ਨਜ਼ਾਰੇ ਚ ਟਰਾਂਸਪੋਰਟ ਮੰਤਰੀ: ਚੱਲਦੀ ਗੱਡੀ ਦੇ ਸਨਰੂਫ ਤੋਂ ਨਿਕਲੇ ਬਾਹਰ: ਸੁਰੱਖਿਆ ਚ ਤੈਨਾਤ ਦੋ ਮੁਲਾਜ਼ਿਮਾ ਦੀ ਜਾਨ ਨੂੰ ਖ਼ਤਰੇ ਵਿੱਚ ਪਾਇਆ, ਮੰਤਰੀ ਦਾ ਕਹਿਣਾ ਪੁਰਾਣੀ ਹੈ ਵੀਡੀਓ

ਚੰਡੀਗੜ੍ਹ, 10 ਜੂਨ (ਦ ਪੰਜਾਬ ਵਾਇਰ) ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਖਤਰਨਾਕ ਸਟੰਟ ਸਾਹਮਣੇ ਆਇਆ ਹੈ। ਉਹ ਆਪਣੀ ਐਂਡੇਵਰ ਗੱਡੀ ਦੇ ਸਨਰੂਫ ਤੋਂ ਆਪਣਾ ਹੱਥ ਹਿਲਾਉਂਦਾ ਦਿਖਾਈ ਦੇ ਰਹੇ ਹਨ। ਇਹ ਵੀਡੀਓ ਨੈਸ਼ਨਲ ਹਾਈਵੇ ਦਾ ਦੱਸਿਆ ਜਾ ਰਿਹਾ ਹੈ। ਕਾਰ ਤੇਜ਼ ਰਫਤਾਰ ਨਾਲ ਜਾ ਰਹੀ ਹੈ ਅਤੇ ਉਸ ਦੇ ਦੋ ਗੰਨਮੈਨ ਵੀ ਕਾਰ ਦੇ ਦਰਵਾਜ਼ੇ ਖੋਲ੍ਹ ਕੇ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਬਾਹਰ ਲਟਕ ਰਹੇ ਹਨ।

ਇਸ ਮਾਮਲੇ ਵਿੱਚ ਮੰਤਰੀ ਲਾਲਜੀਤ ਭੁੱਲਰ ਦਾ ਕਹਿਣਾ ਹੈ ਕਿ ਇਹ ਵੀਡੀਓ ਪੁਰਾਣੀ ਹੈ। ਇਹ ਵੀਡੀਓ ਚੋਣ ਜਿੱਤਣ ‘ਤੇ ਬਣਾਈ ਗਈ ਸੀ। ਹਾਲਾਂਕਿ ਉਹਨਾਂ ਨਾਲ ਚੱਲ ਰਹੀ ਪਾਈਲਟ ਗੱਡੀ ਅਤੇ ਸੁਰੱਖਿਆ ਕਰਮਚਾਰਿਆਂ ਦਾ ਅਮਲਾ, ਪਾਇਲਟਾਂ ਦਾ ਅੱਗੇ ਪਿਛੇ ਚਲਣਾ ਉਨ੍ਹਾਂ ਦੇ ਇਸ ਦਾਅਵੇ ‘ਤੇ ਵੀ ਸਵਾਲ ਖੜ੍ਹੇ ਕਰ ਰਿਹਾ ਹੈ।

ਵੀਡੀਓ ਸੰਬੰਧੀ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਇਹ ਵੀਡੀਓ ਕਰੀਬ 3 ਮਹੀਨੇ ਪੁਰਾਣੀ ਹੈ। ਜਦੋਂ ਅਸੀਂ ਚੋਣ ਜਿੱਤ ਕੇ ਵਾਪਸ ਆ ਰਹੇ ਸੀ। ਮੰਤਰੀ ਨੇ ਕਿਹਾ ਕਿ ਜਦੋਂ ਮੈਂ ਜਿੱਤਿਆ ਤਾਂ ਹੀ ਮੈਨੂੰ ਹਾਰ ਪਾ ਦਿੱਤਾ ਗਿਆ। ਉਸ ਤੋਂ ਬਾਅਦ ਮੈਨੂੰ ਕਦੇ ਹਾਰ ਨਹੀਂ ਦਿੱਤਾ ਗਿਆ। ਉਧਰ, ਮੰਤਰੀ ਦੇ ਸਾਹਮਣੇ ਦੋ ਪਾਇਲਟ ਜਿਪਸੀ ਚਲਾਉਣ ਬਾਰੇ ਪੁੱਛੇ ਜਾਣ ‘ਤੇ ਮੰਤਰੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਉਸ ਸਮੇਂ ਮੈਨੂੰ ਡਰਾਪ ਕਰਨ ਆਇਆ ਸੀ | ਇਹ ਉਸਦੀਆਂ ਕਾਰਾਂ ਸਨ। ਹਾਲਾਂਕਿ ਚੁਣੇ ਹੋਏ ਨੁਮਾਇੰਦੇ ਹੋਣ ਦੇ ਬਾਵਜੂਦ ਅਜਿਹੇ ਸਟੰਟ ਕਰਨ ਦੇ ਸਵਾਲ ‘ਤੇ ਮੰਤਰੀ ਨੇ ਕਿਹਾ ਕਿ ਜੇਕਰ ਕੁਝ ਗਲਤ ਹੋਇਆ ਹੈ ਤਾਂ ਉਹ ਮੁਆਫੀ ਮੰਗਦੇ ਹਨ।

ਉਧਰ ਇਸ ਸੰਬੰਧੀ ਨੈਸ਼ਨਲ ਰੋਡ ਸੇਫਟੀ ਕੌਂਸਲ ਦੇ ਮੈਂਬਰ ਡਾ: ਕਮਲਜੀਤ ਸੋਈ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਦੀ ਜੋ ਵੀਡੀਓ ਆਈ ਹੈ, ਉਹ ਮੋਟਰ ਵਹੀਕਲ ਐਕਟ ਦੀ ਉਲੰਘਣਾ ਹੈ। ਇਹ ਮੋਟਰ ਵਹੀਕਲ ਐਕਟ ਦੀ ਧਾਰਾ 184F ਅਧੀਨ ਆਉਂਦਾ ਹੈ। ਇਸ ਵਿੱਚ ਟਰਾਂਸਪੋਰਟ ਮੰਤਰੀ ਅਤੇ ਉਨ੍ਹਾਂ ਦੇ ਗੰਨਮੈਨਾਂ ਨੂੰ ਇੱਕ ਸਾਲ ਦੀ ਕੈਦ ਹੋ ਸਕਦੀ ਹੈ। ਜੁਰਮਾਨਾ 1 ਹਜ਼ਾਰ ਤੋਂ 10 ਹਜ਼ਾਰ ਰੁਪਏ ਤੱਕ ਵੀ ਹੋ ਸਕਦਾ ਹੈ। ਜੇਕਰ ਇਨਫੋਰਸਮੈਂਟ ਏਜੰਸੀਆਂ ਚਾਹੁਣ ਤਾਂ ਕਈ ਜੁਰਮਾਨੇ ਹੋਰ ਵੀ ਵੱਧ ਹੋ ਸਕਦੇ ਹਨ। ਇਹ ਦਿਖਾ ਕੇ ਮੰਤਰੀ ਨਾ ਸਿਰਫ਼ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ, ਸਗੋਂ ਹੋਰ ਲੋਕਾਂ ਨੂੰ ਵੀ ਅਜਿਹਾ ਖ਼ਤਰਾ ਉਠਾਉਣ ਲਈ ਪ੍ਰੇਰਿਤ ਕਰ ਰਿਹਾ ਹੈ। ਇਹ ਸੜਕੀ ਵਿਵਹਾਰ ਚੰਗਾ ਨਹੀਂ ਹੈ।

Exit mobile version