ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਨਾਉਣਾ ਸਮੇਂ ਦੀ ਮੁੱਖ ਲੋੜ-ਡਿਪਟੀ ਕਮਿਸ਼ਨਰ ਗੁਰਦਾਸਪੁਰ

ਸੂਬਾ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰਤੀ ਏਕੜ 1500 ਰੁਪਏ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ

ਗੁਰਦਾਸਪੁਰ, 8 ਮਈ ( ਮੰਨਣ ਸੈਣੀ)। ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਜਾਣ ਦੇ ਨਾਲ-ਨਾਲ ਜ਼ਮੀਨ ਦੇ ਭੌਤਿਕੀ ਗੁਣਾਂ ਅਤੇ ਉਤਪਾਦਕਤਾ ਵਿੱਚ ਨਿਗਾਰ ਆ ਰਿਹਾ ਹੈ, ਜਿਸ ਦੇ ਚਲਦਿਆਂ ਭੂਮੀਗਤ ਪਾਣੀ ਦੀ ਸੰਭਾਲ ਲਈ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਇਹ ਪ੍ਰਗਟਾਵਾ ਜਨਾਬ ਮੁਹੰਮਦ ਇਸ਼ਫਾਕ, ਡਿਪਟੀ ਕਮਿਸਨਰ ਗੁਰਦਾਸਪੁਰ ਨੇ ਕੀਤਾ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇੱਕ ਅਨੁਮਾਨ ਅਨੁਸਾਰ ਪੰਜਾਬ ਵਿੱਚ ਪਿਛਲੇ ਸਾਲਾਂ ਧਰਤੀ ਹੇਠਲੇ ਪਾਣੀ ਦਾ ਪੱਧਰ ਘੱਟ ਰਿਹਾ ਹੈ। ਝੋਨੇ ਦੀ ਫਸਲ ਵਿੱਚ ਲਗਾਤਾਰ ਪਾਣੀ ਖੜਾ ਰੱਖਣ ਨਾਲ ਆਲਮੀ ਤਪਸ਼ ਲਈ ਜ਼ਿੰਮੇਵਾਰ ਮੁੱਖ ਗੈਸ ਮੀਥੇਨ ਦਾ ਕਾਫੀ ਹਿੱਸਾ ਝੋਨੇ ਦੇ ਖੇਤਾਂ ਤੋਂ ਵਿਸਰਜਿਤ ਹੁੰਦੀ ਹੈ। ਉਪਰੋਕਤ ਸਮੱਸਿਆਵਾਂ ਅਤੇ ਪਾਣੀ ਦੀ ਹੁੰਦੀ ਇਸ ਦੁਰਵਰਤੋਂ ਨੂੰ ਕੁਝ ਹੱਦ ਤੱਕ ਰੋਕਿਆ ਜਾ ਸਕਦਾ ਹੈ, ਜੇਕਰ ਝੋਨੇ ਦੀ ਕਾਸ਼ਤ ਬਾਕੀ ਫਸਲਾਂ ਵਾਂਗੂ ਬਿਨਾਂ ਕੱਦੂ ਕੀਤਿਆਂ ਕੀਤੀ ਜਾਵੇ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀ ਸਿਫਾਰਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਾਲ 2010 ਵਿੱਚ ਕੀਤੀ ਗਈ । ਪਰ ਇਸ ਤੋਂ ਪਹਿਲਾ ਪੰਜਾਬ ਦੇ ਕੁਝ ਉੱਦਮੀ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਨਾਲ ਸਫਲਤਾਪੂਰਵਕ ਕਾਸ਼ਤ ਕੀਤੀ ਗਈ ਸੀ । ਇਸ ਸਫਲਤਾ ਨੂੰ ਵੇਖਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਚਲਾਈ ਮੁਹਿੰਮ ਸਦਕਾ ਇਸ ਤਕਨੀਕ ਨੂੰ ਗੰਭੀਰਤਾ ਨਾਲ ਲੈਂਦਿਆਂ ਹਜ਼ਾਰਾਂ ਹੈਕਟੇਅਰ ਰਕਬੇ ਵਿੱਚ ਇਸ ਤਕਨੀਕ ਨੂੰ ਅਪਨਾਇਆ ਗਿਆ ਹੈ।

ਉਨਾਂ ਨੇ ਅੱਗੇ ਦੱਸਿਆ ਕਿ ਪੰਜਾਬ ਅੰਦਰ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ, ਜਿਸ ਤੋਂ ਚਿੰਤਤ ਪੰਜਾਬ ਸਰਕਾਰ ਵੱਲੋਂ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਦਾ ਟੀਚਾ ਮਿਥਿਆ ਹੈ ਤੇ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਤ ਕਰਨ ਦੇ ਮੰਤਵ ਨਾਲ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸਾਹਿਤ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਸਮੁੱਚੇ ਪੰਜਾਬ ਵਿੱਚ ਵੱਖ-ਵੱਖ ਪਿੰਡਾਂ ਦੇ ਸਮੂਹ ਬਣਾ ਕੇ ਕਿਸਾਨ ਜਾਗਰੁਕਤਾ ਕੈਂਪ ਲਗਾਏ ਜਾ ਰਹੇ ਹਨ।

ਇਸ ਤਕਨੀਕ ਬਾਰੇ ਵਧੇਰੇ ਜਾਣਕਾਰੀ ਲਈ ਕਿਸਾਨ ਆਪਣੇ ਹਲਕੇ ਨਾਲ ਸੰਬੰਧਤ ਮੁੱਖ ਖੇਤੀਬਾੜੀ ਅਫਸਰ/ਬਲਾਕ ਖੇਤੀਬਾੜੀ ਅਫਸਰ/ਖੇਤੀਬਾੜੀ ਵਿਕਾਸ ਅਫਸਰ, ਕਿ੍ਰਸ਼ੀ ਵਿਗਿਆਨ ਕੇਂਦਰ ਦੇ ਖੇਤੀਬਾੜੀ ਮਾਹਿਰਾਂ ਜਾਂ ਕਿਸਾਨ ਕਾਲ ਸੈਂਟਰ ਦੇ ਟੋਲ ਫਰੀ ਨੰ 1800-180-1551 ਨਾਲ ਸੰਪਰਕ ਕਰ ਸਕਦੇ ਹਨ।   

Exit mobile version