350 ਪੁਲਿਸ ਮੁਲਾਜ਼ਮਾਂ ਨੇ ਅਵਾਂਖਾ, ਪਨਿਆੜ ਅਤੇ ਡੀਡਾ ਸਾਂਸੀਆਂ ‘ਚ ਚੈਕਿੰਗ ਮੁਹਿੰਮ ਛੇੜੀ, ਇੱਕ ਸ਼ੱਕੀ ਆਦਮੀ ਅਤੇ ਦੋ ਸ਼ੱਕੀ ਔਰਤਾਂ ਨੂੰ ਹਿਰਾਸਤ ਵਿੱਚ ਲਿਆ

ਗੁਰਦਾਸਪੁਰ, 9 ਜੁਲਾਈ (ਮੰਨਣ ਸੈਣੀ)। ਸ਼ਨੀਵਾਰ ਨੂੰ ਡੀਜੀਪੀ ਪੰਜਾਬ ਦੇ ਨਿਰਦੇਸ਼ਾਂ ‘ਤੇ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਵੱਲੋਂ ਐਸਐਸਪੀ ਗੁਰਦਾਸਪੁਰ ਦੀ ਅਗਵਾਈ ਹੇਠ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ। ਜਿਸ ਦੇ ਚਲਦਿਆਂ ਦੀਨਾਨਗਰ ਦੇ ਅਵਾਂਖਾ, ਪਨਿਆੜ ਅਤੇ ਪਿੰਡ ਡੀਡਾ ਸਾਂਸੀਆਂ ਵਿਚ ਕਰੀਬ 350 ਪੁਲਿਸ ਮੁਲਾਜ਼ਮਾਂ ਨੇ ਸ਼ਕੀ ਨਸ਼ਾ ਤਸਕਰਾਂ, ਐਨ.ਡੀ.ਪੀ.ਐਕਟ ਦੇ ਮੁਕੱਦਮੇ ਵਿੱਚ ਲਿਪਟ ਦੋਸ਼ੀਆਂ ਦੇ ਘਰਾਂ ਵਿੱਚ ਦਸਤਕ ਦਿੱਤੀ | ਇਸ ਦੌਰਾਨ ਪੁਲਿਸ ਨੇ ਇੱਕ ਸ਼ੱਕੀ ਆਦਮੀ ਅਤੇ ਦੋ ਸ਼ੱਕੀ ਔਰਤਾਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ ਅਤੇ ਸਾਮਾਨ ਜਬਤ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਗੁਰਦਾਸਪੁਰ ਹਰਜੀਤ ਸਿੰਘ ਨੇ ਦੱਸਿਆ ਕਿ ਐੱਸਪੀ (ਡੀ) ਮੁਕੇਸ਼ ਕੁਮਾਰ ਦੀ ਦੇਖ-ਰੇਖ ਹੇਠ 6 ਰਿਜ਼ਰਵ ਦੀਆਂ ਦੋ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ। ਜਿਸ ਵਿੱਚ 350 ਦੇ ਕਰੀਬ ਪੁਲਿਸ ਮੁਲਾਜ਼ਮ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਸਰਚ ਅਭਿਆਨ ਦੌਰਾਨ ਦੀਨਾਨਗਰ ਇਲਾਕੇ ਦੇ ਪਿੰਡ ਅਵਾਂਖਾ, ਪਨਿਆੜ, ਡੀਡਾ ਸਾਂਸੀਆ ਵਿੱਚ ਸਮਾਜ ਵਿਰੋਧੀ ਅਨਸਰਾਂ ਅਤੇ ਸ਼ੱਕੀ ਵਿਅਕਤੀਆਂ ਅਤੇ ਐਨਡੀਪੀਐਸ ਐਕਟ ਦੇ ਕੇਸ ਵਿੱਚ ਸ਼ਾਮਲ ਵਿਅਕਤੀਆਂ ਦੇ ਘਰਾਂ ’ਤੇ ਅਚਨਚੇਤ ਛਾਪੇਮਾਰੀ ਕੀਤੀ ਗਈ।

ਚੈਕਿੰਗ ਦੌਰਾਨ ਇਕ ਦੋਸ਼ੀ ਦੇ ਘਰੋਂ 10 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ਅਤੇ ਉਸ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਗਿਆ। ਇਸ ਤੋਂ ਇਲਾਵਾ ਤਲਾਸ਼ੀ ਦੌਰਾਨ 1 ਸ਼ੱਕੀ ਪੁਰਸ਼ ਅਤੇ 2 ਔਰਤਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ 63,300 ਰੁਪਏ, 13 ਮੋਟਰਸਾਈਕਲ, 6 ਸਕੂਟਰ, 14 ਮੋਬਾਈਲ ਫ਼ੋਨ, 3 ਬੈਂਕ ਦੀਆਂ ਕਾਪੀਆਂ ਅਤੇ 4 ਏ.ਟੀ.ਐਮ ਕਾਰਡ ਬਰਾਮਦ ਹੋਏ | ਜਿਸ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।

Exit mobile version