ਬੈਂਕ ਦਾ ਕਰਜ਼ਾ ਮੋੜਨ ਤੋਂ ਅਸਮਰੱਥ ਪ੍ਰੇਸ਼ਾਨ ਵਿਅਕਤੀ ਨੇ ਬੈਂਕ ਮੁਲਾਜ਼ਮ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਨਿਗਲ ਦਿੱਤੀ ਜਾਨ, ਬੈਂਕ ਮੁਲਾਜ਼ਮ ਖਿਲਾਫ਼ ਮਾਮਲਾ ਦਰਜ

ਮ੍ਰਿਤਕ ਨੇ ਪਤਨੀ ਦੇ ਨਾਂ ‘ਤੇ ਲਿਆ ਸੀ ਕਰਜ਼ਾ, ਮ੍ਰਿਤਕ ਕੋਲੋਂ ਸੁਸਾਈਡ ਨੋਟ ਬਰਾਮਦ

ਗੁਰਦਾਸਪੁਰ, 4 ਅਪ੍ਰੈਲ (ਮੰਨਣ ਸੈਣੀ)। ਬੈਂਕ ਦਾ ਕਰਜ਼ਾ ਮੋੜਨ ਤੋਂ ਅਸਮਰੱਥ ਹੋਕੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਪਿੰਡ ਅਬਲਖੈਰ ਕਲੋਨੀ ਦੇ ਵਸਨੀਕ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਜਿਸ ਨੂੰ ਇਲਾਜ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਕੋਲੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਜਿਸ ‘ਚ ਉਸ ਨੇ ਲਿਖਿਆ ਹੈ ਕਿ ਉਹ ਬੈਂਕ ਮੁਲਾਜ਼ਮ ਦੀ ਤਸ਼ੱਦਦ ਤੋਂ ਤੰਗ-ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਰਿਹਾ ਹੈ। ਮ੍ਰਿਤਕ ਨੇ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਆਪਣੀ ਪਤਨੀ ਦੇ ਨਾਂ ‘ਤੇ ਬੈਂਕ ਤੋਂ 50,000 ਰੁਪਏ ਦਾ ਕਰਜ਼ਾ ਲਿਆ ਸੀ। ਇਸ ਸਬੰਧੀ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਬੈਂਕ ਮੁਲਾਜ਼ਮ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਯਸ਼ਪਾਲ ਗਿੱਲ ਪੁੱਤਰ ਮੁਖਤਿਆਰ ਮਸੀਹ ਵਜੋਂ ਹੋਈ ਹੈ।

ਮ੍ਰਿਤਕ ਦੇ ਭਰਾ ਰਾਜ ਕੁਮਾਰ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਯਸ਼ਪਾਲ ਗਿੱਲ ਨੇ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਆਪਣੀ ਪਤਨੀ ਦੇ ਨਾਂ ‘ਤੇ ਗੁਰਦਾਸਪੁਰ ਦੇ ਇਕ ਬੈਂਕ ਤੋਂ 50,000 ਰੁਪਏ ਦਾ ਕਰਜ਼ਾ ਲਿਆ ਸੀ। ਉਸ ਦਾ ਭਰਾ ਸਮੇਂ-ਸਮੇਂ ‘ਤੇ ਕਿਸ਼ਤਾਂ ਦੇ ਰਿਹਾ ਸੀ। ਪਰ ਅਚਾਨਕ ਕਰੋਨਾ ਮਹਾਮਾਰੀ ਕਾਰਨ ਉਸ ਦੇ ਭਰਾ ਦਾ ਕੰਮ ਠੱਪ ਹੋ ਗਿਆ। ਜਿਸ ਤੋਂ ਬਾਅਦ ਘਰ ਦੀ ਆਰਥਿਕ ਹਾਲਤ ਇੰਨੀ ਮਾੜੀ ਹੋ ਗਈ ਕਿ ਉਹ ਬੈਂਕ ਦਾ ਕਰਜ਼ਾ ਮੋੜਨ ਤੋਂ ਅਸਮਰੱਥ ਸੀ। ਉਧਰ, ਬੈਂਕ ਦੇ ਇੱਕ ਮੁਲਾਜ਼ਮ ਨੇ ਉਸ ਦੇ ਭਰਾ ਨੂੰ ਕਰਜ਼ਾ ਚੁਕਾਉਣ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਉਸ ਦਾ ਭਰਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਉਸ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਬੈਂਕ ਮੁਲਾਜ਼ਮ ਉਸ ਦੇ ਭਰਾ ਦੇ ਘਰ ਆਇਆ ਅਤੇ ਕਰਜ਼ੇ ਦੇ ਪੈਸੇ ਮੋੜਨ ਲਈ ਧਮਕੀਆਂ ਦੇਣ ਲੱਗਾ। ਬੈਂਕ ਮੁਲਾਜ਼ਮ ਦੀਆਂ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਉਸ ਦੇ ਭਰਾ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ। ਜਿਸ ਦੀ ਸੂਚਨਾ ਮਿਲਦੇ ਹੀ ਉਹ ਉਸਨੂੰ ਤੁਰੰਤ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਲੈ ਗਏ। ਜਿੱਥੇ ਇਲਾਜ ਦੌਰਾਨ ਉਸ ਦੇ ਭਰਾ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਉਸ ਦੇ ਭਰਾ ਕੋਲੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ।

ਚੌਕੀ ਬਰਿਆੜ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਆਸ਼ਾ ਦੇ ਬਿਆਨਾਂ ਦੇ ਆਧਾਰ ’ਤੇ ਬੈਂਕ ਮੁਲਾਜ਼ਮ ਰਸ਼ਪਾਲ ਭਗਤ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

Exit mobile version