰੀ ਹਰਿਮੰਦਰ ਸਾਹਿਬ) ਵੱਲੋਂ ਜਨਰਲ ਡਾਇਰ ਨੂੰ ਸਨਮਾਨਿਤ ਕਰਨ ਵਾਲੇ ਨੂੰ, ਸਾਫ਼ ਸੁਥਰਾ ਦੱਸ ਕੇ ਜੱਲਿਆਂਵਾਲਾ ਬਾਗ਼ ਦੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ।

ਕੰਗ ਨੇ ਕਿਹਾ ਕਿ ਮਾਨ ਨੇ ਆਪਣੇ ਨਾਨਾ ਅਰੂੜ ਵੱਲੋਂ ਜਨਰਲ ਡਾਇਰ ਨੂੰ ਸਨਮਾਨਿਤ ਕਰਨਾ ਇਸ ਲਈ ਜਾਇਜ਼ ਦੱਸਿਆ ਕਿ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਤੋਂ ਰੋਕਣ ਲਈ ਸਨਮਾਨਿਤ ਕੀਤਾ ਸੀ। ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਸਮਾਗਮ ਤੋਂ ਬਾਅਦ ਅਰੂੜ ਸਿੰਘ ਨੂੰ ਸਿੱਖਾਂ ਵੱਲੋਂ ਕੀਤੀ ਬਗ਼ਾਵਤ ਦਾ ਸਾਹਮਣਾ ਕਰਨ ਪਿਆ, ਕਿਉਂਕਿ ਉਸ ਨੂੰ ਬਿ੍ਰਟਿਸ਼ ਪੱਖੀ ਸਿੱਖ ਵਜੋਂ ਦੇਖਿਆ ਜਾਂਦਾ ਹੈ।

ਕੰਗ ਨੇ ਕਿਹਾ ਕਿ ਐਮਪੀ ਸਿਮਰਨਜੀਤ ਮਾਨ ਆਪਣੇ ਪਰਿਵਾਰ ਦੇ ਇਤਿਹਾਸ ਨੂੰ ਸਾਫ਼ ਸੁਥਰਾ ਕਰਨ ਦੀ ਕੋਸ਼ਿਸ਼ ਨਾ ਕਰਨ, ਉਨ੍ਹਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰ ਦੀ ਅਸਲੀਅਤ ਦਾ ਪਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ।

ਇਸ ਮੌਕੇ ਉਨ੍ਹਾਂ ਵਿਰੋਧੀ ਧਿਰ ਉੱਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਦੇ ਆਗੂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਨੂੰ ਦੇਖ ਕੇ ਹੈਰਾਨ ਹਨ। ਉਨ੍ਹਾਂ ਕਿਹਾ ਕਿ ਹੁਣ ਵਿਰੋਧੀ ਝੂਠਾ ਪ੍ਰਚਾਰ ਕਰਕੇ ‘ਆਪ’ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

Exit mobile version