ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿਰੋਧ ਵਿੱਚ ਯੂਥ ਕਾਂਗਰਸੀਆਂ ਨੇ ਫੂਕਿਆ ਸੂਬੇ ਦੀ ਆਪ ਸਰਕਾਰ ਦਾ ਪੁਤਲਾ, ਕਿਹਾ ਸਰਕਾਰ ਦੀ ਨਾਕਾਮੀ ਕਾਰਨ ਹੋਈ ਮੌਤ

ਪੁਤਲਾ ਫੂਕਦੇ ਹੋਏ ਬਲਜੀਤ ਪਾਹੜਾ ਅਤੇ ਕੇ ਪੀ ਪਾਹੜਾ ਅਤੇ ਦਰਸ਼ਨ ਮਹਾਜਨ

ਪੰਜਾਬ ਸਰਕਾਰ ਦਾ ਸਾਰਾ ਕੰਟਰੋਲ ਕੇਜਰੀਵਾਲ ਹੱਥ, ਮੁੱਖ ਮੰਤਰੀ ਮਾਨ ਬਣੇ ਕੇਜਰੀਵਾਲ ਦੇ ਹੱਥਾ ਦੀ ਕਠਪੁਤਲੀ- ਪਾਹੜਾ

ਗੁਰਦਾਸਪੁਰ, 30 ਮਈ (ਮੰਨਣ ਸੈਣੀ)। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੈਂਗਸਟਰਾਂ ਵੱਲੋਂ ਕੀਤੇ ਕਤਲ ਨੂੰ ਲੈ ਕੇ ਇੱਥੇ ਆਮ ਲੋਕਾਂ ਵਿੱਚ ਗੁੱਸਾ ਹੈ ਉੱਥੇ ਹੀ ਆਪ ਸਰਕਾਰ ਦੀ ਇੰਟੈਲੀਲੈਂਸ ਦੀ ਨਾਕਾਮੀ ਨੇ ਲੋਕਾ ਸਵਾਲ ਚੁੱਕ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਸੋਮਵਾਰ ਨੂੰ ਯੂਥ ਕਾਂਗਰਸ ਵੱਲੋਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਯੂਥ ਕਾਂਗਰਸ ਵੱਲੋਂ ਯੂਥ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਦੀ ਅਗਵਾਈ ਹੇਠ ਤਿੱਬੜੀ ਚੌਕ ਵਿਖੇ ‘ਆਪ’ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਮਹਾਜਨ, ਯੂਥ ਕਾਂਗਰਸ ਦੇ ਜਨਰਲ ਸਕੱਤਰ ਕੇਪੀਐਸ ਪਾਹੜਾ ਅਤੇ ਸਮੂਹ ਕੌਂਸਲਰ ਹਾਜ਼ਰ ਸਨ।

ਪਾਹੜਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਮੌਤ ਪੰਜਾਬ ਸਰਕਾਰ ਦੀ ਨਾਕਾਮੀ ਕਾਰਨ ਹੋਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਪੰਜਾਬ ਵਿੱਚ ਲਗਾਤਾਰ ਗੈਂਗ ਵਾਰ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਅਤੇ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ। ਪੁਲੀਸ ਦਾ ਖੁਫ਼ੀਆ ਵਿੰਗ ਵੀ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਮੋਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਰਾਕੇਟ ਨਾਲ ਹਮਲਾ ਹੋਇਆ ਸੀ। ਅਜੇ ਤੱਕ ਪੁਲਿਸ ਇਸ ਮਾਮਲੇ ‘ਚ ਕੁਝ ਵੀ ਨਹੀਂ ਕਰ ਸਕੀ ਹੈ। ਸਰਕਾਰ ਦਾ ਧਿਆਨ ਮੁੱਖ ਵਿਅਕਤੀਆਂ ਦੀ ਸੁਰੱਖਿਆ ਵਾਪਸ ਲੈਣ ‘ਤੇ ਹੀ ਹੈ। ਪੰਜਾਬ ਸਰਕਾਰ ਦਾ ਸਾਰਾ ਕੰਟਰੋਲ ਅਰਵਿੰਦ ਕੇਜਰੀਵਾਲ ਦੇ ਹੱਥਾਂ ਵਿੱਚ ਹੈ ਅਤੇ ਮੁੱਖਮੰਤਰੀ ਭਗਵੰਤ ਮਾਨ ਉਹਨਾਂ ਦੇ ਹੱਥਾਂ ਦੀ ਕਠਪੁਤਲੀ ਬਣੇ ਹੋਏ ਹਨ। ਉਨ੍ਹਾਂ ਮੂਸੇਵਾਲਾ ਦੇ ਕਤਲ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

Exit mobile version