ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਚ ਕਾਹਨੂੰਵਾਨ ਬਿਜਲੀ ਦਫ਼ਤਰ ਘੇਰਿਆ

 ਕਈ ਦਿਨਾਂ ਤੋਂ ਟਿਊਬਵੈਲਾਂ ਲਈ ਬਿਜਲੀ ਸਪਲਾਈ ਨਾ ਮਿਲਣ ਕਾਰਨ ਰੋਹ ਚ ਆਏ ਕਿਸਾਨ

ਐੱਸ ਡੀ ਓ ਕਾਹਨੂੰਵਾਨ ਛੁੱਟੀ ਤੇ ਹੋਣ ਤੇ ਕਿਸਾਨ ਹੋਰ ਹੋਏ ਨਿਰਾਸ਼ 

ਕਾਹਨੂੰਵਾਨ (ਗੁਰਦਾਸਪੁਰ), 16 ਮਈ 2022 (ਕੁਲਦੀਪ ਜਾਫ਼ਲਪੁਰ)। ਪੰਜਾਬ ਵਿਚ  ਬਿਜਲੀ ਦੀ ਸਪਲਾਈ ਨੂੰ ਲੈ ਕੇ  ਵੱਡੇ ਪੱਧਰ ਤੇ ਆਮ ਲੋਕਾਂ ਕਿਸਾਨਾਂ ਕਾਰਖਾਨੇਦਾਰਾਂ ਅਤੇ ਛੋਟਾ ਮੋਟਾ ਕਾਰੋਬਾਰ ਕਰਨ ਵਾਲੇ ਕਰਨ ਵਾਲੇ ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ। ਇਸ ਵੇਲੇ ਕਹਿਰ ਦੀ  ਤਪਸ਼ ਅਤੇ ਲੂ ਵਗਣ ਕਾਰਨ ਕਿਸਾਨਾਂ ਦੀਆਂ ਫਸਲਾਂ ਬੁਰੀ ਤਰ੍ਹਾਂ ਬਰਬਾਦ ਹੋ ਰਹੀਆਂ ਹਨ।ਇਸ ਤਪਸ਼ ਵਿਚ ਕਿਸਾਨਾਂ ਦੀ ਫਸਲ ਨੂੰ ਪਾਣੀ ਦੀ ਲੋੜ ਹੈ ਪਰ ਕਿਸਾਨਾਂ ਨੂੰ ਇਸ ਵੇਲੇ  ਫ਼ਸਲਾਂ ਨੂੰ ਪਾਣੀ ਲਈ ਬਿਜਲੀ ਸਪਲਾਈ ਨਹੀਂ ਮਿਲ ਰਹੀ ਹੈ।ਰੋਹ ਵਿੱਚ ਆਏ ਹੋਏ ਕਿਸਾਨਾਂ ਵਲੋਂ ਅੱਜ ਪਾਵਰਕਾਮ ਸਬ ਡਵੀਜ਼ਨ ਕਾਹਨੂੰਵਾਨ ਦਫ਼ਤਰ  ਦਾ ਘਿਰਾਓ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਕੀਤਾ।

ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਦਲਜਿੰਦਰ ਸਿੰਘ ਜਰਨੈਲ ਸਿੰਘ  ਗੁਰਮਨਦੀਪ ਸਿੰਘ ਅਵਤਾਰ ਸਿੰਘ ਅਤੇ ਸਾਥੀਆਂ ਨੇ ਕਿਹਾ ਕਿ ਉਨ੍ਹਾਂ ਸਮੇਤ ਲਗਪਗ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਦਾ ਰਕਬਾ ਸਠਿਆਲੀ ਫੀਡਰ ਅਧੀਨ ਪੈਂਦਾ ਹੈ। ਪਰ ਇਸ ਫੀਡਰ  ਉਪਰ ਕਿਸਾਨਾਂ ਨੂੰ ਬਿਜਲੀ ਸਪਲਾਈ ਨਹੀਂ ਮਿਲ ਰਹੀ ਹੈ। ਜਿਸ ਕਾਰਨ ਉਨ੍ਹਾਂ ਦੀ ਗੰਨੇ ਦੀ ਫਸਲ ਝੋਨੇ ਦੀ ਬੀਜੀ ਹੋਈ ਪਨੀਰੀ ਪਸ਼ੂਆਂ ਦਾ ਹਰਾ ਚਾਰਾ ਅਤੇ ਮੱਕੀ ਦੀ ਫਸਲ ਸੁੱਕਣ ਕੰਢੇ ਹੈ।  ਉਨ੍ਹਾਂ ਦੇ ਆਗੂ ਅੱਜ ਤੋਂ ਐੱਸਡੀਓ ਕਾਹਨੂੰ ਵਾਨ ਕੋਲ ਇਸ ਸਮੱਸਿਆ ਨੂੰ ਰੱਖਣ ਆਏ ਸੀ। ਪਰ ਐੱਸ ਡੀ ਓ ਕਾਹਨੂੰਵਾਨ ਛੁੱਟੀ ਉੱਤੇ ਹੋਣ ਕਰ ਕੇ ਉਨ੍ਹਾਂ ਦਾ ਇਹ ਮਸਲਾ ਹੱਲ ਨਹੀਂ ਹੋਇਆ।ਜਿਸ ਗੱਲ ਕਿਸਾਨਾਂ ਦਾ ਰੋਹ ਹੋਰ ਵੀ ਭੜਕ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਕਿਸਾਨ ਵਰਗ ਨੂੰ ਕਈ ਤਰ੍ਹਾਂ ਦੇ  ਖੇਤੀ ਵਾਅਦੇ ਕਰਦੀ ਹੋਈ ਕਿਸਾਨ ਹਿਤੈਸ਼ੀ ਹੋਣ ਦਾ ਦਿਖਾਵਾ ਕਰ ਰਹੀ ਹੈ,ਖੇਤੀ ਵਿਭਿੰਨਤਾ ਦਾ ਰਾਗ ਅਲਾਪ ਦੀ ਹੈ ਪਰ ਦੂਸਰੇ ਪਾਸੇ ਕਿਸਾਨਾਂ ਨੂੰ ਬਣਦੀ ਬਿਜਲੀ ਸਪਲਾਈ ਟਿਊਬਵੈੱਲਾਂ ਲਈ ਨਹੀਂ ਮਿਲ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਇਸ ਮੌਕੇ ਕੋਈ ਵੀ ਸਿਆਸੀ ਪਾਰਟੀ ਉਨ੍ਹਾਂ ਦੀ ਬਾਂਹ ਫੜ ਲਈ ਤਿਆਰ ਨਹੀਂ ਹੈ। ਜਿਸ ਕਾਰਨ ਕਿਸਾਨਾਂ ਨੂੰ ਆਪਣੇ ਬਲਬੂਤੇ ਉਤੇ ਹੀ ਸੰਘਰਸ਼ ਲੜਨਾ ਪੈ ਰਿਹਾ ਹੈ। ਕਿਸਾਨਾਂ  ਦੇ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਪੰਜਾਬ ਪਾਵਰਕਾਮ ਨਿਯਮਾਂ ਦੀਆਂ ਮੁਸ਼ਕਲਾਂ ਨਾ ਮੰਨੀਆਂ ਤਾਂ ਉਹ ਆਪਣੀ ਜਥੇਬੰਦੀ ਦੇ ਅਗਵਾਈ ਵਿੱਚ ਇਸ ਤੋਂ ਵੀ ਵੱਡਾ ਸੰਘਰਸ਼ ਲੜਨ ਲਈ ਤਿਆਰ ਹਨ।

ਕੀ ਕਹਿੰਦੇ ਹਨ ਪਾਵਰਕਾਮ ਅਧਿਕਾਰੀ ਇਸ ਸਬੰਧੀ ਜਦੋਂ ਪਾਵਰਕਾਮ ਅਧਿਕਾਰੀ ਅਮਰਦੀਪ ਸਿੰਘ ਨਾਗਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਾਰਾ ਮਸਲਾ ਪਾਵਰ ਕੱਟ ਦਾ ਹੈ।ਉਨ੍ਹਾਂ ਨੇ ਕਿਹਾ ਕਿ ਜਦੋਂ ਇਕ ਫੀਡਰ ਉੱਤੇ ਬਿਜਲੀ ਸਪਲਾਈ ਦੌਰਾਨ ਪਾਵਰਕੱਟ ਆ ਜਾਂਦਾ ਹੈ ਤਾਂ ਉਸ ਫੀਡਰ ਦੀ ਬਿਜਲੀ ਸਪਲਾਈ ਕੱਟੀ ਜਾਂਦੀ ਹੈ।ਉਨ੍ਹਾਂ ਨੇ ਕਿਹਾ ਕਿ ਇਸ ਤੋਂ  ਇਸ ਤੋਂ ਇਲਾਵਾ ਅਗਲੇ ਦਿਨੀਂ ਜੇਕਰ ਫਿਰ ਫੀਡਰ ਦੀ ਸਪਲਾਈ ਵਿੱਚ ਪਾਵਰਕੱਟ ਆ ਜਾਵੇ ਤਾਂ ਕਿਸਾਨਾਂ ਨੂੰ ਬਿਜਲੀ ਨਹੀਂ ਮਿਲਦੀ ਹੈ।ਉਨ੍ਹਾਂ ਨੇ ਕਿਹਾ ਕਿ ਇਹ ਪਟਿਆਲਾ ਦਫਤਰ ਤੋਂ  ਚੱਲਣ ਵਾਲੀ ਪ੍ਰਕਿਰਿਆ ਹੈ ਜਿਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਆਪਣੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਹਨ ਕਿ ਇਸ ਪਾਵਰਕੱਟ ਦੇ ਮਸਲੇ ਨੂੰ ਹੱਲ ਕੀਤਾ ਜਾਵੇ । ਉਨ੍ਹਾਂ ਨੇ ਕਿਹਾ ਕਿ ਜੇਕਰ ਫੀਡਰ ਦੀ ਬਿਜਲੀ ਵਾਰੀ ਵਿਚ ਕੋਈ ਬ੍ਰੇਕਡਾਊਨ ਆ ਜਾਵੇ ਤਾਂ ਉਸ ਬਦਲੇ ਬਿਜਲੀ ਮਿਲ ਜਾਂਦੀ ਹੈ ਪਰ ਪਾਵਰਕੱਟ ਬਦਲੇ ਕਿਸਾਨਾਂ ਨੂੰ ਬਣਦੀ ਬਿਜਲੀ ਸਪਲਾਈ  ਨਹੀਂ ਮਿਲਦੀ ਹੈ। ਇਸ ਲਈ ਉਹ ਕਿਸਾਨਾਂ ਦੀ ਇਸ ਮੁਸ਼ਕਲ ਨੂੰ ਫਿਰ ਤੋਂ ਆਪਣੇ ਉੱਚ ਅਧਿਕਾਰੀਆਂ ਤੱਕ ਪੁੱਜਦਾ ਕਰ ਦੇਣਗੇ।  

Exit mobile version