PM ਮੋਦੀ ਦੀ ਐਮਰਜੈਂਸੀ ਮੀਟਿੰਗ: ਸਿੰਧੀਆ-ਰਿਜਿਜੂ ਸਮੇਤ ਚਾਰ ਕੇਂਦਰੀ ਮੰਤਰੀਆਂ ਨੂੰ ਯੂਕਰੇਨ ਦੇ ਗੁਆਂਢੀ ਮੁਲਕਾਂ ਵਿੱਚ ਭੇਜਿਆ ਜਾਵੇਗਾ, ਵਿਦਿਆਰਥੀਆਂ ਨੂੰ ਕੱਢਣ ਵਿੱਚ ਕਰਨਗੇ ਮਦਦ

ਨਵੀਂ ਦਿੱਲੀ। ਯੂਕਰੇਨ ਸੰਕਟ ਦੇ ਚਲਦਿਆਂ ਹਾਲਾਤ ਹਰ ਰੋਜ ਬੇਹਦ ਖਰਾਬ ਹੁੰਦੇ ਜਾ ਰਹੇ ਹਨ। ਅਜਿਹੇ ‘ਚ ਉੱਥੇ ਫਸੇ ਭਾਰਤੀਆਂ ਦੀ ਚਿੰਤਾ ਵੀ ਵਧਦੀ ਜਾ ਰਹੀ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮੁੜ ਉੱਚ ਪੱਧਰੀ ਐਮਰਜੈਂਸੀ ਮੀਟਿੰਗ ਬੁਲਾਈ ਹੈ। ਸੂਤਰਾਂ ਮੁਤਾਬਕ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਚਾਰ ਕੇਂਦਰੀ ਮੰਤਰੀਆਂ ਨੂੰ ਯੂਕਰੇਨ ਦੇ ਸਰਹੱਦੀ ਮੁਲਕਾਂ ਵਿੱਚ ਭੇਜਿਆ ਜਾ ਸਕਦਾ ਹੈ।

ਨਿਊਜ਼ ਏਜੰਸੀ ਏਐਨਆਈ ਮੁਤਾਬਕ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਜੋਤੀਰਾਦਿੱਤਿਆ ਸਿੰਧੀਆ, ਕਿਰਨ ਰਿਜਿਜੂ ਅਤੇ ਜਨਰਲ ਵੀਕੇ ਸਿੰਘ ਨੂੰ ਯੂਕਰੇਨ ਦੇ ਗੁਆਂਢੀ ਮੁਲਕਾਂ ਵਿੱਚ ਭੇਜਿਆ ਜਾ ਸਕਦਾ ਹੈ। ਇਹ ਮੰਤਰੀ ਨਿਕਾਸੀ ਮਿਸ਼ਨ ਲਈ ਦੂਜੇ ਦੇਸ਼ਾਂ ਨਾਲ ਤਾਲਮੇਲ ਕਰਨਗੇ ਅਤੇ ਉੱਥੇ ਫਸੇ ਭਾਰਤੀ ਵਿਦਿਆਰਥੀਆਂ ਦੀ ਮਦਦ ਲਈ ਕੰਮ ਕਰਨਗੇ।

ਹੁਣ ਤੱਕ 1100 ਤੋਂ ਵੱਧ ਭਾਰਤੀ ਵਿਦਿਆਰਥੀ ਵਾਪਸ ਆ ਚੁੱਕੇ ਹਨ
ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਸਰਕਾਰ ਵੱਲੋਂ ਆਪਰੇਸ਼ਨ ਗੰਗਾ ਸ਼ੁਰੂ ਕੀਤਾ ਗਿਆ ਸੀ। ਇਸ ਮਿਸ਼ਨ ਤਹਿਤ ਹੁਣ ਤੱਕ ਪੰਜ ਫਲਾਈਟਾਂ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਲੈ ਕੇ ਦਿੱਲੀ ਪਰਤ ਚੁੱਕੀਆਂ ਹਨ। ਸੋਮਵਾਰ ਸਵੇਰੇ ਹੀ ਇੱਕ ਫਲਾਈਟ 249 ਵਿਦਿਆਰਥੀਆਂ ਨੂੰ ਲੈ ਕੇ ਦਿੱਲੀ ਪਹੁੰਚੀ। ਇਸ ਤੋਂ ਪਹਿਲਾਂ 26 ਫਰਵਰੀ ਨੂੰ ਇਕ, 27 ਫਰਵਰੀ ਨੂੰ ਤਿੰਨ ਉਡਾਣਾਂ ਦਿੱਲੀ ਵਾਪਸ ਆਈਆਂ ਸਨ। ਇਨ੍ਹਾਂ ਨੂੰ ਰੋਮਾਨੀਆ ਰਾਹੀਂ ਦਿੱਲੀ ਲਿਆਂਦਾ ਗਿਆ ਹੈ। ਹੁਣ ਤੱਕ ਕਰੀਬ 1100 ਵਿਦਿਆਰਥੀਆਂ ਨੂੰ ਯੂਕਰੇਨ ਤੋਂ ਬਾਹਰ ਕੱਢਿਆ ਜਾ ਚੁੱਕਾ ਹੈ।

20 ਹਜ਼ਾਰ ਤੋਂ ਵੱਧ ਨਾਗਰਿਕ ਫਸੇ ਹੋਏ ਸਨ
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਭਾਰਤ ਦੇ ਬਿਆਨ ਮੁਤਾਬਕ ਯੂਕਰੇਨ ‘ਚ ਵਿਦਿਆਰਥੀ ਅਤੇ ਹੋਰਾਂ ਸਮੇਤ 20 ਹਜ਼ਾਰ ਤੋਂ ਵੱਧ ਭਾਰਤੀ ਰਹਿੰਦੇ ਹਨ। ਭਾਰਤ ਨੇ ਕਿਹਾ ਸੀ ਕਿ ਸਾਰੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਸਾਡੀ ਕੋਸ਼ਿਸ਼ ਹੈ। ਅਜੇ ਵੀ ਕਰੀਬ 18 ਹਜ਼ਾਰ ਭਾਰਤੀ ਯੂਕਰੇਨ ਵਿੱਚ ਫਸੇ ਹੋਏ ਹਨ। ਇਨ੍ਹਾਂ ਵਿਦਿਆਰਥੀਆਂ ਦੀ ਸੁਰੱਖਿਆ ਲਈ ਭਾਰਤੀ ਦੂਤਾਵਾਸ ਵੱਲੋਂ ਲਗਾਤਾਰ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ। ਸ਼ਨੀਵਾਰ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਜਿਸ ਵਿੱਚ ਸਾਰੇ ਵਿਦਿਆਰਥੀਆਂ ਨੂੰ ਯੂਕਰੇਨ ਦੇ ਪੱਛਮੀ ਖੇਤਰਾਂ ਵਿੱਚ ਜਾਣ ਲਈ ਕਿਹਾ ਗਿਆ ਸੀ।

Exit mobile version