ਕੁਮਾਰ ਵਿਸ਼ਵਾਸ ਤੋਂ ਬਾਅਦ ਪੰਜਾਬ ਪੁਲੀਸ ਕਾਂਗਰਸੀ ਨੇਤਾ ਅਲਕਾ ਲਾਂਬਾ ਦੇ ਘਰ ਵੀ ਪੁੱਜੀ

ਦਿੱਲੀ ਬੈਠੇ ਬੰਦੇ ਤੋਂ ਭਗਵੰਤ ਮਾਨ ਤੇ ਪੰਜਾਬ ਸਾਵਧਾਨ ਰਹਿਣ: ਕੁਮਾਰ ਵਿਸ਼ਵਾਸ

ਰੂਪਨਗਰ, 20 ਅਪ੍ਰੈਲ। ਰੂਪਨਗਰ ਪੁਲੀਸ ਵੱਲੋਂ ਆਈਟੀ ਐਕਟ ਤਹਿਤ ਕੇਸ ਦਰਜ ਕਰਨ ਬਾਅਦ ਪੰਜਾਬ ਪੁਲੀਸ ਕਵੀ ਕੁਮਾਰ ਵਿਸ਼ਵਾਸ ਦੇ ਗਾਜ਼ੀਆਬਾਦ ਸਥਿਤ ਘਰ ਪੁੱਜੀ। ਇਸ ਕਵੀ ਖ਼ਿਲਾਫ਼ ਰੂਪਨਗਰ ਦੇ ਥਾਣਾ ਸਦਰ ਵਿੱਚ ਆਈਪੀਸੀ ਦੀ ਧਾਰਾ 153, 505, 323, 341, 506 ਤੇ 120 ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸਾਬਕਾ ਨੇਤਾ ਅਤੇ ਕਵੀ ਕੁਮਾਰ ਵਿਸ਼ਵਾਸ ਨੇ ਟਵੀਟ ਕਰਕੇ ਦੱਸਿਆ ਕਿ ਪੰਜਾਬ ਪੁਲੀਸ ਅੱਜ ਸਵੇਰੇ ਉਨ੍ਹਾਂ ਦੇ ਘਰ ਪਹੁੰਚੀ। ਉਨ੍ਹਾਂ ਨੇ ਆਪਣੇ ਘਰ ਪੁੱਜੀ ਪੁਲੀਸ ਵਾਲਿਆਂ ਦੀਆਂ ਕੁਝ ਤਸਵੀਰਾਂ ਵੀ ਟਵੀਟ ਕੀਤੀਆਂ।

ਉਨ੍ਹਾਂ ਕਿਹਾ ਕਿਸ ਸਵੇਰੇ ਪੰਜਾਬ ਪੁਲੀਸ ਉਨ੍ਹਾਂ ਦੇ ਘਰ ਪੁੱਜੀ। ਇਕ ਸਮੇਂ ਮੇਰੇ ਵੱਲੋਂ ਪਾਰਟੀ ਵਿੱਚ ਸ਼ਾਮਲ ਕਰਵਾਏ ਗਏ ਭਗਵੰਤ ਮਾਨ ਨੂੰ ਸਾਵਧਾਨ ਕਰਦਾ ਹਾਂ ਕਿ ਉਹ ਦਿੱਲੀ ’ਚ ਬੈਠੇ ਜਿਸ ਆਦਮੀ ਨੂੰ ਪੰਜਾਬ ਦੇ ਲੋਕਾਂ ਵੱਲੋਂ ਦਿੱਤੀ ਤਾਕਤ ਨਾਲ ਖੇਡਣ ਦੇ ਰਹੇ ਹਨ ਉਹ ਇਕ ਦਿਨ ਮਾਨ ਤੇ ਪੰਜਾਬ ਨੂੰ ਧੋਖਾ ਦੇਵੇਗਾ। ਮੇਰੀ ਚੇਤਾਵਨੀ ਯਾਦ ਰੱਖੀਂ। 

ਇਸ ਦੌਰਾਨ ਅੱਜ ਸਵੇਰੇ ਕਵੀ ਕੁਮਾਰ ਵਿਸ਼ਵਾਸ ਦੇ ਘਰ ਜਾਣ ਤੋਂ ਬਾਅਦ ਪੰਜਾਬ ਪੁਲੀਸ ਕਾਂਗਰਸੀ ਆਗੂ ਅਲਕਾ ਲਾਂਬਾ ਦੇ ਘਰ ਪੁੱਜ ਗਈ। ਅਲਕਾ ਲਾਂਬਾ ਨੇ ਵੀ ਕੁਮਾਰ ਵਿਸ਼ਵਾਸ ਵਾਂਗ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ, ‘ਪੰਜਾਬ ਪੁਲੀਸ ਮੇਰੇ ਘਰ ਪਹੁੰਚ ਗਈ ਹੈ।’ ਸਵੇਰੇ ਜਦੋਂ ਕੁਮਾਰ ਦੇ ਘਰ ਪੁਲੀਸ ਪੁੱਜੀ ਸੀ ਤਾਂ ਅਲਕਾ ਨੇ ਟਵੀਟ ਕਰਕੇ ਕਿਹਾ ਸੀ ਕਿ ਹੁਣ ਸਮਝ ਆਈ ਕਿ ਆਪ ਨੂੰ ਪੁਲੀਸ ਕਿਉਂ ਚਾਹੀਦੀ ਹੈ। ਇਸ ਤੋਂ ਬਾਅਦ ਕੀਤੇ ਟਵੀਟ ਵਿੱਚ ਅਲਕਾ ਲਾਂਬਾ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਘਰ ਦੀ ਕੰਧ ‘ਤੇ ਨੋਟਿਸ ਚਿਪਕਾ ਕੇ ਗਈ ਹੈ ਅਤੇ ਜਾਂਦੇ ਜਾਂਦੇ ਆਪ ਦੀ ਭਗਵੰਤ ਮਾਨ ਸਰਕਾਰ ਵੱਲੋਂ ਧਮਕੀ ਵੀ ਦਿੱਤੀ ਹੈ ਕਿ ਜੇਕਰ ਉਹ 26 ਅਪ੍ਰੈਲ ਨੂੰ ਥਾਣੇ ਵਿੱਚ ਪੇਸ਼ ਨਹੀਂ ਹੁੰਦੇ ਤਾਂ ਨਤੀਜੇ ਮਾੜੇ ਹੋਣਗੇ। ਲਾਂਬਾ ਨੇ ਲਿਖਿਆ ਕਿ ਕਾਂਗਰਸ ਦਾ ਇਹ ਗਾਂਧੀਵਾਦੀ ਸਿਪਾਹੀ ਵੱਡੀਆਂ ਸੰਘਿਆਂ ਤੋਂ ਨਹੀਂ ਡਰੀ ਸੀ, ਛੋਟੇ ਸੰਘੀ ਦੀ ਤਾ ਗੱਲ ਹੀ ਛੱਡ ਦੇਵੋ।

Exit mobile version