ਕੁਲਤਾਰ ਸਿੰਘ ਸੰਧਵਾਂ ਨੇ ਬਟਾਲਾ ਘਟਨਾ ‘ਤੇ ਦੁੱਖ ਪ੍ਰਗਟਾਇਆ

ਨਾੜ ਨੂੰ ਅੱਗ ਲਾਉਣ ਦੀ ਕੁਰੀਤੀ ਖਿਲਾਫ ਲਾਮਬੰਦ ਹੋਣ ਦੀ ਅਪੀਲ

ਚੰਡੀਗੜ੍ਹ, 5 ਮਈ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਟਾਲਾ ਨਜ਼ਦੀਕ ਨਵਾਂ ਪਿੰਡ ਬਰਕੀਵਾਲ ਵਿਖੇ ਇਕ ਨਿੱਜੀ ਸਕੂਲ ਦੀ ਬੱਸ ਦੇ ਨਾੜ ਦੀ ਅੱਗ ਵਿਚ ਜਲ ਜਾਣ ਵਾਲੀ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਹਾਦਸੇ ‘ਚ 7 ਬੱਚੇ ਝੁਲਸ ਗਏ ਜਿਨ੍ਹਾਂ ‘ਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਨਾੜ ਨੂੰ ਅੱਗ ਲੱਗੀ ਹੋਣ ਕਰਕੇ ਧੂਏਂ ਕਾਰਨ ਬੱਸ ਦੇ ਡਰਾਈਵਰ ਨੂੰ ਕੁਝ ਦਿਖਾਈ ਨਾ ਦਿੱਤਾ ਅਤੇ ਸੰਤੁਲਨ ਵਿਗੜਨ ਕਰਕੇ ਬੱਸ ਖੇਤਾਂ ਵਿੱਚ ਪਲਟ ਗਈ ਅਤੇ ਅੱਗ ਲੱਗ ਗਈ।

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਕੂਲ ਬੱਸ ਨੂੰ ਲੱਗੀ ਅੱਗ ਦੀਆਂ ਤਸਵੀਰਾਂ ਵੇਖਕੇ ਮਨ ਨੂੰ ਬੇਹੱਦ ਦੁੱਖ ਮਹਿਸੂਸ ਹੋਇਆ ਹੈ। ਨਾੜ ਨੂੰ ਅੱਗ ਲਾਉਣ ਨਾਲ ਜਿੱਥੇ ਵਾਤਾਵਰਨ ਗੰਧਲਾ ਹੁੰਦਾ ਹੈ ਉਥੇ ਹੀ ਹਜ਼ਾਰਾਂ ਜੀਵ ਜੰਤੂ, ਮਿੱਤਰ ਕੀੜੇ ਅਤੇ ਦਰੱਖਤ ਵੀ ਤਬਾਹ ਹੁੰਦੇ ਹਨ। ਉਹਨਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਹਰ ਵਰਗ ਨੂੰ ਇਸ ਕੁਰੀਤੀ ਖਿਲਾਫ ਲਾਮਬੰਦ ਹੋਣਾ ਪਵੇਗਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਸਿਹਤਮੰਦ ਵਾਤਾਵਰਣ ਛੱਡ ਕੇ ਜਾ ਸਕੀਏ ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਫ਼ਸਲੀ ਵਿਭਿੰਨਤਾ ਲਈ ਵੀ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ ਜਿਸ ਤਹਿਤ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਸਹਾਇਤਾ ਰਾਸ਼ੀ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਨਾੜ ਨੂੰ ਅੱਗ ਲਾਉਣ ਦੀ ਥਾਂ ਕਿਸਾਨਾਂ ਨੂੰ ਮਾਹਿਰਾਂ ਵੱਲੋਂ ਦਿੱਤੇ ਸੁਝਾਵਾਂ ਅਨੁਸਾਰ ਨਾੜ ਪ੍ਰਬੰਧਾਂ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

Exit mobile version