ਏਡੀਸੀ ਡਾ.ਅਮਨਦੀਪ ਕੌਰ ਨੇ ਅਣ ਸੁਰੱਖਿਅਤ ਸਕੂਲੀ ਵਾਹਨਾਂ ਵਿਰੁੱਧ ਬਣਦੀ ਕਾਰਵਾਈ ਕਰਨ ਅਤੇ ਸਕੂਲ ਵਾਹਨ ਪਾਲਿਸੀ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਦਿੱਤੀਆਂ ਸਖ਼ਤ ਹਿਦਾਇਤਾਂ

ਗੁਰਦਾਸਪੁਰ ਦੀ ਵਧਿਕ ਡਿਪਟੀ ਕਮਿਸ਼ਨਰ ਡਾ.ਅਮਨਦੀਪ ਕੌਰ

ਕਿਹਾ ਪ੍ਰਾਈਵੇਟ ਸਕੂਲਾਂ ਦੇ ਪ੍ਰਿਸਿਪਲਾਂ ਨੂੰ ਬਣਾਇਆ ਜਾਵੇ ਜਵਾਬਦੇਹ, ਲਿਆ ਜਾਵੇ ਸਰਟੀਫਿਕੇਟ

ਗੁਰਦਾਸਪੁਰ, 13 ਮਈ ( ਮੰਨਣ ਸੈਣੀ )। ਗੁਰਦਾਸਪੁਰ ਦੀ ਵਧੀਕ ਡਿਪਟੀ ਕਮਿਸ਼ਨਰ (ਜਨਰਲ/ਸ਼ਹਿਰੀ ) ਡਾ. ਅਮਨਦੀਪ ਕੋਰ ਦੀ ਪ੍ਰਧਾਨਗੀ ਹੇਠ ਸਥਾਨਕ ਸਕੂਲ ਵਾਹਨ ਪਾਲਿਸੀ ਸਬੰਧੀ ਅਧਿਕਾਰੀਆਂ ਨਾਲ ਜੂਮ ਮੀਟਿੰਗ ਕੀਤੀ ਗਈ ਤੇ ਅਧਿਕਾਰੀਆਂ ਨੂੰ ਆਵਾਜਾਈ ਦੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ।

ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਕੂਲ ਵਾਹਨ ਪਾਲਿਸੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਅਤੇ ਅਣਸੁਰੱਖਿਅਤ ਸਕੂਲੀ ਵਾਹਨਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਉਨਾਂ ਨੇ ਜ਼ਿਲਾ ਸਿੱਖਿਆ ਅਫਸਰ (ਸ/ਪ) ਨੂੰ ਹਦਾਇਤ ਕਰਦਿਆਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੇ ਪ੍ਰਿਸਿਪਲ ਸਰਟੀਫਿਕੇਟ ਦੇਣ ਕਿ ਜੋ ਉਨਾਂ ਦੇ ਸਕੂਲ ਵਿਚ ਬੱਚਿਆਂ ਲਈ ਸਕੂਲੀ ਵਾਹਨ ਲਗਾਏ ਗਏ ਹਨ ਉਹ ਸਕੂਲ ਵਾਹਨ ਪਾਲਿਸੀ ਦੀ ਇੰਨ ਬਿੰਨ ਪਾਲਣਾ ਕਰਦੇ ਹਨ। ਟ੍ਰੈੇਫਿਕ ਪੁਲਿਸ ਵਿਭਾਗ ਨੂੰ ਸਖ਼ਤ ਨਿਰਦੇਸ਼ ਦਿੰਦਿਆਂ ਉਨਾਂ ਕਿਹਾ ਕਿ ਸਖਤੀ ਨਾਲ ਹਦਾਇਤਾਂ ਦੀ ਪਾਲਣਾ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸੰਭਾਵਿਤ ਸੜਕੀ ਹਾਦਸਿਆਂ ਨੂੰ ਰੋਕਿਆ ਜਾ ਸਕੇ।

ਇਸ ਮੌਕੇ ਨੇਹਾ ਨਈਅਰ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟੇਟ ਕਮਿਸ਼ਨ ਆਫ ਚਾਈਲਡ ਰਾਈਟਸ ਵਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਚੈਕਿੰਗ ਲਈ ਜ਼ਿਲਾ ਪੱਧਰੀ ਕਮੇਟੀ ਗਠਿਤ ਕੀਤੀ ਗਈ ਹੈ। ਜਿਸ ਵਲੋਂ ਪਹਿਲੀ ਅਪ੍ਰੈਲ 2022 ਤੋਂ 10 ਮਈ 2022 ਤਕ 11 ਸਕੂਲਾਂ ਦੀ ਚੈਕਿੰਗ ਕੀਤੀ ਗਈ, 71 ਵਾਹਨ ਚੈੱਕ ਕੀਤੇ ਅਤੇ 34 ਚਲਾਨ ਕੱਟੇ ਗਏ ਹਨ।

ਇਸ ਮੌਕੇ ਸੁਖਵਿੰਦਰ ਸਿੰਘ ਬਰਾੜ, ਰਿਜ਼ਨਲ ਟਰਾਂਸਪੋਰਟ ਅਥਾਰਟੀ ਗੁਰਦਾਸਪੁਰ, ਹਰਿੰਦਰ ਸਿੰਘ ਡੀ.ਐਸ.ਪੀ ਬਟਾਲਾ, ਡਾ. ਸ਼ਾਮ ਸਿੰਘ ਡਿਪਟੀ ਕਮਿਸ਼ਨਰ ਪਸ਼ੂ ਪਾਲਣ ਵਿਭਾਗ, ਹਰਪਾਲ ਸਿੰਘ ਸੰਧਾਵਾਲੀਆਂ,ਜਿਲਾ ਸਿੱਖਿਆ ਅਫਸਰ (ਸ), ਜਿਲਾ ਸਮਾਜਿਕ ਸੁਰੱਖਿਆ ਅਫਸਰ ਹਰਨੇਕ ਸਿੰਘ ਸਮੇਤ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

Exit mobile version