ਸ਼ਹਿਰ ਦੀ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪ੍ਰਗਟਾਈ ਚਿੰਤਾ, ਪੀਸੀਆਰ ਦੀ ਕਰਮਚਾਰੀਆਂ ਨੂੰ ਤਬਦੀਲ ਕਰਨ ਦੀ ਕੀਤੀ ਜਾਵੇਗੀ ਮੰਗ

ਮੀਟਿੰਗ ਕਰਦੇ ਹੋਏ ਅਹੁਦੇਦਾਰ

ਗੁਰਦਾਸਪੁਰ, 24 ਮਈ (ਮੰਨਣ ਸੈਣੀ)। ਗੁਰਦਾਸਪੁਰ ਚੈਂਬਰ ਆਫ ਕਮਰਸ ਦੇ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਬੈਠਕ ਸਥਾਨਕ ਰੈਸਟੋਰੈਂਟ ਵਿਚ ਹੋਈ ਜਿਸ ਵਿਚ ਸ਼ਹਿਰ ਦੀ ਵਿਗੜਦੀ ਕਾਨੂੰਨ ਵਿਵਸਥਾ ਬਾਰੇ ਚਿੰਤਾ ਪ੍ਰਗਟ ਕੀਤੀ ਗਈ। ਪ੍ਰਧਾਨ ਵਿਕਾਸ ਮਹਾਜਨ ਅਤੇ ਚੇਅਰਮੈਨ ਅਨੂੰ ਗੰਡੋਤਰਾ ਨੇ ਕਿਹਾ ਕਿ ਸ਼ਹਿਰ ਵਿਚ ਛੀਨਾ ਝਪਟੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਅਤੇ ਇਹ ਸਾਹਮਣੇ ਆਇਆ ਹੈ ਕਿ ਇਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਨਸ਼ੇ ਦੀ ਲੱਤ ਦਾ ਸ਼ਿਕਾਰ ਹੋਏ ਨੌਜਵਾਨ ਹੀ ਹਨ‌ ਜੋ ਜ਼ਿਆਦਾਤਰ ਔਰਤਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

ਕੁਝ ਦਿਨ ਪਹਿਲਾਂ ਹੀ ਇਕ ਔਰਤ ਦੀ ਗਲੇ ਦੀ ਚੇਨ ਝਪਟ ਲਈ ਗਈ ਜਦਕੀ ਕਲ ਇਕ ਔਰਤ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਛੀਨਾਝਪਟੀ ਵਿਚ ਮਾਂ ਬੇਟੀ ਜ਼ਖਮੀ ਹੋ ਗਈਆਂ। ਇਸ ਤੋਂ ਪਹਿਲਾਂ ਵੀ ਛੀਨਾਝਪਟੀ ਦੀਆਂ ਅਜਿਹੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਝਪਟਮਾਰਾਂ ਦੀਆ ਸਾਫ-ਸਾਫ ਤਸਵੀਰਾਂ ਸੀ ਸੀ ਟੀ ਵੀ ਫੁਟੇਜ਼ ਵਿਚ ਆਉਣ ਦੇ ਬਾਵਜੂਦ ਪੁਲਿਸ ਉਹਨਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਪਾਈ ਹੈ ਜੋ ਇਕ ਚਿੰਤਾ ਦਾ ਵਿਸ਼ਾ ਹੈ। ਬੈਠਕ ਵਿੱਚ ਫ਼ੈਸਲਾ ਕੀਤਾ ਗਿਆ ਕਿ ਇਸ ਬਾਰੇ ਇੱਕ ਮੰਗ ਪੱਤਰ ਐਸਐਸਪੀ ਗੁਰਦਾਸਪੁਰ ਨੂੰ ਦਿੱਤਾ ਜਾਵੇਗਾ ਅਤੇ ਸ਼ਹਿਰ ਵਿਚ ਪੀਸੀਆਰ ਦੀ ਡਿਊਟੀ ਨਿਭਾ ਰਹੇ ਕਰਮਚਾਰੀਆਂ ਨੂੰ ਤਬਦੀਲ ਕਰਕੇ ਨਵੇਂ ਕਰਮਚਾਰੀਆਂ ਨੂੰ ਲਗਾਉਣ ਦੀ ਮੰਗ ਕੀਤੀ ਜਾਵੇਗੀ।

ਬੈਠਕ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਗੁਰਦਾਸਪੁਰ ਚੈਂਬਰ ਆੱਫ ਕਮਰਸ ਸਮਾਜ ਸੇਵੀ ਕੰਮਾਂ ਦੇ ਖੇਤਰ ਵਿੱਚ ਵੀ ਕੰਮ ਕਰਨਾ ਸ਼ੁਰੂ ਕਰੇਗੀ ਅਤੇ ਜਲਦੀ ਹੀ ਇਕ ਮੈਡੀਕਲ ਕੈਂਪ ਲਗਾਏਗੀ ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮੁਫ਼ਤ ਟੈਸਟ ਤੋਂ ਇਲਾਵਾ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਬੈਠਕ ਵਿੱਚ ਅਨਮੋਲ ਸ਼ਰਮਾ, ਭਰਤ ਗਾਬਾ, ਓਮ ਪ੍ਰਕਾਸ਼ ਸ਼ਰਮਾ, ਮਨਦੀਪ ਸ਼ਰਮਾ, ਵਰੁਨ ਮਰਵਾਹਾ, ਮੁੱਨਾ ਠਾਕੁਰ, ਸੁਨੀਲ ਮਹਾਜਨ ਆਦਿ ਵੀ ਹਾਜਰ ਸਨ।

Exit mobile version