ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਬਹਿਲ ਫਾਰਮ ਤੋਂ ਕੀਤਾ ਸਿੱਧੀ ਬਿਜਾਈ ਦੀ ਜਨਤਕ ਮੁਹਿੰਮ ਦਾ ਆਗਾਜ

ਆਪ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਨੇ 10 ਏਕੜ ਰਕਬੇ ਵਿਚ ਸਿੱਧੀ ਬਿਜਾਈ ਦਾ ਕੀਤਾ ਐਲਾਨ, ਸਮੂਹ ਸਮਰਥਕਾਂ ਨੂੰ ਵੀ ਕੀਤੀ ਅਪੀਲ

ਗੁਰਦਾਸਪੁਰ, 28 ਮਈ ( ਮੰਨਣ ਸੈਣੀ )  ਝੋਨੇ ਦੀ ਸਿੱਧੀ ਬਿਜਾਈ ਸਬੰਧੀ ਮੁਹਿੰਮ ਨੂੰ ਸਿਖਰ ‘ਤੇ ਪਹੁੰਚਾਉਣ ਲਈ ਅੱਜ ਗੁਰਦਾਸਪੁਰ ਜ਼ਿਲ੍ਹੇ ਅੰਦਰ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਦੇ ਖੇਤੀ ਫਾਰਮ ਵਿਖੇ ਪਹੁੰਚ ਕੇ ਜਨਤਕ ਮੁਹਿੰਮ ਦਾ ਆਗਾਜ ਕੀਤਾ ਹੈ। ਇਸ ਤਹਿਤ ਡੀਸੀ ਨੇ ਬਹਿਲ ਫਾਰਮ ਵਿਖੇ ਖੁਦ ਟਰੈਕਟਰ ਚਲਾ ਕੇ ਸਿੱਧੀ ਬਿਜਾਈ ਕੀਤੀ ਅਤੇ ਜ਼ਿਲ੍ਹੇ ਦੇ ਸਮੂਹ ਸਿਆਸੀ ਆਗੂਆਂ, ਪੰਚਾਂ-ਸਰਪੰਚਾਂ ਤੇ ਹੋਰ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਸ਼ੁਰੂ ਕੀਤੀ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਆਪਣਾ ਯੋਗਦਾਨ ਪਾਉਣ। 

ਇਸ ਮੌਕੇ ਰਮਨ ਬਹਿਲ ਨੇ ਐਲਾਨ ਕੀਤਾ ਕਿ ਉਹ ਆਪਣੇ ਫਾਰਮ ਵਿਚ ਘੱਟੋ ਘੱਟ 10 ਏਕੜ ਖੇਤਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਨਗੇ। ਬਹਿਲ ਨੇ ਆਪਣੇ ਹਲਕੇ ਦੇ ਸਮੂਹ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਕੁੱਲ ਰਕਬੇ ਦੇ ਘੱਟੋ ਘੱਟ ਇਕ ਤਿਹਾਈ ਹਿੱਸੇ ਵਿਚ ਝੋਨੇ ਦੀ ਸਿੱਧੀ ਬਿਜਾਈ ਜਰੂਰ ਕਰਨ। ਬਹਿਲ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਦਾ ਕੰਮ ਵੈਸੇ ਤਾਂ 2010 ਵਿਚ ਸ਼ੁਰੂ ਹੋ ਗਿਆ ਸੀ। ਪਰ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਇਸ ਵਿਧੀ ਨੂੰ ਉਤਸ਼ਾਹਿਤ ਕਰਨ ਦਾ ਉਪਰਾਲਾ ਨਹੀਂ ਕੀਤਾ। ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਗੰਭੀਰਤਾ ਦਿਖਾਉਦੇ ਹੋਏ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਦਾ ਵੱਡਾ ਫੈਸਲਾ ਕੀਤਾ ਹੈ। ਇਸ ਮੰਤਵ ਲਈ ਜਿਥੇ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਨਿਰੰਤਰ ਕੰਮ ਕਰਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੀਆਂ ਹਨ ਉਥੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਦੇਣ ਦਾ ਐਲਾਨ ਕੀਤਾ ਹੈ।

Exit mobile version