ਵੱਡਾ ਸਵਾਲ- ਕੀ ਛਾਉਣੀਆਂ ‘ਚ ਵੀ ਹੋ ਰਹੀ ਹੈ ਨਸ਼ਿਆਂ ਦੀ ਸਪਲਾਈ ?

ਤਿੱਬੜੀ ਛਾਉਣੀ ਵਿੱਚ ਕੰਮ ਕਰਨ ਵਾਲੇ ਵਿਅਕਤੀ ਕੋਲੋ ਬਾਹਰੋਂ 200 ਨਸ਼ੀਲੇ ਕੈਪਸੂਲ ਹੋਏ ਬਰਾਮਦ

ਪੰਦਰਾਂ ਦਿਨਾਂ ‘ਚ ਦੂਜਾ ਮਾਮਲਾ ਆਇਆ ਸਾਹਮਣੇ, ਪਹਿਲਾ ਛਾਉਣੀ ਅੰਦਰ ਕੰਮ ਕਰਦਾ ਟੇਲਰ ਹੋਇਆ ਸੀ ਗ੍ਰਿਫਤਾਰ

ਗੁਰਦਾਸਪੁਰ 2 ਜੂਨ (ਮੰਨਣ ਸੈਣੀ) ਕੀ ਛਾਉਣੀਆਂ ਅੰਦਰ ਵੀ ਨਸ਼ੇ ਦੇ ਤਸਕਰਾਂ ਨੇ ਆਪਣਾ ਨੈਟਵਰਕ ਬਣਾ ਲਿਆ ਹੈ ਅਤੇ ਕੀ ਛਾਉਣੀਆਂ ਵਿੱਚ ਵੀ ਨਸ਼ਿਆਂ ਦੀ ਸਪਲਾਈ ਲਗਾਤਾਰ ਹੋ ਰਹੀ ਹੈ? ਇਹ ਇਸ ਸਮੇਂ ਦਾ ਵੱਡਾ ਅਹਿਮ ਸਵਾਲ ਹੈ। ਜਿਸ ਦਾ ਕਾਰਨ ਹੈ ਮਿਲੇਟ੍ਰੀ ਇੰਟੇਲਿਜੈਂਸ (ਗੁਰਦਾਸਪੁਰ) ਵਲੋਂ ਵਾਰ-ਵਾਰ ਖਤਰੇ ਦਾ ਘੰਟੀ ਵਜਾਉਣਾ ਕਿ ਛਾਉਣੀਆਂ ਵਿਚ ਬਾਹਰੋਂ ਆ ਕੇ ਕੰਮ ਕਰਨ ਵਾਲੇ ਲੋਕ ਨਸ਼ਾ ਤਸਕਰੀ ਕਰ ਰਹੇ ਹਨ। ਜਿਸ ਤੋਂ ਉਹਨਾਂ ਨੂੰ ਵੱਡਾ ਖਦਸਾ ਦਿੱਖ ਰਿਹਾ ਹੈ ਅਤੇ ਏਜੰਸੀਆਂ ਇਸ ਤੇ ਪੈਣੀ ਨਜ਼ਰ ਜਮਾਏ ਰੱਖ ਰਹੀਆਂ ਹਨ। ਤਾਜਾ ਮਾਮਲੇ ਵਿੱਚ ਮਿਲੇਟ੍ਰੀ ਦੀ ਖੂਫਿਆ ਏਜੰਸੀ ਵੱਲੋਂ ਦਿੱਤੀ ਗਈ ਸੂਹ ‘ਤੇ ਹੀ ਥਾਣਾ ਤਿੱਬਤ ਦੀ ਪੁਲਸ ਨੇ ਬੁਧਵਾਰ ਦੀ ਰਾਤ 12 ਵਜੇ ਦੇ ਕਰੀਬ ਇਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਉਕਤ ਨਸ਼ਾ ਤਸਕਰ ਕੋਲੋਂ 200 ਨਸ਼ੀਲੇ ਕੈਪਸੂਲ ਫੜੇ ਗਏ ਹਨ ਅਤੇ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਤਿੱਬੜੀ ਛਾਉਣੀ ਵਿੱਚ ਮਜ਼ਦੂਰੀ ਦਾ ਕੰਮ ਕਰ ਰਿਹਾ ਸੀ। ਮਹਿਜ਼ 15 ਦਿਨਾਂ ਦੇ ਅੰਦਰ ਹੀ ਇਹ ਦੂਜਾ ਮੁਲਜ਼ਮ, ਜੋ ਕਿ ਤਿੱਬੜੀ ਛਾਉਣੀ ਵਿੱਚ ਕੰਮ ਕਰਦਾ ਸੀ ਅਤੇ ਜਿਸ ਦਾ ਛਾਉਣੀ ਵਿੱਚ ਆਉਣਾ ਜਾਣਾ ਸੀ ਵੱਡੇ ਸਵਾਲ ਖੜੇ ਕਰ ਰਿਹਾ ਅਤੇ ਕਰੜੀ ਘੋਖ ਦੀ ਮੰਗ ਕਰ ਰਿਹਾ। ਇਸ ਤੋਂ ਪਹਿਲਾਂ ਥਾਣਾ ਪੁਰਾਣਾ ਸ਼ਾਲਾ ਦੀ ਪੁਲੀਸ ਨੇ ਉਕਤ ਏਜੰਸੀ ਦੇ ਨਿਸ਼ਾਨਦੇਹੀ ’ਤੇ ਹੀ ਛਾਉਣੀ ਵਿੱਚ ਕੰਮ ਕਰਦੇ ਇੱਕ ਦਰਜ਼ੀ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਸ ਸਬੰਧੀ ਥਾਣਾ ਤਿੱਬੜ ਦੇ ਇੰਚਾਰਜ ਅਮਰੀਕ ਸਿੰਘ ਨੇ ਦੱਸਿਆ ਕਿ ਮਿਲੇਟ੍ਰੀ ਦੀ ਖੁਫੀਆ ਇੰਟੈਲਿਜੈਂਸ (ਗੁਰਦਾਸਪੁਰ) ਦੀਆਂ ਨਿਸ਼ਾਨਦੇਹੀ ‘ਤੇ ਪੁਲਸ ਨੇ ਤਿੱਬੜ ਤੋਂ ਬੱਬਰੀ ਨੰਗਲ ਰੋਡ ਨੇੜੇ ਇਕ ਵਿਅਕਤੀ ਨੂੰ 200 ਨਸ਼ੀਲੇ ਕੈਪਸੂਲ ਸਮੇਤ ਕਾਬੂ ਕੀਤਾ ਹੈ। ਉਕਤ ਨੌਜਵਾਨ ਆਪਣੇ ਸਪਲੈਂਡਰ ਮੋਟਰ ਸਾਈਕਲ ‘ਤੇ ਜਾ ਰਿਹਾ ਸੀ। ਉਕਤ ਨੌਜਵਾਨ ਦੀ ਪਛਾਣ ਪਤਰਸ ਉਰਫ ਪ੍ਰਿੰਸ ਪੁੱਤਰ ਪ੍ਰੇਮ ਪਾਲ ਵਾਸੀ ਗੁਰਦਾਸ ਨੰਗਲ ਥਾਣਾ ਧਾਰੀਵਾਲ ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਉਕਤ ਵਿਅਕਤੀ ਪਿਛਲੇ ਤਿੰਨ ਮਹੀਨਿਆਂ ਤੋਂ ਤਿੱਬੜੀ ਛਾਉਣੀ ਵਿੱਚ ਕੰਮ ਕਰ ਰਿਹਾ ਸੀ। ਉਹ ਨਸ਼ਾ ਵੇਚਣ ਦਾ ਕੰਮ ਕਰਦਾ ਸੀ ਅਤੇ ਰਾਤ ਵੀ ਉਹ ਸਪਲਾਈ ਲੈਣ ਲਈ ਆਇਆ ਸੀ। ਜਿਸ ਦੇ ਖਿਲਾਫ ਥਾਣਾ ਸਦਰ ਵਿੱਚ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਇਸ ਗੱਲ ‘ਤੇ ਡੂੰਘਾਈ ਨਾਲ ਕੰਮ ਕਰ ਰਹੀ ਹੈ ਕਿ ਨਸ਼ਾ ਤਸਕਰ ਨਸ਼ਾ ਕਿੱਥੋਂ ਲਿਆਉਂਦਾ ਸੀ ਅਤੇ ਕਿੱਥੋਂ ਵੇਚਦਾ ਸੀ |

ਜ਼ਿਕਰਯੋਗ ਹੈ ਕਿ ਮਿਲੇਟ੍ਰੀ ਖੁਫੀਆ ਏਜੰਸੀਆਂ ਨੂੰ ਪੂਰੀ ਤਰ੍ਹਾਂ ਖਦਸ਼ਾ ਹੈ ਕਿ ਪਾਕਿਸਤਾਨੀ ਮਿਲੇਟ੍ਰੀ ਇੰਟੈਲਿਜੈਸ ਏਜੰਸੀ, ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਭਾਰਤੀ ਫੌਜ ਦੇ ਜਵਾਨਾਂ ਨੂੰ ਵੀ ਨਸ਼ਾ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਜਿਸ ਕਾਰਨ ਉਹ ਪਾਕਿਸਤਾਨ ‘ਚ ਰਹਿ ਰਹੇ ਵੱਖਵਾਦੀ ਸੰਗਠਨਾਂ ਰਾਹੀਂ ਭਾਰਤ ਅਤੇ ਖਾਸ ਕਰਕੇ ਪੰਜਾਬ ‘ਚ ਆਪਣੇ ਸਲੀਪਰ ਸੈੱਲ ਨੂੰ ਸਰਗਰਮ ਕਰਕੇ ਫੌਜ ਦੇ ਜਵਾਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨਸ਼ਾ ਕਰਨ ਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ। ਜਿਸ ਕਾਰਨ ਫੌਜ ਦੀਆਂ ਮਿਲੇਟ੍ਰੀ ਖੁਫੀਆ ਏਜੰਸੀਆਂ (ਗੁਰਦਾਸਪੁਰ) ਇਨ੍ਹੀਂ ਦਿਨੀਂ ਅਜਿਹੇ ਸਮਾਜ ਵਿਰੋਧੀ ਅਨਸਰਾਂ ‘ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ। ਉਨ੍ਹਾਂ ਵੱਲੋਂ ਫੌਜ ਦੇ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ।

ਦੱਸ ਦਈਏ ਕਿ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਟੇਲਰ ਮਾਸਟਰ ਕਰੀਬ 10-12 ਸਾਲ ਤੋਂ ਤਿੱਬੜੀ ਛਾਉਣੀ ‘ਚ ਕੰਮ ਕਰਦਾ ਸੀ ਅਤੇ ਉਸ ਨੂੰ ਲਗਾਤਾਰ ਛਾਉਣੀ ‘ਚ ਜਾਣਾ ਪੈਂਦਾ ਸੀ। ਇਸ ਸਬੰਧੀ ਥਾਣਾ ਪੁਰਾਣਾਸ਼ਾਲਾ ਵਿੱਚ ਕੇਸ ਦਰਜ ਕੀਤਾ ਗਿਆ ਸੀ। ਪਰ ਹਾਲੇ ਵੀ ਜਾਂਚ ਚਲ ਰਹੀ ਹੈ।

ਜਦਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਗ੍ਰਹਿ ਮੰਤਰਾਏ ਅਤੇ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਇਸ ਮਸਲੇ ਨੂੰ ਬੇਹੱਦ ਸੰਜੀਦਗੀ ਨਾਲ ਲੈਣ ਦੀ ਲੋੜ ਹੈ, ਤਾ ਜੋਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਹਮਣੇ ਆ ਸਕੇ ਅਤੇ ਸਮਾਂ ਰਹਿੰਦਿਆਂ ਇਸ ਤੇ ਨਕੇਲ ਕੱਸੀ ਜਾ ਸਕੇਂ। ਕਿਉਂਕਿ ਇਹ ਮਸਲਾ ਦੇਸ਼ ਦੀ ਸੁਰਖਿਆਂ ਨਾਲ ਜੁੜੀਆਂ ਹੈ।

Exit mobile version