ਪੰਜ ਸਾਲ ਸੱਤਾ ‘ਚ ਰਹੀ ਕਾਂਗਰਸ ਦੇ ਆਗੂਆਂ ਨੂੰ ਹੁਣ ਨਸ਼ਾ ਮਾਫੀਆ ਦੀ ਸਤਾਉਣ ਲੱਗੀ ਚਿੰਤਾ: ਭਗਵੰਤ ਮਾਨ

ਕਾਂਗਰਸੀ ਆਗੂ ਔਜਲਾ ਵੱਲੋਂ ਡੀਜੀਪੀ ਨੂੰ ਲਿਖੇ ਪੱਤਰ ਬਾਰੇ ਮਾਨ ਨੇ ਕਾਂਗਰਸ ਸਰਕਾਰ ‘ਤੇ ਚੁੱਕੇ ਸਵਾਲ

ਚੰਡੀਗੜ, 24 ਫਰਵਰੀ 2022। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਸੂਬੇ ‘ਚ ਚੱਲਦੇ ਡਰੱਗ ਮਾਫੀਆ ਅਤੇ ਨਸ਼ੇ ਦੇ ਜਾਰੀ ਕਹਿਰ ਬਾਰੇ ਹੁਣ ਸੱਤਾਧਾਰੀ ਕਾਂਗਰਸ ਦੇ ਆਗੂ ਵੀ ਦੁਹਾਈ ਪਾਉਣ ਲੱਗੇ ਹਨ। ਉਨਾਂ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਦੇ ਪੁਲੀਸ ਨੂੰ ਪੱਤਰ ਲਿਖ ਕੇ ਇਸ ਸੱਚ ਨੂੰ ਪ੍ਰਵਾਨ ਕਰ ਲਿਆ ਹੈ ਕਿ ਕਾਂਗਰਸ ਦੇ ਰਾਜ ਵਿੱਚ ਨਸ਼ੇ ਦਾ ਕਹਿਰ ਜਾਰੀ ਰਿਹਾ ਹੈ ਅਤੇ ਡਰੱਗ ਮਾਫੀਆ ਦਾ ਸਿਆਸੀ ਆਗੂਆਂ ਨਾਲ ਗੱਠਜੋੜ ਬਣਿਆ ਰਿਹਾ ਹੈ। ਮਾਨ ਨੇ ਕਾਂਗਰਸੀ ਆਗੂਆਂ ਨੂੰ ਕਿਹਾ ਕਿ ਉਹ ਹੁਣ ਪੰਜਾਬ ਦੇ ਮੁੱਦਿਆਂ ਬਾਰੇ ਦਿਖਾਵੇ ਦੀ ਚਿੰਤਾ ਕਰਨੀ ਹੀ ਛੱਡ ਦੇਣ, ਕਿਉਂਕਿ ਵੋਟਰਾਂ ਨੇ ਵੱਡੀ ਗਿਣਤੀ ਵੋਟਾਂ ਪਾ ਕੇ ਸੂਬੇ ਦੀ ਵਾਂਗਡੋਰ ਆਮ ਆਦਮੀ ਪਾਰਟੀ ਦੇ ਸਪੁਰਦ ਕਰ ਦਿੱਤੀ ਹੈ ਅਤੇ 10 ਮਾਰਚ ਤੋਂ ਬਾਅਦ ਪੰਜਾਬ ਦੀ ਫਿਜ਼ਾ ਬਦਲ ਜਾਵੇਗੀ।

ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਦੋਸ਼ ਲਾਇਆ, ”ਕਾਂਗਰਸ ਦੇ ਆਗੂਆਂ ਨੇ 2017 ‘ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸ੍ਰੀ ਗੁੱਟਕਾ ਸਾਹਿਬ ਫੜ ਕੇ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ ਸੀ। ਕਾਂਗਰਸ ਦੇ ਆਗੂ ਪੰਜ ਸਾਲ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਰਾਜਭਾਗ ਦਾ ਆਨੰਦ ਮਾਣਦੇ ਰਹੇ, ਪਰ ਨਾ ਨਸ਼ਾ ਖਤਮ ਹੋਇਆ ਅਤੇ ਨਾ ਹੀ ਨਸ਼ੇ ਮਾਫੀਆ ਦੇ ਸਰਪ੍ਰਸਤ ਸਿਆਸੀ ਆਗੂਆਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ। ਸਗੋਂ ਕਾਂਗਰਸੀ ਆਗੂਆਂ ਨੇ ਡਰੱਗ ਮਾਫੀਆ ਨਾਲ ਗੱਠਜੋੜ ਕਰਕੇ ਧਨ ਦੌਲਤ ਇੱਕਠੀ ਕਰਨ ‘ਤੇ ਹੀ ਜ਼ੋਰ ਲਾਈ ਰੱਖਿਆ।” ਉਨਾਂ ਕਿਹਾ ਕਿ ਹੁਣ ਜਦੋਂ ਪੰਜਾਬ ਵਿੱਚੋਂ ਕਾਂਗਰਸ ਦਾ ਰਾਜ ਖਤਮ ਹੋ ਗਿਆ ਹੈ ਤਾਂ ਕਾਂਗਰਸ ਦੇ ਆਗੂ ਸੂਬੇ ਦੇ ਪੁਲੀਸ ਮੁੱਖੀ ਨੂੰ ਚਿੱਠੀਆਂ ਲਿਖ ਕੇ ਨਸ਼ੇ ਦਾ ਕਹਿਰ ਜਾਰੀ ਰਹਿਣ ਦੀ ਦੁਹਾਈ ਦੇ ਰਹੇ ਹਨ ਅਤੇ ਪੁਲੀਸ ਮੁੱਖੀ ਦੇ ਘਰ ਅੱਗੇ ਧਰਨਾ ਲਾਉਣ ਦੀ ਚਿਤਾਵਨੀ ਦੇ ਰਹੇ ਹਨ। ਮਾਨ ਨੇ ਸਵਾਲ ਕੀਤੇ ਕਿ ਬੀਤੇ ਪੰਜ ਸਾਲਾਂ ਦੌਰਾਨ ਕਾਂਗਰਸ ਦੇ ਆਗੂ ਨਸ਼ੇ ਦੇ ਮੁੱਦੇ ‘ਤੇ ਕਿਉਂ ਚੁੱਪ ਰਹੇ? ਕਾਂਗਰਸੀ ਆਗੂਆਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰਾਂ ਅੱਗੇ ਧਰਨੇ ਕਿਉਂ ਨਹੀਂ ਲਾਏ? ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ‘ਤੇ ਕਾਂਗਰਸ ਸਰਕਾਰ ਨੇ ਕਾਰਵਾਈ ਕਿਉਂ ਨਹੀਂ ਕੀਤੀ?

ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ 2017 ਤੋਂ ਹੀ ਪੰਜਾਬ ‘ਚ ਡਰੱਗ ਮਾਫੀਆ ਅਤੇ ਨਸ਼ੇ ਦੇ ਕਹਿਰ ਬਾਰੇ ਆਵਾਜ਼ ਚੁੱਕਦੀ ਆ ਰਹੀ ਹੈ। ਭਾਂਵੇਂ 2017 ਦੀਆਂ ਚੋਣਾ ਵੇਲੇ ਕਾਂਗਰਸੀ ਆਗੂਆਂ ਨੇ ਸ੍ਰੀ ਗੁੱਟਕਾ ਸਾਹਿਬ ਦੀ ਸਹੁੰ ਖਾ ਕੇ ਪੰਜਾਬ ਦੇ ਵੋਟਰਾਂ ਨੂੰ ਭਰਮਾ ਲਿਆ ਸੀ, ਪਰ ਇਸ ਵਾਰ ਸਮੂਹ ਵੋਟਰ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਲਾਲਚ ਅਤੇ ਵਾਅਦੇ ‘ਚ ਨਹੀਂ ਫਸੇ ਅਤੇ ਵੋਟਰਾਂ ਨੇ ਖੁੱਲੇ ਮਨ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਹਨ। ਮਾਨ ਨੇ ਦਾਅਵਾ ਕੀਤਾ ਕਿ 10 ਮਾਰਚ ਤੋਂ ਬਾਅਦ ਪੰਜਾਬ ‘ਚ ਲੋਕਾਂ ਦੀਆਂ ਉਮੀਦਾਂ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ‘ਆਪ’ ਦੀ ਸਰਕਾਰ ਆਪਣਾ ਫਰਜ਼ ਸਮਝ ਕੇ ਸੂਬੇ ਵਿਚੋਂ ਨਸ਼ਾ ਖ਼ਤਮ ਕਰੇਗੀ, ਡਰੱਗ ਮਾਫੀਆ ਖਿਲਾਫ਼ ਸਖ਼ਤ ਕਾਰਵਾਈ ਕਰੇਗੀ ਅਤੇ ਡਰੱਗ ਮਾਫੀਆ ਨੂੰ ਸਰਪ੍ਰਸਤੀ ਦੇਣ ਵਾਲੇ ਸਿਆਸੀ ਆਗੂਆਂ ਨੂੰ ਜੇਲਾਂ ਵਿੱਚ ਸੁੱਟੇਗੀ।

Exit mobile version