ਵਿਧਾਇਕ ਸ਼ੈਰੀ ਕਲਸੀ ਨੇ ਬਰਸਾਤਾਂ ਦੇ ਮੱਦੇਨਜ਼ਰ ਹੰਸਲੀ ਨਾਲੇ ਦੀ ਸਫ਼ਾਈ ਸ਼ੁਰੂ ਕਰਵਾਈ

ਬਟਾਲਾ ਸ਼ਹਿਰ ਵਿੱਚ ਸੀਵਰੇਜ ਤੇ ਜਲ-ਸਪਲਾਈ ਦਾ ਪ੍ਰੋਜੈਕਟ 85 ਫੀਸਦੀ ਮੁਕੰਮਲ ਹੋਇਆ – ਵਿਧਾਇਕ ਸ਼ੈਰੀ ਕਲਸੀ

ਬਟਾਲਾ, 6 ਜੂਨ (ਮੰਨਣ ਸੈਣੀ) । ਆਉਣ ਵਾਲੇ ਬਰਸਾਤੀ ਮੌਸਮ ਦੇ ਮੱਦੇਨਜ਼ਰ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਵੱਲੋਂ ਅੱਜ  ਬਟਾਲਾ ਸ਼ਹਿਰ ਵਿਚੋਂ ਲੰਘਦੇ ਹੰਸਲੀ ਨਾਲੇ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਹੰਸਲੀ ਨਾਲੇ ਦੀ ਸਫ਼ਾਈ ਦੇ ਕੰਮ ਦੀ ਸ਼ੁਰੂਆਤ ਕਰਦੇ ਹੋਏ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਬਰਸਾਤੀ ਮੌਸਮ ਦੌਰਾਨ ਪਾਣੀ ਦੀ ਨਿਕਾਸੀ ਦੀ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਵਿੱਚੋਂ ਲੰਘਦੇ ਹੰਸਲੀ ਨਾਲੇ ਦੀ ਜਿਥੇ ਸਾਈਡ ਲਾਈਨਿੰਗ ਹੋਈ ਹੈ ਓਥੇ ਮਜ਼ਦੂਰ ਲਗਾ ਕੇ ਮੈਨੂਅਲੀ ਸਫ਼ਾਈ ਕਰਵਾਈ ਜਾ ਰਹੀ ਹੈ ਜਦਕਿ ਬਾਕੀ ਹਿੱਸੇ ਵਿੱਚ ਮਸ਼ੀਨ ਨਾਲ ਸਫ਼ਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਹੰਸਲੀ ਨਾਲੇ ਵਿੱਚੋਂ ਬੂਟੀ ਦੀ ਸਫਾਈ ਹੋਣ ਨਾਲ ਬਰਸਾਤੀ ਪਾਣੀ ਦਾ ਨਿਕਾਸ ਨਿਰਵਿਘਨ ਹੋ ਸਕੇਗਾ ਅਤੇ ਹੜ੍ਹਾਂ ਦਾ ਖਤਰਾ ਟਲ ਜਾਵੇਗਾ। ਵਿਧਾਇਕ  ਕਲਸੀ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੰਸਲੀ ਨਾਲੇ ਦੀ ਸਫ਼ਾਈ ਦਾ ਕੰਮ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਹਰ ਹੀਲੇ ਮੁਕੰਮਲ ਕਰ ਲਿਆ ਜਾਵੇ।

ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਟਾਲਾ ਸ਼ਹਿਰ ਦੇ ਵਿਕਾਸ ਲਈ ਯਤਨ ਲਗਾਤਾਰ ਜਾਰੀ ਹਨ ਅਤੇ ਸੀਵਰੇਜ ਅਤੇ ਵਾਟਰ ਸਪਲਾਈ ਦਾ ਪ੍ਰੋਜੈਕਟ 85 ਫੀਸਦੀ ਤੋਂ ਵੱਧ ਮੁਕੰਮਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰੋਂ ਬਾਹਰਵਾਰ ਬਣ ਰਹੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਪ੍ਰੋਜੈਕਟ ਵੀ 90 ਫੀਸਦੀ ਦੇ ਕਰੀਬ ਮੁਕੰਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਸੜਕਾਂ ਅਤੇ ਗਲੀਆਂ ਵਿੱਚ ਸੀਵਰੇਜ ਦਾ ਪ੍ਰੋਜੈਕਟ ਮੁਕੰਮਲ ਹੋ ਗਿਆ ਹੈ ਓਥੇ ਸੜਕਾਂ ਤੇ ਗਲੀਆਂ ਨੂੰ ਬਣਾਉਣ ਦਾ ਕੰਮ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਕੇ ਇਸਨੂੰ ਸੂਬੇ ਦਾ ਬੇਹਤਰੀਨ ਸ਼ਹਿਰ ਬਣਾਇਆ ਜਾਵੇਗਾ।

ਇਸ ਮੌਕੇ ਡਰੇਨਜ਼ ਵਿਭਾਗ ਦੇ ਐਕਸੀਅਨ ਚਰਨਜੀਤ ਸਿੰਘ, ਐੱਸ.ਡੀ.ਓ. ਕਾਬਲ ਸਿੰਘ, ਮਨਜੀਤ ਸਿੰਘ, ਬਲਜੀਤ ਸਿੰਘ, ਸੁਖਜਿੰਦਰ ਸਿੰਘ, ਮਲਕੀਤ ਸਿੰਘ ਬਾਠ, ਪੀ.ਏ. ਉਪਦੇਸ਼ ਕੁਮਾਰ, ਹਰਪਾਲ ਸਿੰਘ, ਮਾਣਕ ਮਹਿਤਾ, ਦਲਜੀਤ ਸਿੰਘ ਬਮਰਾਹ,  ਸਰਬਜੀਤ ਸਿੰਘ, ਰਾਜੇਸ਼ ਸ਼ਰਮਾਂ, ਨਿੱਕੂ ਹੰਸਪਾਲ ਆਦਿ ਮੌਜੂਦ ਸਨ।

Exit mobile version