ਔਰਤਾਂ ਤੇ ਬੱਚਿਆਂ ’ਤੇ ਹੁੰਦੇ ਜੁਲਮਾਂ ਨੂੰ ਰੋਕਣ ਲਈ ਮਹਿਲਾ ਪੁਲਿਸ ਅਧਿਕਾਰੀ ਤਨਦੇਹੀ ਨਾਲ ਕੰਮ ਕਰਨ – ਡੀ.ਐੱਸ.ਪੀ. ਪਰਵਿੰਦਰ ਕੌਰ

ਬਟਾਲਾ, 14 ਜੁਲਾਈ ( ਮੰਨਣ ਸੈਣੀ) । ਐੱਸ.ਐੱਸ.ਪੀ. ਬਟਾਲਾ ਸ. ਰਾਜਪਾਲ ਸਿੰਘ ਸੰਧੂ ਦੀਆਂ ਹਦਾਇਤਾਂ ’ਤੇ ਡੀ.ਐੱਸ.ਪੀ. ਪਰਵਿੰਦਰ ਕੌਰ ਨੇ ਅੱਜ ਪੁਲਿਸ ਜ਼ਿਲ੍ਹਾ ਬਟਾਲਾ ਦੀਆਂ ਸਮੂਹ ਮਹਿਲਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਮਹਿਲਾ ਮੰਡਲ ਸਮੇਤ ਸਾਰੇ ਥਾਣਿਆਂ ਵਿੱਚ ਔਰਤਾਂ ਅਤੇ ਬੱਚਿਆਂ ਨਾਲ ਸਬੰਧਤ ਜੋ ਵੀ ਮਾਮਲੇ ਚੱਲ ਰਹੇ ਉਨ੍ਹਾਂ ਦਾ ਵਿਸ਼ੇਸ਼ ਤਰਜੀਹ ਦੇ ਕੇ ਜਲਦ ਨਿਪਟਾਰਾ ਕੀਤਾ ਜਾਵੇ।

ਡੀ.ਐੱਸ.ਪੀ. ਪਰਵਿੰਦਰ ਕੌਰ ਜਿਨ੍ਹਾਂ ਕੋਲ ਕਰਾਈਮ ਅਗੇਂਸਟ ਚਾਈਲਡ ਐਂਡ ਵੂਮੈਨ ਵਿੰਗ ਦਾ ਚਾਰਜ ਹੈ, ਅੱਜ ਸਥਾਨਕ ਪੁਲਿਸ ਲਾਈਨ ਵਿਖੇ ਮਹਿਲਾ ਅਧਿਕਾਰੀਆਂ ਨਾਲ ਮੀਟਿੰਗ ਵਿਸ਼ੇਸ਼ ਮੀਟਿੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਔਰਤਾਂ ਖਿਲਾਫ ਹੁੰਦੇ ਜ਼ੁਲਮਾਂ ਨੂੰ ਰੋਕਣ ਲਈ ਮਹਿਲਾ ਪੁਲਿਸ ਅਧਿਕਾਰੀਆਂ ਨੂੰ ਹੋਰ ਤਨਦੇਹੀ ਨਾਲ ਕੰਮ ਕਰਨ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਮਹਿਲਾ ਮੰਡਲ, ਵੂਮੈਨ ਹੈਲਪ ਡੈਸਕ ਜਾਂ ਕਿਸੇ ਵੀ ਥਾਣੇ ਵਿੱਚ ਕਿਸੇ ਔਰਤ ਜਾਂ ਬੱਚੇ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਸ ਉੱਪਰ ਫੌਰੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਘਰੇਲੂ ਹਿੰਸਾ, ਛੇੜਛਾੜ ਦੇ ਮਾਮਲੇ, ਦਾਜ ਦੀ ਮੰਗ ਤੋਂ ਪੀੜ੍ਹਤ ਔਰਤਾਂ ਦੀ ਗੱਲ ਪੂਰੀ ਹਮਦਰਦੀ ਨਾਲ ਸੁਣੀ ਜਾਵੇ ਅਤੇ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹੋਏ ਪੀੜ੍ਹਤ ਮਹਿਲਾਵਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਇਸਤੋਂ ਇਲਾਵਾ ਸਕੂਲ ਕਾਲਜਾਂ ਦੇ ਲੱਗਣ ਤੇ ਛੁੱਟੀ ਹੋਣ ਸਮੇਂ ਮਹਿਲਾ ਪੁਲਿਸ ਵੱਲੋਂ ਪੈਟਰੋਲਿੰਗ ਕੀਤੀ ਜਾਵੇ।

ਮੀਟਿੰਗ ਦੌਰਾਨ ਪੁਲਿਸ ਜ਼ਿਲ੍ਹਾ ਬਟਾਲਾ ਦੇ ਵੂਮੈਨ ਹੈਲਪ ਡੈਸਕ ਅਤੇ ਮਹਿਲਾ ਮੰਡਲ ਵਿੱਚ ਤਾਇਨਾਤ ਮਹਿਲਾ ਪੁਲਿਸ ਅਫ਼ਸਰਾਂ ਨੇ ਡੀ.ਐੱਸ.ਪੀ. ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨਗੀਆਂ।  

Exit mobile version