ਗੈਂਗਸਟਰ ਭਿਖਾਰੀਵਾਲ ਨੇ ਗੁਰਦਾਸਪੁਰ ਦੇ ਪ੍ਰਾਪਰਟੀ ਡੀਲਰ ਤੋਂ ਮੰਗੀ 1.50 ਕਰੋੜ ਰੁਪਏ ਦੀ ਫਿਰੌਤੀ,ਵਟਸਐਪ ਕਾਲ ਅਤੇ ਮੈਸੇਜ ਰਾਹੀਂ ਮੰਗੀ ਗਈ ਫਿਰੌਤੀ ਦੀ ਰਕਮ

ਫਿਰੌਤੀ ਨਾ ਦੇਣ ‘ਤੇ ਜਾਨ-ਮਾਲ ਦੇ ਨੁਕਸਾਨ ਦੀ ਦਿੱਤੀ ਧਮਕੀ, ਮਾਮਲਾ ਦਰਜ

ਗੁਰਦਾਸਪੁਰ, 20 ਅਪ੍ਰੈਲ (ਮੰਨਣ ਸੈਣੀ)। ਗੁਰਦਾਸਪੁਰ ਦੇ ਇੱਕ ਪ੍ਰਾਪਰਟੀ ਡੀਲਰ ਤੋਂ ਜੇਲ੍ਹ ਵਿੱਚ ਬੰਦ ਗੈਂਗਸਟਰ ਸੁੱਖ ਭਿਖਾਰੀਵਾਲ ਅਤੇ ਵਿਦੇਸ਼ ਵਿੱਚ ਰਹਿੰਦੇ ਗੈਂਗਸਟਰ ਲਵੀ ਨੇ ਡੇਢ ਕਰੋੜ ਰੁਪਏ ਦੀ ਫਿਰੌਤੀ ਮੰਗੀ ਮੰਗੀ ਹੈ। ਇਹ ਫਿਰੌਤੀ ਵਟਸਐਪ ਕਾਲਾਂ ਅਤੇ ਸੰਦੇਸ਼ਾਂ ਰਾਹੀਂ ਮੰਗੀ ਗਈ ਹੈ ਅਤੇ ਫਿਰੌਤੀ ਨਾ ਦੇਣ ‘ਤੇ ਜਾਨ-ਮਾਲ ਦੇ ਨੁਕਸਾਨ ਦੀ ਧਮਕੀ ਵੀ ਦਿੱਤੀ ਗਈ ਹੈ। ਇਸ ਸਬੰਧੀ ਥਾਣਾ ਸਿਟੀ ਦੀ ਪੁਲਿਸ ਨੇ ਸ਼ਿਕਾਇਤਕਰਤਾ ਡੀਲਰ ਦੇ ਬਿਆਨਾਂ ਦੇ ਆਧਾਰ ’ਤੇ ਦੋਵਾਂ ਗੈਂਗਸਟਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਸਿਮਰਜੀਤ ਸਿੰਘ (ਸਾਹਿਬ) ਪੁੱਤਰ ਗੁਰਦਿਆਲ ਸਿੰਘ ਵਾਸੀ ਸੰਗਲਪੁਰਾ ਰੋਡ ਗੁਰਦਾਸਪੁਰ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਉਸ ਨੂੰ ਗੈਂਗਸਟਰ ਸੁਖਮੀਤਪਾਲ ਸਿੰਘ ਉਰਫ ਸੁੱਖ ਭਿਖਾਰੀਵਾਲ ਵਾਸੀ ਪਿੰਡ ਭਿਖਾਰੀਵਾਲ ਅਤੇ ਉਸ ਦੇ ਸਾਥੀ ਗੈਂਗਸਟਰ ਲਵਦੀਪ ਸਿੰਘ ਉਰਫ ਲਵੀ ਵਾਸੀ ਨਬੀਪੁਰ ਜੋ ਹੁਣ ਨਿਊਜ਼ੀਲੈਂਡ ਰਹਿੰਦਾ ਹੈ ਦੇ ਵਟਸਐਪ ਕਾਲ ਅਤੇ ਮੈਸੇਜ ਆਇਆ। ਜਿਸ ਵਿੱਚ ਗੈਂਗਸਟਰਾਂ ਨੇ ਜਾਨੀ ਅਤੇ ਮਾਲੀ ਨੂੰ ਧਮਕੀਆਂ ਦੇ ਕੇ ਉਸ ਤੋਂ ਇੱਕ ਕਰੋੜ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਗੈਂਗਸਟਰ ਸੁੱਖ ਭਿਖਾਰੀਵਾਲ ਜੇਲ ‘ਚ ਬੰਦ ਹੈ ਅਤੇ ਲਵੀ ਨਿਊਜ਼ੀਲੈਂਡ ‘ਚ ਰਹਿੰਦਾ ਹੈ। ਸੁੱਖ ਭਿਖਾਰੀਵਾਲ ਵੱਲੋਂ ਅਗਰ ਕਾਲ ਜੇਲ੍ਹ ਪ੍ਰਸ਼ਾਸਨ ‘ਤੇ ਵੱਡੇ ਸਵਾਲ ਖੜ੍ਹੇ ਕਰਦੀ ਹੈ।

ਇਸ ਸੰਬੰਧੀ ਐੱਸਐੱਚਓ ਸਿਟੀ ਗੁਰਮੀਤ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਦੇ ਬਿਆਨਾਂ ਦੇ ਆਧਾਰ ‘ਤੇ ਦੋਵਾਂ ਗੈਂਗਸਟਰਾਂ ਦੇ ਖਿਲਾਫ ਫਿਰੌਤੀ ਮੰਗਣ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਜੇ ਜਾਂਚ ਚੱਲ ਰਹੀ ਹੈ। ਪੁਲਿਸ ਵੱਲੋਂ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ‘ਤੇ ਹੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਸਬੰਧੀ ਆਈ.ਟੀ.ਐਕਟ ਵੱਲੋਂ ਜਾਂਚ ਕੀਤੀ ਜਾਵੇਗੀ। ਜਿਸ ਤੋਂ ਬਾਅਦ ਇਹ ਤੈਅ ਕੀਤਾ ਜਾਵੇਗਾ ਕਿ ਫੋਨ ਕਿੱਥੋਂ ਆਇਆ।

Exit mobile version