ਨਗਰ ਕੌਂਸਲ ਨੇ ਮੀਂਹ ਤੋਂ ਪਹਿਲਾਂ ਸ਼ੁਰੂ ਕਰਵਾਈ ਸ਼ਹਿਰ ਦੇ ਨਾਲਿਆਂ ਦੀ ਸਫ਼ਾਈ

ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਹਰ ਸਾਲ ਡਰੇਨਾਂ ਦੀ ਕਰਵਾਈ ਜਾਂਦੀ ਹੈ ਸਫ਼ਾਈ -ਪਾਹੜਾ

ਗੁਰਦਾਸਪੁਰ, 1 ਜੁਲਾਈ (ਮੰਨਣ ਸੈਣੀ)। ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਨਗਰ ਕੌਂਸਲ ਵੱਲੋਂ ਸ਼ਹਿਰ ਦੀਆਂ ਨਾਲੀਆਂ ਦੀ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਦਾ ਉਦਘਾਟਨ ਸੰਗਲਪੁਰਾ ਰੋਡ ਤੋਂ ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਾਸਲ ਦੇ ਈ.ਓ ਅਸ਼ੋਕ ਕੁਮਾਰ, ਨਗਰ ਕੌਸਲ ਦੇ ਉਪ ਪ੍ਰਧਾਨ ਰਾਣੀ ਅਤੇ ਸੈਨੇਟਰੀ ਇੰਸਪੈਕਟਰ ਰਿੰਕੂ ਭੱਟੀ ਵੀ ਹਾਜ਼ਰ ਸਨ।

ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹਡਾ ਨੇ ਦੱਸਿਆ ਕਿ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਅਗਵਾਈ ਵਿੱਚ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਹਰ ਸਾਲ ਬਰਸਾਤ ਦੇ ਮੌਸਮ ਤੋਂ ਪਹਿਲਾਂ ਸ਼ਹਿਰ ਵਿੱਚ ਪੈਂਦੇ ਵੱਖ-ਵੱਖ ਡਰੇਨਾਂ ਦੀ ਸਫ਼ਾਈ ਕਰਵਾਈ ਜਾਂਦੀ ਹੈ ਤਾਂ ਜੋ ਬਰਸਾਤਾਂ ਦੌਰਾਨ ਲੋਕਾਂ ਨੂੰ ਪਾਣੀ ਦੇ ਖੜੋਤ ਦੀ ਸਮੱਸਿਆ ਦਾ ਸਾਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਡਰੇਨਾਂ ਦੀ ਸਫਾਈ ਕਰਕੇ ਲੋਕਾਂ ਨੂੰ ਕਾਫੀ ਫਾਇਦਾ ਹੋਇਆ ਹੈ। ਜਿਸ ਕਾਰਨ ਇਸ ਵਾਰ ਵੀ ਡਰੇਨਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਲਗਾਤਾਰ ਜਾਰੀ ਰਹੇਗਾ ਅਤੇ ਪੂਰੇ ਸ਼ਹਿਰ ਦੀਆਂ ਨਾਲੀਆਂ ਦੀ ਸਫ਼ਾਈ ਕਰਵਾ ਕੇ ਹੀ ਮੁਕੰਮਲ ਕੀਤਾ ਜਾਵੇਗਾ।

ਨਗਰ ਕੌਂਸਲ ਦੇ ਈਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੀਆਂ ਨਾਲੀਆਂ ਦੀ ਸਫ਼ਾਈ ਲਈ 30 ਵਿਅਕਤੀਆਂ ਦੀ ਟੀਮ ਬਣਾਈ ਗਈ ਹੈ। ਉਕਤ ਟੀਮ ਵੱਲੋਂ ਸੰਗਲਪੁਰਾ ਰੋਡ ਤੋਂ ਡਰੇਨਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਦੌਰਾਨ ਲੋਕਾਂ ਨੂੰ ਕੁਝ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਸ ਕਾਰਜ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਨਕੁਲ ਮਹਾਜਨ, ਕਾਰੀ ਆਦਿ ਹਾਜ਼ਰ ਸਨ।

Exit mobile version