ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਜ਼ਿਲ੍ਹੇ ਵਿੱਚ ਧੜੱਲੇ ਨਾਲ ਚੱਲ ਰਿਹਾ ਗੈਰ ਕਾਨੂੰਨੀ ਮਾਈਨਿੰਗ ਦਾ ਧੰਦਾ

ਮਾਈਨਿੰਗ ਕਰ ਰਹੇ ਲੋਕ ਜੇਸੀਬੀ ਮਸ਼ੀਨ ਅਤੇ ਟਿੱਪਰ ਛੱਡ ਕੇ ਭੱਜੇ

ਗੁਰਦਾਸਪੁਰ, 19 ਮਈ (ਮੰਨਣ ਸੈਣੀ)। ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਜ਼ਿਲ੍ਹੇ ਅੰਦਰ ਧੜੱਲੇ ਨਾਲ ਗੈਰ ਕਾਨੂੰਨੀ ਮਾਈਨਿੰਗ ਦਾ ਧੰਦਾ ਚੱਲ ਰਿਹਾ ਹੈ। ਇਹ ਦੋਸ਼ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ ਪ੍ਰਧਾਨ ਹਰਵਿੰਦਰ ਸੋਨੀ ਵਲੋਂ ਲਗਾਏ ਗਏ, ਜਿਹਨਾਂ ਵੱਲੋਂ ਪਿੰਡ ਤਿੱਬੜ ਖੇਤਰ ਵਿੱਚ ਨਾਜਾਇਜ਼ ਮਾਈਨਿੰਗ ਹੋਣ ਦੀ ਸੂਚਨਾ ਮਿਲਣ ’ਤੇ ਇਸ ਗੱਲ ਦਾ ਪਰਦਾਫਾਸ਼ ਕੀਤਾ ਗਿਆ। ਪਰ ਉਨ੍ਹਾਂ ਦੇ ਆਉਣ ‘ਤੇ ਜੇਸੀਬੀ ਅਤੇ ਟਿੱਪਰ ਸਮੇਤ ਨਾਜਾਇਜ਼ ਮਾਈਨਿੰਗ ਕਰਨ ਵਾਲੇ ਦੂਜੇ ਰਸਤੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ।

ਉਧਰ ਸੋਨੀ ਵੱਲੋਂ ਦੋਸ਼ ਲਗਾਏ ਗਏ ਕਿ ਪੁਲੀਸ ਨੂੰ ਸੂਚਿਤ ਕਰਨ ਦੇ ਬਾਵਜੂਦ ਕੋਈ ਪੁਲੀਸ ਮੁਲਾਜ਼ਮ ਨਹੀਂ ਪੁੱਜਿਆ। ਬਾਅਦ ਵਿੱਚ ਜਦੋਂ ਮਾਮਲਾ ਐਸਐਸਪੀ ਗੁਰਦਾਸਪੁਰ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਥਾਣਾ ਤਿੱਬੜ ਦੇ ਐਸਐਚਓ ਅਮਰੀਕ ਸਿੰਘ ਮੌਕੇ ’ਤੇ ਪੁੱਜੇ। ਇਸ ਤੋਂ ਬਾਅਦ ਮਾਈਨਿੰਗ ਅਫਸਰ ਮਨਮੋਹਨ ਸ਼ਰਮਾ ਵੀ ਉਥੇ ਪਹੁੰਚ ਗਏ। ਮੌਕੇ ’ਤੇ ਖੜ੍ਹੇ ਇੱਕ ਜੇਸੀਬੀ ਅਤੇ ਟਿੱਪਰ ਨੂੰ ਜ਼ਬਤ ਕਰ ਲਿਆ ਗਿਆ। ਹਾਲਾਂਕਿ ਇਸ ਕਾਰਵਾਈ ਦੌਰਾਨ ਕੁਝ ਲੋਕਾਂ ਨੇ ਸ਼ਿਵ ਸੈਨਾ ਆਗੂ ਨਾਲ ਬਹਿਸ ਵੀ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੋਨੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮਾਈਨਿੰਗ ਦਾ ਕੰਮ ਅੰਨ੍ਹੇਵਾਹ ਚੱਲ ਰਿਹਾ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਵਿਭਾਗ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਨ ਮਾਈਨਿੰਗ ਕਰਨ ਵਾਲੇ ਲੋਕ ਉਤਸ਼ਾਹਿਤ ਹਨ। ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਗੈਰ-ਕਾਨੂੰਨੀ ਮਾਈਨਿੰਗ ਨੂੰ ਖਤਮ ਕਰਨ ਲਈ ਜਨਤਾ ਦਾ ਸਹਿਯੋਗ ਮੰਗਿਆ ਹੈ, ਕਿਉਂਕਿ ਇਸ ਅਪਰਾਧ ਖਿਲਾਫ ਆਵਾਜ਼ ਬੁਲੰਦ ਕਰਨਾ ਉਨ੍ਹਾਂ ਦਾ ਫਰਜ਼ ਬਣਦਾ ਹੈ ਅਤੇ ਉਹ ਹਮੇਸ਼ਾ ਗੈਰ-ਕਾਨੂੰਨੀ ਗਤੀਵਿਧੀਆਂ ਦਾ ਵਿਰੋਧ ਕਰਦੇ ਆਏ ਹਨ ਅਤੇ ਕਰਦੇ ਰਹਿਣਗੇ। ਇਸ ਦੇ ਲਈ ਉਹ ਕਿਸੇ ਵੀ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਹਨ।

ਸ਼ਿਵ ਸੈਨਾ ਦੇ ਉਪ ਪ੍ਰਧਾਨ ਹਰਵਿੰਦਰ ਸੋਨੀ ਨੇ ਚਿਤਾਵਨੀ ਦਿੱਤੀ ਕਿ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ। ਸ਼ਿਵ ਸੈਨਾ ਬਾਲ ਸਾਹਿਬ ਠਾਕਰੇ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਮਿੱਟੀ ਅਤੇ ਰੇਤ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਗਈ ਹੈ, ਇਸ ਲਈ ਇਨ੍ਹਾਂ ਦੇ ਨਾਜਾਇਜ਼ ਧੰਦਿਆਂ ਨੂੰ ਬੰਦ ਕੀਤਾ ਜਾਵੇ।ਇਸ ਸਬੰਧੀ ਉਨ੍ਹਾਂ ਡੀ.ਸੀ. ਅਤੇ ਐਸ.ਐਸ.ਪੀ. ਗੁਰਦਾਸਪੁਰ ਅਤੇ ਪਠਾਨਕੋਟ ਤੋਂ ਜਲਦੀ ਹੀ ਮਿਲਣਗੇ।ਇਸ ਮੌਕੇ ਰਮਨ ਸ਼ਰਮਾ, ਵਰਿੰਦਰ ਮੁੰਨਾ, ਦੀਪਕ ਕੁਮਾਰ, ਗਗਨ ਸਲਾਰੀਆ, ਪਵਨ ਸ਼ਰਮਾ ਦਿਨੇਸ਼ ਠਾਕੁਰ ਆਦਿ ਹਾਜ਼ਰ ਸਨ। ਦੂਜੇ ਪਾਸੇ ਤਿੱਬੜ ਥਾਣੇ ਦੇ ਐਸਐਚਓ ਅਮਰੀਕ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਜੇਸੀਬੀ ਮਸ਼ੀਨ ਅਤੇ ਇੱਕ ਟਿੱਪਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਈਨਿੰਗ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Exit mobile version