ਰੋਸ਼ ਮੁਜਾਹਿਰਾ- ਕਿਸਾਨ ਜੱਥੇਬੰਦੀਆਂ ਨੇ ਮੰਗਾ ਨੂੰ ਲੈ ਕੇ ਡਾਕਖਾਣਾ ਚੋਂਕ ਵਿੱਚ ਲਗਾਇਆ ਦੋ ਘੰਟੇ ਜਾਮ

ਗੁਰਦਾਸਪੁਰ, 7 ਜਨਵਰੀ (ਮੰਨਣ ਸੈਣੀ)। 23 ਕਿਸਾਨ ਜੱਥੇਬੰਦੀਆਂ ਵੱਲੋਂ ਪਹਿਲੀ ਤੋਂ ਪੰਜਵੀਂ ਤੱਕ ਸਕੂਲ ਖੁਲਵਾਉਣ, ਕਣਕ ਅਤੇ ਆਲੂਆਂ ਦੇ ਖਰਾਬੇ ਦਾ ਮੁਆਵਜ਼ਾ ਦੇਣ, ਗੰਨੇ ਦੇ ਬਕਾਇਆ ਰਾਸ਼ੀ ਗੰਨਾ ਉਤਪਾਦਕ ਕਿਸਾਨਾਂ ਨੂੰ ਦੇਣ ਦੀ ਮੰਗ ਨੂੰ ਲੈ ਕੇ ਅੱਜ 12 ਵਜੇ ਤੋਂ 2 ਵਜੇ ਤੱਕ ਡਾਕਖਾਨਾ ਚੌਂਕ ਗੁਰਦਾਸਪੁਰ ਨੂੰ ਜਾਮ ਕੀਤਾ ਗਿਆ।ਇਸ ਮੌਕੇ ਜਾਮ ਵਿੱਚ ਸਟੇਜ ਸੰਚਾਲਨ ਦੀ ਭੂਮਿਕਾ ਪੰਜਾਬ ਸਟੂਡੈਂਟਸ ਯੂਨੀਅਨ ਦੇ ਅਮਰ ਕ੍ਰਾਂਤੀ ਨੇ ਨਿਭਾਈ।

ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਜਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੱਲ੍ਹ ਬੀਤੀ ਸ਼ਾਮ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ 6ਵੀਂ ਤੋਂ ਬਾਅਦ ਦੀਆਂ ਸਾਰੀਆਂ ਸੰਸਥਾਵਾਂ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਪੰਜਾਬ ਦੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਅਤੇ ਵਿਦਿਆਰਥੀ ਜੱਥੇਬੰਦੀਆਂ ਦੀ ਅੰਸ਼ਿਕ ਜਿੱਤ ਸੀ।ਪਰਤੰੂੰ ਅੱਜ ਦਾ ਜਾਮ ਪੰਜਾਬ ਦੇ ਸਕੂਲ ਪੂਰਨ ਰੂਪ ਵਿੱਚ ਖੁਲਵਾਉਣ, ਗੰਨੇ ਦਾ ਬਕਾਇਆ ਕਿਸਾਨਾਂ ਨੂੰ ਦਿਵਾਉਣ, ਕਣਕ ਤੇ ਆਲੂਆਂ ਦੀ ਫਸਲ ਦੇ ਖਰਾਬੇ ਦਾ ਮੁਆਵਜ਼ਾ ਦਿਵਾਉਣ ਲਈ ਲਗਾਇਆ ਗਿਆ ਹੈ।

ਬੁਲਾਰਿਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਭਵਿੱਖ ਨਾਲ ਬਹੁਤ ਵੱਡਾ ਖਿਲਵਾੜ ਕੀਤਾ ਜਾ ਰਿਹਾ ਹੈ।ਕੋਰੋਨਾ ਦੀਆਂ ਪਾਬੰਦੀਆਂ ਦੇ ਨਾਮ ਹੇਠ ਸਿਰਫ ਸਕੂਲ ਬੰਦ ਕਰਨਾ ਅਤੇ ਵਿਦਿਆਰਥੀਆਂ ਨੂੰ ਆਨਲਾਇਨ ਪੜਾਈ ਕਰਵਾਉਣ ਉਹਨਾਂ ਦੇ ਭਵਿੱਖ ਨਾਲ ਹੀ ਨਹੀਂ ਸਗੋਂ ਪੰਜਾਬ ਦੇ ਭਵਿੱਖ ਨਾਲ ਖਿਲਵਾੜ ਹੈ।ਆਨਲਾਇਨ ਪੜਾਈ ਕਾਰਨ ਵਿਦਿਆਰਥੀਆਂ ਦੀ ਸਿੱਖਣ ਦੀ ਸਮੱਰਥਾ ਬਹੁਤ ਘੱਟ ਗਈ ਹੈ।

ਆਗੂਆਂ ਵੱਲੋਂ ਕਿਸਾਨ ਮੰਗਾਂ ਉੱਪਰ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਪਿਛਲੇ ਦਿਨ੍ਹੀ ਪੰਜਾਬ ਵਿੱਚ ਹੋਈ ਬੇਮੌਸਮੀ ਬਾਰਿਸ਼ ਕਰਕੇ ਆਲੂ ਅਤੇ ਕਣਕ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।ਇਸ ਲਈ ਪੰਜਾਬ ਸਰਕਾਰ ਵੱਲੋਂ ਬੇਮੌਸਮੀ ਬਾਰਿਸ਼ ਕਰਕੇ ਖਰਾਬ ਹੋਈ ਕਣਕ ਤੇ ਆਲੂਆਂ ਦੀ ਫਸਲ ਦੀ ਸਪੈਸ਼ਲ ਗਿਰਦਵਾਰੀ ਕਰਕੇ ਕਿਸਾਨਾਂ ਨੂੰ ਖਰਾਬੇ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ 2018-19 ਵਿੱਚ ਵੀ ਇਸੇ ਪ੍ਰਕਾਰ ਕਣਕ ਦਾ ਖਰਾਬਾ ਹੋਇਆ ਸੀ ਜਿਸਦਾ ਮੁਆਵਜ਼ਾ ਅਜੇ ਤੱਕ ਕਿਸਾਨਾਂ ਨੂੰ ਨਹੀਂ ਮਿਲਿਆ ਹੈ ਇਸ ਲਈ ਕਿਸਾਨਾਂ ਨੂੰ ਖਰਾਬੇ ਦਾ ਮੁਆਵਜ਼ਾ ਜਲਦ ਤੋਂ ਜਲਦ ਦਿੱਤਾ ਜਾਣਾ ਚਾਹੀਦਾ ਹੈ।ਇਸ ਤੋਂ ਇਲਾਵਾ ਗੰਨਾ ਉਤਪਾਦਕਾਂ ਦੇ ਬਕਾਏ ਪਿਛਲੇ ਲੰਮੇ ਸਮੇਂ ਤੋਂ ਰੁਕੇ ਹੋਏ ਹਨ ਉਹ ਜਲਦ ਤੋਂ ਜਲਦ ਜਾਰੀ ਕੀਤੇ ਜਾਣੇ ਚਾਹੀਦੇ ਹਨ।

ਉਹਨਾਂ ਐਲਾਨ ਕਰਦਿਆਂ ਕਿਹਾ ਕਿ ਜੇਕਰ ਉਪਰੋਕਤ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਆਉਣ ਵਾਲੇ ਦਿਨ੍ਹਾਂ ਵਿੱਚ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਵੱਡਾ ਸੰਘਰਸ਼ ਲਾਮਬੰਦ ਕਰਨਗੀਆਂ।ਇਸ ਮੌਕੇ ਅੱਜ ਜਾਮ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸਤਿਬੀਰ ਸਿੰਘ ਸੁਲਤਾਨੀ, ਤਰਲੋਕ ਸਿੰਘ ਬਹਿਰਾਮਪੁਰ, ਪਲਵਿੰਦਰ ਸਿੰਘ ਕਿਲ੍ਹਾ ਨੱਥੂ ਸਿੰਘ ਵਾਲਾ, ਜਮਹੂਰੀ ਕਿਸਾਨ ਸਭਾ ਦੇ ਆਗੂ ਮੱਖਣ ਸਿੰਘ ਕੁਹਾੜ, ਅਜੀਤ ਸਿੰਘ ਹੁੰਦਲ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਰੰਧਾਵਾ,ਸੁਖਦੇਵ ਸਿੰਘ ਭਾਗੋਕਾਵਾਂ, ਚਰਨਜੀਤ ਸਿੰਘ ਲੱਖੋਵਾਲ, ਬੀਕੇਯੂ(ਰਾਜੇਵਾਲ) ਦੇ ਆਗੂ ਗੁਰਦੀਪ ਸਿੰਘ ਮੁਸਤਫਾਬਾਦ, ਗੁਰਪ੍ਰੀਤ ਸਿੰਘ ਘੁੰਮਣ, ਬੀਕੇਯੂ ਡਕੌਂਦਾ ਗੁਰਵਿੰਦਰ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਬਲਵੀਰ ਸਿੰਘ ਕੱਤੋਵਾਲ, ਡੀਟੀਐੱਫ ਦੇ ਆਗੂ ਮੈਡਮ ਬਲਵਿੰਦਰ ਕੌਰ, ਅਮਰਜੀਤ ਸਿੰਘ ਕੋਠੇ, ਹਰਦੀਪ ਸਿੰਘ, ਡੀਐੱਮਐੱਫ ਦੇ ਆਗੂ ਪ੍ਰਿੰਸੀਪਲ ਅਮਰਜੀਤ ਮਨੀ, ਅਮਰਜੀਤ ਸ਼ਾਸ਼ਤਰੀ,ਗੁਰਵਿੰਦਰ ਕੌਰ, ਬਲਵਿੰਦਰ ਕੌਰ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਮੇਜਰ ਸਿੰਘ ਕੋਟ ਟੋਡਰ ਮੱਲ, ਸੱਜਣ ਸਿੰਘ ਰਾਊਵਾਲ, ਸੁਲੱਖਣ ਸਿੰਘ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਆਗੂ ਸੁਖਦੇਵ ਰਾਜ ਬਹਿਰਾਮਪੁਰ, ਜੋਗਿੰਦਰਪਾਲ ਘੁਰਾਲਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਮਨੀ ਭੱਟੀ, ਸੁਖਜਿੰਦਰ ਪੰਨੂੰ, ਤਰਕਸ਼ੀਲ ਸੁਸਾਇਟੀ ਦੇ ਆਗੂ ਸੰਦੀਪ ਧਾਰੀਵਾਲ ਭੋਜਾ, ਜਮਹੂਰੀ ਅਧਿਕਾਰ ਸਭਾ ਪੰਜਾਬ ਗੁਰਦਾਸਪੁਰ ਦੇ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਮਾਂਗਟ, ਆਦਿ ਹਾਜ਼ਰ ਹੋਏ।

Exit mobile version