ਸਿਹਤ ਵਿਭਾਗ ਵੱਲੋਂ ਕਰੋਨਾ ਦੀ ਆੜ ਹੇਠ ਮੀਟਿੰਗਾਂ ਤੇ ਲਾਈਆਂ ਪਾਬੰਦੀਆਂ ਖੋਲ੍ਹ ਕੇ ਆਸ਼ਾ ਵਰਕਰਾਂ ਨੂੰ ਕੰਮ ਦਿੱਤਾ ਜਾਵੇ

ਗੁਰਦਾਸਪੁਰ 18 ਮਈ ( ਮੰਨਣ ਸੈਣੀ)। ਕਰੋਨਾ ਦੀ ਆੜ ਹੇਠ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਦੀਆਂ ਪ੍ਰਾਇਮਰੀ ਹੈਲਥ ਸੈਂਟਰ ਵਿਖੇ ਮਹੀਨਾਵਾਰੀ ਮੀਟਿੰਗ ਨਾ ਹੋਣ ਕਰਕੇ ਆਸ਼ਾ ਵਰਕਰਾਂ ਨੂੰ ਆ ਰਹੀਆਂ ਪਰੇਸ਼ਾਨੀ ਦੂਰ ਕਰਵਾਉਣ, ਮਮਤਾ ਦਿਵਸ ਮਨਾਉਣ ਅਤੇ ਹੋਰ ਮੰਗਾਂ ਨੂੰ ਲੈਕੇ ਪ੍ਰਾਇਮਰੀ ਹੈਲਥ ਸੈਂਟਰ ਬਹਿਰਾਮਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜੋਤਪਾਲ ਨੂੰ ਗੁਰਵਿੰਦਰ ਕੌਰ ਬਹਿਰਾਮਪੁਰ ਦੀ ਅਗਵਾਈ ਹੇਠ ਮੰਗ ਪੱਤਰ ਦਿੱਤਾ ਗਿਆ।

ਹਾਜ਼ਰ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਪਾਬੰਦੀਆਂ ਦੀ ਆੜ ਹੇਠ ਮੀਟਿੰਗਾਂ ਕਰਨ ਤੇ ਪਾਬੰਦੀਆਂ ਲਗਾਈਆਂ ਹੋਈਆਂ ਹਨ। ਜਿਸ ਕਰਕੇ ਉਨ੍ਹਾਂ ਦਾ ਵਿੱਤੀ ਨੁਕਸਾਨ ਹੋ ਰਿਹਾ ਹੈ। ਕਿਉਂਕਿ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਵਿਭਾਗੀ ਮੀਟਿੰਗ ਵਿੱਚ ਹਾਜ਼ਰ ਹੋਣ ਦੇ ਪੈਸੇ ਦਿੱਤੇ ਜਾਂਦੇ ਹਨ। ਇਸੇ ਤਰ੍ਹਾਂ ਪਿੰਡ ਪੱਧਰ ਤੇ ਹੋਣ ਵਾਲੇ ਮਮਤਾ ਦਿਵਸ ਵੀ ਬੰਦ ਹਨ। ਸੀ ਐੱਚ ਓ ਪੱਧਰ ਤੇ ਆਸ਼ਾ ਵਰਕਰਾਂ ਨੂੰ ਬੰਦਾ ਮਾਣ ਭੱਤਾ ਨਹੀਂ ਦਿੱਤਾ ਜਾ ਰਿਹਾ। ਵਰਕਰਾਂ ਨੂੰ ਰੋਸ ਹੈ ਕਿ ਸਿਹਤ ਵਿਭਾਗ ਵੱਲੋਂ ਪੂਰੀ ਸਟੇਸ਼ਨਰੀ , ਫ਼ਾਰਮ ਨਾ ਦਿੱਤੇ ਜਾਣ ਕਰਕੇ ਵਿਭਾਗੀ ਕੰਮ ਸਮੇਂ ਸਿਰ ਨਾ ਹੋਣ ਕਰਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਡਿਊਟੀ ਦੌਰਾਨ ਗੰਭੀਰ ਜ਼ਖ਼ਮੀ ਹੋਈ ਕੁਲਜੀਤ ਕੌਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ। ਵਰਕਰਾਂ ਦੀਆਂ ਹੋਰ ਮੁਸ਼ਕਲਾਂ ਦਾ ਹੱਲ ਕਰਨ ਲਈ ਵਿਭਾਗ ਦੇ ਸਾਰੇ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਬੁਲਾਈ ਜਾਵੇ। ਇਸ ਮੌਕੇ ਗੀਤਾ ਦੇਵੀ ਵੀਨਾ ਰਾਣੀ ਸੁਨੀਤਾ ਊਸ਼ਾ ਰਾਣੀ ਨੀਲਮ ਦੇਵੀ ਪਰਮਜੀਤ ਕੌਰ ਲਵਲੀ ਰਾਣੀ ਸਰਬਜੀਤ ਕੌਰ ਵੀਨਾ ਦੇਵੀ ਕਰਮਜੀਤ ਰਜਵਿੰਦਰ ਪਰਮਜੀਤ ਆਸਾ ਨੇ 2500 ਰੁਪਏ ਮਹੀਨਾ ਤਨਖਾਹ ਲਗਵਾਉਣ ਦਾ ਜਥੇਬੰਦੀ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਬਾਕੀ ਰਹਿੰਦੀਆਂ ਮੰਗਾਂ ਤੇ ਸੰਘਰਸ਼ ਸ਼ੁਰੂ ਕਰੂ ਦਾ ਸੱਦਾ ਦਿੱਤਾ। ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜੋਤਪਾਲ ਨੇ ਜਥੇਬੰਦੀ ਨੂੰ ਭਰੋਸਾ ਦਿੱਤਾ ਵਰਕਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।

Exit mobile version