ਗੁਰਦਾਸਪੁਰ ਦੇ ਦੋ ਭਰਾਵਾਂ ਨੇ ਜੂਡੋ ਵਿੱਚ ਮੈਡਲ ਜਿੱਤ ਪੰਜਾਬ ਦਾ ਨਾਮ ਕੀਤਾ ਰੌਸ਼ਨ: ਖੇਲੋ ਇੰਡੀਆ ਯੂਥ ਖੇਡਾਂ ਵਿੱਚ ਸਕੂਟਰ ਮਕੈਨਿਕ ਦੇ ਪੁੱਤਰਾਂ ਨੇ ਜਿੱਤਿਆ ਸਿਲਵਰ ਅਤੇ ਬ੍ਰੋਨਜ਼

ਗੁਰਦਾਸਪੁਰ 13 ਜੂਨ (ਮੰਨਣ ਸੈਣੀ)। ਪੰਚਕੂਲਾ ਵਿਖੇ ਖੇਲੋ ਇੰਡੀਆ ਯੂਥ ਖੇਡਾਂ ਜੂਡੋ ਵਿੱਚ ਗੁਰਦਾਸਪੁਰ ਦੇ ਜੂਡੋਕਾ ਸਾਗ਼ਰ ਸ਼ਰਮਾ 60 ਕਿਲੋਗ੍ਰਾਮ ਭਾਰ ਵਰਗ ਵਿੱਚ ਬ੍ਰੋਨਜ਼ ਅਤੇ ਉਸ ਦੇ ਛੋਟੇ ਭਰਾ ਚਿਰਾਗ ਸ਼ਰਮਾ ਨੇ 73 ਕਿਲੋਗ੍ਰਾਮ ਭਾਰ ਵਰਗ ਵਿੱਚ ਚਾਂਦੀ ਦਾ ਮੈਡਲ ਜਿੱਤ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਖੇਲੋ ਇੰਡੀਆ ਦੇ ਜੂਡੋ ਖੇਡ ਮੁਕਾਬਲੇ 10 ਜੂਨ ਤੋਂ 13 ਜੂਨ ਤੱਕ ਹੋਏ ਜਿਸ ਵਿਚ ਸਮੁੱਚੇ ਭਾਰਤ ਦੀਆਂ 25 ਟੀਮਾਂ ਨੇ ਭਾਗ ਲਿਆ। ਉਕਤ ਦੋਵੇ ਭਰਾਂ ਮੁਹੱਲਾ ਪ੍ਰੇਮਨਗਰ ਗੁਰਦਾਸਪੁਰ ਦੇ ਨਿਵਾਸੀ ਸਕੂਟਰ ਮਕੈਨਿਕ ਰਾਜੇਸ਼ ਕੁਮਾਰ ਦੇ ਬੇਟੇ ਹਨ। ਜੋਂ ਗਰੀਬੀ ਦੀ ਹਾਲਤ ਵਿੱਚ ਵੀ ਆਪਣੇ ਬੱਚਿਆਂ ਨੂੰ ਕਰਜ਼ਾ ਚੁੱਕ ਕੇ ਅੰਤਰਰਾਸ਼ਟਰੀ ਪੱਧਰ ਤੇ ਮੈਡਲ ਜਿਤਕੇ ਦੇਸ਼ ਦਾ ਨਾਮ ਰੌਸ਼ਨ ਕਰਨ ਦਾ ਸੁਪਨਾ ਸੰਜੋਈ ਬੈਠਾ ਹੈ। ਪੱਤਰਾਂ ਵੱਲੋਂ ਮੈਡਲ ਜਿੱਤ ਕੇ ਲਿਆਉਣ ਨਾਲ ਉਸ ਦੇ ਇਰਾਦਿਆਂ ਨੂੰ ਹੋਰ ਮਜਬੂਤੀ ਮਿਲੀ ਹੈ। ਦੱਸਣਯੋਗ ਹੈ ਕਿ ਪਿਛਲੇ ਦੋ ਸਾਲ ਪਹਿਲਾਂ ਇਹਨਾਂ ਭਰਾਵਾਂ ਦੀ ਚੋਣ ਕਾਮਨਵੈਲਥ ਜੂਡੋ ਚੈਂਪੀਅਨਸ਼ਿਪ ਬਰਮਿੰਘਮ ਇੰਗਲੈਂਡ ਦੀ ਹੋਈ ਸੀ। ਪਰ ਬਣਦਾ ਖਰਚਾ ਨਾ ਹੋਣ ਕਰਕੇ ਇਹ ਸੁਪਨਾ ਪੂਰਾ ਨਹੀਂ ਹੋ ਸਕਿਆ।

ਇਸ ਸੰਬੰਧੀ ਜਾਣਕਾਰੀ ਦੇਂਦੇ ਹੋਏ ਸ਼ਹੀਦ ਭਗਤ ਸਿੰਘ ਜੂਡੋ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਭਿਆਨਕ ਦੌਰ ਤੋਂ ਰਾਹਤ ਮਿਲਣ ਬਾਅਦ ਜੂਡੋ ਖਿਡਾਰੀਆਂ ਲਈ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ। ਇਹਨਾਂ ਬੱਚਿਆਂ ਦੀ ਪ੍ਰਾਪਤੀਆਂ ਤੇ ਮਾਣ ਮਹਿਸੂਸ ਕਰਦੇ ਹੋਏ ਜ਼ਿਲ੍ਹਾ ਜੂਡੋਕਾ ਵੈਲਫੇਅਰ ਸੁਸਾਇਟੀ ਦੇ ਜਰਨਲ ਸਕੱਤਰ ਸਤੀਸ਼ ਕੁਮਾਰ, ਪੰਜਾਬ ਜੂਡੋ ਐਸੋਸੀਏਸ਼ਨ ਦੇ ਪ੍ਰਧਾਨ ਬਿਕਰਮ ਪ੍ਰਤਾਪ ਸਿੰਘ ਬਾਜਵਾ ਅਤੇ ਦੇਵ ਸਿੰਘ ਧਾਲੀਵਾਲ ਨੇ ਮੈਡਲ ਜੇਤੂ ਖਿਡਾਰੀਆਂ ਅਤੇ ਕੋਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਵਿੱਖ ਵਿਚ ਵੀ ਇਹ ਖਿਡਾਰੀ ਪੰਜਾਬ ਦਾ ਨਾਂ ਰੌਸ਼ਨ ਕਰਦੇ ਰਹਿਣਗੇ ਇਹ ਵਰਨਣਯੋਗ ਹੈ ਕਿ ਪੰਜਾਬ ਦੇ ਜੂਡੋ ਖਿਡਾਰੀਆਂ ਨੇ ਰਾਸ਼ਟਰੀ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੇ ਵਿਸ਼ੇਸ਼ ਪਹਿਚਾਣ ਬਣਾਈ ਹੈ।

ਉਧਰ ਜੂਡੋ ਖਿਡਾਰੀ ਸਾਗ਼ਰ ਸ਼ਰਮਾ ਨੇ ਗੋਲਡ ਮੈਡਲ ਨਾ ਪ੍ਰਾਪਤ ਹੋਣ ਤੇ ਅਫਸੋਸ ਪ੍ਰਗਟ ਕਰਦਿਆਂ ਅਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸਦੀ ਸਿਲੈਕਸਨ ਖੇਲੋ ਇੰਡੀਆ ਸੈਂਟਰ ਪਟਿਆਲਾ ਦੀ ਹੋਈ ਸੀ। ਪਰ ਉਸਨੂੰ ਧੱਕੇ ਨਾਲ ਸਾਈਂ ਸੈਂਟਰ ਭੋਪਾਲ ਵਿਖੇ ਹਾਜ਼ਰ ਕਰਵਾਉਣ ਦੀ ਸਾਜ਼ਿਸ਼ ਰਚੀ ਗਈ। ਉਸਦੇ ਭੋਪਾਲ ਖੇਲੋ ਇੰਡੀਆ ਸੈਂਟਰ ਵਿਚ ਦਾਖਲਾ ਲੈਣ ਤੋਂ ਇਨਕਾਰ ਕਰਨ ਤੇ ਉਸ ਤੋਂ ਘੱਟ ਮੈਰਿਟ ਵਾਲੇ ਖਿਡਾਰੀਆਂ ਨੂੰ ਸਿਲੈਕਟ ਕਰ ਲਿਆ ਗਿਆ ਅਤੇ ਉਸ ਨੂੰ ਉੜੀਕ ਸੂਚੀ ਵਿਚ ਸ਼ਾਮਿਲ ਕਰ ਲਿਆ ਗਿਆ।

ਸ਼ਕਰਗੜ੍ਹ ਡੀ ਏ ਵੀ ਸਕੂਲ ਗੁਰਦਾਸਪੁਰ ਵਿਚ ਬਾਰਵੀਂ ਜਮਾਤ ਵਿਚ ਪੜ੍ਹਦਿਆਂ ਚਿਰਾਗ ਸ਼ਰਮਾ ਨੇ ਸਿਲਵਰ ਮੈਡਲ ਜਿੱਤਕੇ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਦਾ ਮਾਣ ਵਧਾਇਆ ਹੈ। ਉਹਨਾਂ ਦੇ ਕੋਚ ਰਵੀ ਕੁਮਾਰ ਦਾ ਕਹਿਣਾ ਹੈ ਕਿ ਹੁਣ ਇਹ ਖਿਡਾਰੀ 20 ਜੂਨ ਤੋਂ 22 ਜੂਨ ਤੱਕ ਦਿੱਲੀ ਵਿਖੇ ਹੋ ਰਹੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਹੋ ਰਹੇ ਸਿਲੈਕਸਨ ਟਰਾਇਲਾਂ ਵਿਚ ਭਾਗ ਲੈਣਗੇ। ਉਮੀਦ ਹੈ ਕਿ ਸਾਗ਼ਰ ਸ਼ਰਮਾ, ਚਿਰਾਗ ਸ਼ਰਮਾ ਆਪਣੀ ਖੇਡ ਪ੍ਰਤਿਭਾ ਵਧੀਆ ਪ੍ਰਦਰਸ਼ਨ ਕਰਨ ਵਿਚ ਕਾਮਯਾਬ ਹੋਣਗੇ। ਗੁਰਦਾਸਪੁਰ ਜੂਡੋਕਾ ਵੈਲਫੇਅਰ ਸੁਸਾਇਟੀ ਦੇ ਮੈਂਬਰ ਨਵੀਨ ਸਲਗੋਤਰਾ, ਵਰਿੰਦਰ ਸਿੰਘ ਸੰਧੂ, ਕਪਿਲ ਕੌਂਸਲ, ਰਾਜ ਕੁਮਾਰ, ਪ੍ਰਿੰਸੀਪਲ ਅਮਰਜੀਤ ਸਿੰਘ ਮਨੀ, ਮੈਡਮ ਬਲਵਿੰਦਰ ਕੌਰ ਰਾਵਲਪਿੰਡੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

Exit mobile version