ਪਾਕਿਸਤਾਨੀ ਡਰੋਨ ਨੇ ਚਾਰ ਵਾਰ ਭਾਰਤ ‘ਚ ਕੀਤੀ ਘੁਸਪੈਠ, 166 ਰਾਉਂਡ ਫਾਇਰਿੰਗ ਕਰਕੇ ਭਜਾਇਆ, BSF-ਪੁਲਿਸ ਨੇ ਕੀਤੀ ਤਲਾਸ਼ੀ, ਕੋਈ ਬਰਾਮਦਗੀ ਨਹੀਂ

ਡਰੋਨ ਦਾ ਕਰੀਬ 45 ਮਿੰਟ ਤੱਕ ਭਾਰਤੀ ਸਰਹੱਦ ਅੰਦਰ ਰਹਿਣਾ, ਖ਼ਤਰੇ ਵੱਲ ਇਸ਼ਾਰਾ

ਬੀਐਸਐਫ ਦੇ ਆਈਜੀ ਅਤੇ ਐਸਐਸਪੀ ਗੁਰਦਾਸਪੁਰ ਨੇ ਖੁਦ ਮੌਕੇ ਦਾ ਜਾਇਜ਼ਾ ਲਿਆ

ਗੁਰਦਾਸਪੁਰ, 23 ਅਪ੍ਰੈਲ (ਮੰਨਣ ਸੈਣੀ)। ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਸਥਿਤ ਕਸਬਾ ਦੋਰਾਂਗਲਾ ‘ਚ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੀ ਚੌਕੀ ਆਦੀਆਂ ਚ ਸ਼ੁੱਕਰਵਾਰ ਦੇਰ ਰਾਤ ਪਾਕਿਸਤਾਨੀ ਡਰੋਨਾਂ ਦੀ ਗਤੀਵਿਧੀ ਰਿਕਾਰਡ ਕੀਤੀ ਗਈ। ਬੀਐਸਐਫ ਜਵਾਨਾਂ ਵੱਲੋਂ ਭਾਰੀ ਮਾਤਰਾ ਵਿੱਚ ਗੋਲੀਬਾਰੀ ਕਰਨ ਤੋਂ ਬਾਅਦ ਡਰੋਨ ਨੂੰ ਵਾਪਸ ਭਜਾ ਦਿੱਤਾ ਗਿਆ। ਇਸ ਤੋਂ ਬਾਅਦ ਬੀਐਸਐਫ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਇਲਾਕੇ ਵਿੱਚ ਚੈਕਿੰਗ ਅਭਿਆਨ ਵੀ ਚਲਾਇਆ ਗਿਆ ਪਰ ਕੋਈ ਬਰਾਮਦਗੀ ਨਹੀਂ ਹੋਈ। ਉਧਰ, ਇਸ ਸਬੰਧੀ ਬੀਐਸਐਫ ਦੇ ਆਈਜੀ ਅਤੇ ਗੁਰਦਾਸਪੁਰ ਦੇ ਐਸਐਸਪੀ ਨੇ ਖ਼ੁਦ ਜਾ ਕੇ ਮੌਕੇ ਦਾ ਜਾਇਜ਼ਾ ਲਿਆ ਅਤੇ ਸਰਹੱਦ ’ਤੇ ਸਥਿਤ ਲੋਕਾਂ ਨਾਲ ਗੱਲਬਾਤ ਕੀਤੀ।

ਮਿਲੀ ਜਾਣਕਾਰੀ ‘ਤੇ ਬੀਐਸਐਫ ਦੀ 58 ਬਟਾਲੀਅਨ ਦੇ ਜਵਾਨਾਂ ਨੇ ਸਭ ਤੋਂ ਪਹਿਲਾਂ ਕਰੀਬ 11.40 ਮਿੰਟ ‘ਤੇ ਪਾਕਿਸਤਾਨੀ ਡਰੋਨ ਦੀ ਆਵਾਜ਼ ਸੁਣੀ ਅਤੇ 37 ਦੇ ਕਰੀਬ ਫਾਇਰ ਵੀ ਕੀਤੇ ਅਤੇ ਕਰੀਬ 11 ਮਿੰਟ ਰੁਕਣ ਤੋਂ ਬਾਅਦ 11.51 ਮਿੰਟ ‘ਤੇ ਡਰੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ। ਇਸ ਤਰ੍ਹਾਂ ਤੜਕੇ 3 ਵਜੇ ਤੱਕ ਕੁੱਲ ਚਾਰ ਵਾਰ ਡਰੋਨ ਭਾਰਤੀ ਸਰਹੱਦ ਵਿੱਚ ਆਇਆ। ਕੁੱਲ ਮਿਲਾ ਕੇ ਚਾਰ ਵਾਰ ਵਿੱਚ ਡਰੋਨ ਲਗਭਗ 45 ਮਿੰਟ ਤੱਕ ਭਾਰਤੀ ਖੇਤਰ ਵਿੱਚ ਰੁਕਿਆ ਰਿਹਾ। ਇਸ ਦੌਰਾਨ ਬੀਐਸਐਫ ਦੇ ਜਵਾਨਾਂ ਵੱਲੋਂ ਕੁੱਲ 166 ਰਾਉਂਡ ਫਾਇਰਿੰਗ ਕਰਕੇ ਪਾਕਿਸਤਾਨੀ ਡਰੋਨ ਨੂੰ ਪਿੱਛੇ ਹਟਾਇਆ ਗਿਆ।

ਇਸ ਘੁਸਪੈਠ ਤੋਂ ਬਾਅਦ ਬੀਐਸਐਫ ਅਤੇ ਗੁਰਦਾਸਪੁਰ ਪੁਲਿਸ ਵੱਲੋਂ ਸਵੇਰ ਦੀ ਪਹਿਲੀ ਕਿਰਨ ਨਾਲ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਸਬੰਧੀ ਬੀਐਸਐਫ ਪੰਜਾਬ ਫਰੰਟੀਅਰ ਦੇ ਆਈਜੀ ਆਸਿਫ਼ ਜਲਾਲ ਅਤੇ ਗੁਰਦਾਸਪੁਰ ਦੇ ਐਸਐਸਪੀ ਹਰਜੀਤ ਸਿੰਘ ਨੇ ਵੀ ਮੌਕੇ ਦਾ ਜਾਇਜ਼ਾ ਲਿਆ। ਪਰ ਇਸ ਦੌਰਾਨ ਕੋਈ ਵਸੂਲੀ ਨਹੀਂ ਹੋਈ। ਉਧਰ, ਉਨ੍ਹਾਂ ਵੱਲੋਂ ਸਰਹੱਦੀ ਖੇਤਰ ਵਿੱਚ ਰਹਿੰਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਸਹਿਯੋਗ ਮੰਗਿਆ ਗਿਆ।

ਐਸਐਸਪੀ ਗੁਰਦਾਸਪੁਰ ਹਰਜੀਤ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਪੁਲੀਸ ਵੱਲੋਂ ਸਰਹੱਦੀ ਇਲਾਕਿਆਂ ਵਿੱਚ ਪੁਲੀਸ ਪਹਿਰਾ ਸਖ਼ਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਬੀ.ਐਸ.ਐਫ ਸਮੇਤ ਸਰਹੱਦੀ ਖੇਤਰ ਦੇ ਲੋਕਾਂ ਨਾਲ ਮੀਟਿੰਗਾਂ ਕਰਕੇ ਸਹਿਯੋਗ ਦੀ ਅਪੀਲ ਵੀ ਕੀਤੀ ਹੈ। ਇਸ ਦੇ ਨਾਲ ਹੀ ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਉਥੇ ਮੌਜੂਦ ਲੋਕਾਂ ਨੂੰ ਕਿਹਾ ਗਿਆ ਹੈ ਕਿ ਡਰੋਨ ਨਾਲ ਹੋਣ ਵਾਲੀ ਕਿਸੇ ਵੀ ਤਸਕਰੀ ਬਾਰੇ ਸੂਚਨਾ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਇੱਕ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ।

ਕੁੱਲ ਮਿਲਾ ਕੇ 46 ਮਿੰਟਾਂ ਤੱਕ ਡਰੋਨ ਦੀ ਮੌਜੂਦਗੀ ਖਤਰੇਂ ਦੀ ਘੰਟੀ

ਇਸ ਪੂਰੇ ਆਪ੍ਰੇਸ਼ਨ ਦੌਰਾਨ ਬੇਸ਼ੱਕ ਪਾਕਿਸਤਾਨੀ ਡਰੋਨਾਂ ਨੂੰ ਬੀਐਸਐਫ ਜਵਾਨਾਂ ਨੇ ਚਾਰ ਵਾਰ ਪਿੱਛੇ ਹਟਣ ਲਈ ਮਜ਼ਬੂਰ ਕੀਤਾ। ਪਰ ਪਾਕਿਸਤਾਨੀ ਡਰੋਨਾਂ ਦਾ ਭਾਰਤੀ ਖੇਤਰ ਵਿੱਚ 46 ਮਿੰਟ ਤੱਕ ਰੁਕਣਾ ਵੱਡੇ ਸਵਾਲ ਖੜੇ ਕਰਦਾ ਹੈ ਅਤੇ ਖਤਰੇ ਦੀ ਘੰਟੀ ਹੈ। ਇਸ ਦੌਰਾਨ ਹਥਿਆਰ ਜਾਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਇਲਾਕੇ ਦੀ ਰੇਕੀ ਵੀ ਕੀਤੀ ਜਾ ਸਕਦੀ ਹੈ ਜਿਸ ਰਾਹੀਂ ਘੁਸਪੈਠ ਆਸਾਨੀ ਨਾਲ ਕੀਤੀ ਜਾ ਸਕੇ ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜਨਵਰੀ 2018 ਵਿੱਚ ਵੀ ਬੀਐਸਐਫ ਨੇ ਇਸੇ ਚੌਕੀ ਤੋਂ ਹੈਰੋਇਨ ਦੇ ਕੁੱਲ 19 ਪੈਕੇਟ ਬਰਾਮਦ ਕੀਤੇ ਸਨ। ਪੰਜਾਬ ਵਿੱਚ ਡਰੋਨਾਂ ਰਾਹੀਂ ਹਥਿਆਰਾਂ ਦੀ ਸਪਲਾਈ ਕੀਤੀ ਗਈ ਹੈ। ਇਸੇ ਤਰ੍ਹਾਂ ਪਾਕਿਸਤਾਨੀ ਅੱਤਵਾਦੀਆਂ ਨੇ ਗੁਰਦਾਸਪੁਰ ਸੈਕਟਰ ਤੋਂ ਪਹਿਲਾ ਰੇਕੀ ਕਰ ਬਾਅਦ ਵਿੱਚ ਘੁਸਪੈਠ ਕਰ ਦੀਨਾਨਗਰ ਅਤੇ ਪਠਾਨਕੋਟ ਚ ਅੱਤਵਾਦੀ ਹਮਲੇ ਕੀਤੇ ਸਨ।

Exit mobile version