ਹਥਿਆਰ ਨਾਲ ਲੈਸ ਦੋ ਨਕਾਬਪੋਸ਼ਾਂ ਨੇ ਵੈਟਰਨਰੀ ਡਾਕਟਰ ਤੋਂ ਨਕਦੀ ਤੇ ਮੋਬਾਈਲ ਖੋਹਿਆ

ਜਾਣਕਾਰੀ ਦੇਂਦੇ ਹੋਏ

ਗੁਰਦਾਸਪੁਰ, 23 ਅਪ੍ਰੈਲ (ਮੰਨਣ ਸੈਣੀ)। ਪੁਲਿਸ ਪ੍ਰਸ਼ਾਸਨ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਜਿੱਥੇ ਮੁਸਤੈਦੀ ਨਾਲ ਨਾਕੇ ਅਤੇ ਗਸ਼ਤ ਕੀਤੀ ਜਾ ਰਹੀ ਹੈ। ਦੂਜੇ ਪਾਸੇ ਵੀਰਵਾਰ ਦੇਰ ਸ਼ਾਮ ਕਲਾਨੌਰ ਸ਼ਾਲੇਚੱਕ ਰੋਡ ‘ਤੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਜੋਕਿ ਹਥਿਆਰਾਂ ਨਾਲ ਲੈਸ ਸੀ ਵੱਲੋਂ ਵੈਟਰਨਰੀ ਡਾਕਟਰ ਤੋਂ ਹਥਿਆਰਾਂ ਦੇ ਬੱਲ ਤੇ 4800 ਰੁਪਏ ਦੀ ਨਕਦੀ ਅਤੇ ਦੋ ਮੋਬਾਈਲ ਲੈ ਕੇ ਫਰਾਰ ਹੋ ਗਏ।

ਜਾਣਕਾਰੀ ਦਿੰਦਿਆਂ ਪੀੜਤ ਵੈਟਰਨਰੀ ਡਾਕਟਰ ਹਰਪ੍ਰੀਤ ਸਿੰਘ ਵਾਸੀ ਪਿੰਡ ਸ਼ਾਲੇਚੱਕ ਨੇ ਦੱਸਿਆ ਕਿ ਉਹ ਪਿੰਡ ਵਿੱਚ ਪਸ਼ੂਆਂ ਦਾ ਨਿੱਜੀ ਤੌਰ ’ਤੇ ਇਲਾਜ ਕਰਦੇ ਹਨ। ਵੀਰਵਾਰ ਰਾਤ ਕਰੀਬ 8 ਵਜੇ ਜਦੋਂ ਉਹ ਪਸ਼ੂਆਂ ਦਾ ਇਲਾਜ ਕਰਕੇ ਮੋਟਰਸਾਈਕਲ ‘ਤੇ ਪਿੰਡ ਉੱਪਲ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਗਊਸ਼ਾਲਾ ਨੇੜੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ਾਂ ਨੇ ਉਸ ਨੂੰ ਰੋਕ ਲਿਆ ਅਤੇ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਉਸ ਕੋਲੋਂ ਨਕਦੀ ਤੇ ਮੋਬਾਈਲ ਖੋਹ ਲਿਆ | . ਹਰਪ੍ਰੀਤ ਸਿੰਘ ਨੇ ਦੱਸਿਆ ਕਿ 4800 ਰੁਪਏ ਦੀ ਨਕਦੀ ਅਤੇ ਮੋਬਾਈਲਾਂ ਵਿੱਚ ਸੈਮਸੰਗ ਕੰਪਨੀ ਦੇ ਦੋ ਮੋਬਾਈਲ ਸ਼ਾਮਲ ਹਨ। ਪੈਸੇ ਅਤੇ ਮੋਬਾਈਲ ਖੋਹਣ ਤੋਂ ਬਾਅਦ ਲੁਟੇਰੇ ਕਲਾਨੋਰ ਵੱਲ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਨਕਾਬਪੋਸ਼ ਵਿਅਕਤੀ ਸਿਰ ਤੋਂ ਮੌਨੇ ਸੀ ਅਤੇ ਦੋਵਾਂ ਨੇ ਮੂੰਹ ਕੱਪੜਿਆਂ ਨਾਲ ਢਕੇ ਹੋਏ ਸਨ। ਇਸ ਸਬੰਧੀ ਥਾਣਾ ਕਲਾਨੌਰ ਵਿਖੇ ਰਿਪੋਰਟ ਦਰਜ ਕਰਵਾਈ ਗਈ ਹੈ। ਇਸ ਮੌਕੇ ਉਨ੍ਹਾਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲੁਟੇਰਿਆਂ ਦੀ ਤੁਰੰਤ ਭਾਲ ਕੀਤੀ ਜਾਵੇ ਅਤੇ ਰਾਤ ਸਮੇਂ ਪੁਲਿਸ ਦੀ ਗਸ਼ਤ ਤੇਜ਼ ਕੀਤੀ ਜਾਵੇ | ਇਸ ਮੌਕੇ ਠੇਕੇਦਾਰ ਬਲਬੀਰ ਸਿੰਘ ਅਤੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।

Exit mobile version