ਪ੍ਰਤਾਪ ਸਿੰਘ ਬਾਜਵਾ ਨੇ ਦਿੱਤਾ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ, ਪੰਜਾਬ ਦੀ ਨੁਮਾਇੰਦਗੀ ਕਰ ਰਹੇ ਸਨ ਬਾਜਵਾ, ਖੇਤੀ ਕਾਨੂੰਨਾ ਦੇ ਵਿਰੋਧ ਵਿੱਚ ਕਿਸਾਨੀ ਹੱਕਾ ਖਾਤਿਰ ਲਗਾਈ ਸੀ ਰਾਜ ਸਭਾ ਵਿੱਚ ਦਹਾੜ

ਗੁਰਦਾਸਪੁਰ, 21 ਮਾਰਚ (ਮੰਨਣ ਸੈਣੀ)। ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਵਾਲੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫ਼ਾ  ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੂੰ ਸੌਂਪ ਦਿੱਤਾ ਹੈ। ਬਾਜਵਾ ਨੇ 16ਵੀਂ ਪੰਜਾਬ ਵਿਧਾਨ ਸਭਾ ਲਈ ਆਪਣੀ ਚੋਣ ਦਾ ਹਵਾਲਾ ਦਿੰਦੇ ਹੋਏ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।

ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਅਸਤੀਫ਼ੇ ਵਿੱਚ ਕਿਹਾ ਕਿ ਪਿਛਲੇ 6 ਸਾਲਾਂ ਦੌਰਾਨ ਮੈਨੂੰ ਸਦਨ ਵਿੱਚ ਪੰਜਾਬ ਰਾਜ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਹੈ। ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਵਿਧਾਨ ਸਭਾ ਚੋਣਾਂ ‘ਚ ਪ੍ਰਤਾਪ ਸਿੰਘ ਬਾਜਵਾ ਕਾਦੀਆਂ ਸੀਟ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਜਿੱਤੇ ਹਨ। ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੀ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਵੱਲ਼ੋਂ ਖੇਤੀ ਕਾਨੂੰਨਾ ਦੇ ਚਲਦੇ ਰਾਜ ਸਭਾ ਵਿੱਚ ਕਿਸਾਨਾਂ ਦੀ ਆਵਾਜ ਬੁਲੰਦ ਕਰਦੇ ਹੋਏ ਕਿਸਾਨੀ ਹੱਕਾ ਖਾਤਿਰ ਐਨਡੀਏ ਸਰਕਾਰ ਖਿਲਾਫ ਦਹਾੜ ਲਗਾਈ ਗਈ ਸੀ। ਪ੍ਰਤਾਪ ਸਿੰਘ ਬਾਜਵਾ ਹੁਣ ਜ਼ਿਲਾ ਗੁਰਦਾਸਪੁਰ ਦੇ ਕਾਦੀਆਂ ਹਲਕੇ ਤੋਂ ਵਿਧਾਇਕ ਚੁਣੇ ਗਏ ਹਨ।

ਪ੍ਰਤਾਪ ਸਿੰਘ ਬਾਜਵਾ ਦਾ ਰਾਜ ਸਭਾ ਕਾਰਜਕਾਲ ਇਸ ਮਹੀਨੇ ਖ਼ਤਮ ਹੋ ਰਿਹਾ ਹੈ। ਪਿਛਲੇ ਹਫ਼ਤੇ ਚੋਣ ਕਮਿਸ਼ਨ ਨੇ ਸੂਬੇ ਦੀਆਂ 5 ਸੀਟਾਂ ਲਈ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ। ਸਾਰੀਆਂ ਪੰਜ ਸੀਟਾਂ ‘ਤੇ 31 ਮਾਰਚ ਨੂੰ ਵੋਟਾਂ ਪੈਣਗੀਆਂ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ 5 ਸੀਟਾਂ ‘ਚੋਂ 4 ਸੀਟਾਂ ਆਮ ਆਦਮੀ ਪਾਰਟੀ ਅਤੇ 1 ਸੀਟ ਕਾਂਗਰਸ ਦੇ ਹਿੱਸੇ ਜਾ ਸਕਦੀ ਹੈ।

Exit mobile version