ਗੁਰਦਾਸਪੁਰ ਪੁਲਿਸ ਨੇ 4 ਅੰਤਰਰਾਸ਼ਟਰੀ ਤਸਕਰਾਂ ਨੂੰ ਕੀਤਾ ਕਾਬੂ, ਪੁਲਿਸ ਸਾਹਮਣੇ ਤਸਕਰਾਂ ਕੀਤੇ ਵੱਡੇ ਖੁਲਾਸੇ

ਇੱਕੋ ਥਾਂ ‘ਤੇ ਤਿੰਨ ਵਾਰ ਹੋਈ ਹੈਰੋਇਨ ਦੀ ਡਲਿਵਰੀ, ਚੌਥੀ ਵਾਰ ਫੜੀ ਕਰੀਬ 53 ਕਿੱਲੋ ਹੈਰੋਇਨ ਤੇ ਹਥਿਆਰ

ਤਸਕਰਾਂ ਦੇ ਖੁਲਾਸੇ ਨੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ

ਗੁਰਦਾਸਪੁਰ, 31 ਜਨਵਰੀ (ਮੰਨਣ ਸੈਣੀ)। ਗੁਰਦਾਸਪੁਰ ਪੁਲਿਸ ਨੇ 28 ਜਨਵਰੀ ਨੂੰ ਭਾਰਤ-ਪਾਕਿ ਸਰਹੱਦ ‘ਤੇ ਬੀਐਸਐਫ ਦੀ ਚੌਕੀ ਚੰਦੂ ਵਡਾਲਾ ਵਿਖੇ ਬੀਐਸਐਫ ਦੇ ਜਵਾਨਾਂ ਨਾਲ ਹੋਏ ਮੁਕਾਬਲੇ ਤੋਂ ਬਾਅਦ ਫੜੀ ਗਈ ਹੈਰੋਇਨ ਦੀ ਸਪਲਾਈ ਪ੍ਰਾਪਤ ਕਰਵ ਵਾਲੇ ਚਾਰ ਅੰਤਰਰਾਸ਼ਟਰੀ ਭਾਰਤੀ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿੱਥੇ ਪੁਲਿਸ ਵਲੋਂ ਉਕਤ ਸਮੱਗਲਰਾਂ ਨੂੰ ਗਿ੍ਫ਼ਤਾਰ ਕਰਕੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਨ ਹੋਣ ਦੀ ਸ਼ਲਾਘਾ ਹੋ ਰਹੀ ਹੈ| ਇਸ ਦੇ ਨਾਲ ਹੀ ਪੁਲਿਸ ਦੇ ਸਾਹਮਣੇ ਤਸਕਰਾਂ ਵੱਲੋਂ ਕੀਤੇ ਗਏ ਖੁਲਾਸੇ ਨੇ ਪਹਿਲੀ ਕਤਾਰ ‘ਤੇ ਤਾਇਨਾਤ ਬੀਐਸਐਫ ਅਤੇ ਦੂਜੀ ਕਤਾਰ ‘ਤੇ ਤਾਇਨਾਤ ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਸਵਾਲ ਵੀ ਖੜ੍ਹੇ ਕਰ ਦਿੱਤੇ ਹਨ।

ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਗੁਰਦਾਸਪੁਰ ਦੇ ਐਸਐਸਪੀ ਡਾ ਨਾਨਕ ਸਿੰਘ ਨੇ ਦੱਸਿਆ ਕਿ ਬੀਤੀ 28 ਜਨਵਰੀ ਨੂੰ ਬੀਐਸਐਫ ਦੀ ਚੰਦੂ ਵਡਾਲਾ ਚੌਕੀ ’ਤੇ ਪਾਕਿਸਤਾਨੀ ਤਸਕਰਾਂ ਅਤੇ ਬੀਐਸਐਫ ਦੇ ਜਵਾਨਾਂ ਵਿਚਾਲੇ ਮੁਕਾਬਲਾ ਹੋਇਆ ਸੀ। ਜਿਸ ਵਿੱਚ ਇੱਕ ਜਵਾਨ ਜ਼ਖਮੀ ਹੋ ਗਿਆ। ਇਸ ਸਬੰਧੀ ਪੁਲੀਸ ਨੇ ਜ਼ਖ਼ਮੀ ਜਵਾਨ ਦੇ ਬਿਆਨਾਂ ’ਤੇ ਐਨਡੀਪੀਐਸ ਐਕਟ ਅਤੇ ਇਰਾਦਾ ਕਤਲ ਦੇ ਤਹਿਤ ਕੇਸ ਦਰਜ ਕਰਕੇ ਪੁਲੀਸ ਟੀਮ ਦਾ ਗਠਨ ਕੀਤਾ ਸੀ। ਤਫ਼ਤੀਸ਼ ਤੋਂ ਬਾਅਦ ਪੁਲਿਸ ਨੇ ਚਾਰ ਮੁਲਜ਼ਮ ਤਸਕਰਾਂ ਨੂੰ ਕਾਬੂ ਕਰ ਲਿਆ, ਜੋ ਕਿ ਹੈਰੋਇਨ ਦੀ ਡਲਿਵਰੀ ਲੈਣ ਉਕਤ ਥਾਂ ‘ਤੇ ਗਏ ਸਨ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰਨੇਕ ਮਸੀਹ ਉਰਫ਼ ਨੇਕੀ ਪੁੱਤਰ ਅਨਾਇਤ ਮਸੀਹ ਵਾਸੀ ਨਵਾਂ ਕਟੜਾ ਕਲਾਨੌਰ, ਲੱਕੀ ਤੇਜਾ ਪੁੱਤਰ ਮਾਨਾ ਮਸੀਹ ਵਾਸੀ ਬਾਬਾ ਕਾਰ ਕਲੋਨੀ ਕਲਾਨੌਰ, ਹਰਦੀਪ ਸਿੰਘ ਉਰਫ਼ ਦੀਪਾ ਪੁੱਤਰ ਅਜੀਤ ਸਿੰਘ ਵਾਸੀ ਗੋਲਾ ਧੌਲਾ, ਮੌਜੂਦਾ ਵਾਸੀ ਰੱਤੜ ਛਤਰ ਥਾਣਾ ਡੇਰਾ ਬਾਬਾ ਨਾਨਕ ਅਤੇ ਰਜਵੰਤ ਸਿੰਘ ਉਰਫ਼ ਬਿੱਲਾ ਪੁੱਤਰ ਹਰਬੰਸ ਸਿੰਘ ਵਾਸੀ ਭਿੰਡੀਆਂ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਤੋਰ ਤੇ ਹੋਈ ਹੈ। ਜਦਕਿ ਇਸੇ ਮਾਮਲੇ ‘ਚ ਸ਼ਾਮਲ ਮੁਲਜ਼ਮ ਪੀਟਰ ਮਸੀਹ ਪੁੱਤਰ ਖਜਾਨ ਮਸੀਹ ਵਾਸੀ ਬੁੱਚੇ ਨੰਗਲ ਥਾਣਾ ਘੁਮਾਣ ਕਲਾਂ ਅਜੇ ਵੀ ਗਿ੍ਫ਼ਤਾਰੀ ਤੋਂ ਬਾਹਰ ਹੈ | ਮੁਲਜ਼ਮਾਂ ਕੋਲੋਂ ਇੱਕ ਆਈ-10 ਕਾਰ, 2.5 ਲੱਖ ਰੁਪਏ ਦੀ ਨਕਦੀ, 6 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ।

ਐਸਐਸਪੀ ਸਿੰਘ ਨੇ ਦੱਸਿਆ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਵੱਲੋਂ ਦਿੱਤੇ ਅੰਕੜਿਆਂ ਅਨੁਸਾਰ 28 ਫਰਵਰੀ ਨੂੰ 53.830 ਕਿਲੋ ਹੈਰੋਇਨ, 1.080 ਕਿਲੋ ਅਫੀਮ, ਚੀਨ ਦਾ ਬਣਿਆ ਇੱਕ ਪਿਸਤੌਲ, 30 ਬੋਰ ਦੇ ਦੋ ਮੈਗਜ਼ੀਨ ਅਤੇ 44 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਸਨ। ਇਸੇ ਤਰ੍ਹਾਂ ਤਲਾਸ਼ੀ ਮੁਹਿੰਮ ਦੌਰਾਨ ਰਾਤ ਸਮੇਂ ਇਟਲੀ ਮੈਗਜ਼ੀਨ ਦਾ ਮੇਡ ਇੱਕ ਪਿਸਤੌਲ, 12 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।4 ਮੈਗਜ਼ੀਨ ਏਕੇ 47, ਸੈਮਸੰਗ ਮਾਡਲ ਦਾ ਇੱਕ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ, ਜਿਸ ਵਿੱਚ ਏਅਰਟੈੱਲ ਦੀ ਸਿਮ ਪਾਈ ਹੋਈ ਸੀ।

ਐਸਐਸਪੀ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਪੁਲੀਸ ਸਾਹਮਣੇ ਕਬੂਲ ਕੀਤਾ ਹੈ ਕਿ ਇਹ ਉਨ੍ਹਾਂ ਦੀ ਚੌਥੀ ਖੇਪ ਸੀ, ਜਿਸ ਨੂੰ ਉਹ ਪ੍ਰਾਪਤ ਕਰਨ ਵਿੱਚ ਅਸਫਲ ਰਹੇ। ਇਸ ਤੋਂ ਪਹਿਲਾਂ ਪਿਛਲੇ ਦੋ ਸਾਲਾਂ ਦੌਰਾਨ ਉਸ ਨੂੰ ਤਿੰਨ ਵਾਰ 50 ਕਿਲੋਂ ਤੋਂ ਉਪਰ ਦੀ ਖੇਪ ਦੀ ਤਸਕਰੀ ਕਰ ਚੁੱਕੇ ਹਨ, ਜਿਸ ਵਿੱਚ ਇੱਕ ਪਿਸਤੌਲ ਵੀ ਸ਼ਾਮਲ ਸੀ। ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਉਕਤ ਸਮੱਗਲਰ ਫੋਨ ਰਾਹੀਂ ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ਵਿੱਚ ਸਨ ਅਤੇ ਸਾਰਾ ਨੈੱਟਵਰਕ ਚਲਾ ਰਹੇ ਸਨ। ਹਾਲਾਂਕਿ, ਉਪਰੋਕਤ ਵਿੱਚੋਂ ਕਿਸੇ ਦਾ ਵੀ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ। ਐਸਐਸਪੀ ਨੇ ਦੱਸਿਆ ਕਿ ਇਹ ਵੀ ਸਾਹਮਣੇ ਆਇਆ ਹੈ ਕਿ ਜੇਲ੍ਹ ਵਿੱਚ ਬੈਠੇ ਇੱਕ ਮੁਲਜ਼ਮ ਵਿੱਚੋਂ ਇੱਕ ਉਕਤ ਗਰੋਹ ਦਾ ਮਾਸਟਰ ਮਾਇੰਡ ਸੀ। ਜਿਸ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਜਾਵੇਗਾ। ਇਸ ਦੇ ਨਾਲ ਹੀ ਗ੍ਰਿਫਤਾਰ ਚਾਰੇ ਦੋਸ਼ੀਆਂ ਨੂੰ 4 ਫਰਵਰੀ ਤੱਕ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਜਿਸ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਖੁਲਾਸੇ ਤੋਂ ਬਾਅਦ ਉੱਠੇ ਸਵਾਲ

ਪੁਲਿਸ ਵੱਲੋਂ ਕੀਤੇ ਗਏ ਇਸ ਖੁਲਾਸੇ ਤੋਂ ਬਾਅਦ ਸੁਰੱਖਿਆ ਲਈ ਪਹਿਲੀ ਲਾਈਨ ‘ਤੇ ਤਾਇਨਾਤ ਬੀ.ਐਸ.ਐਫ ਅਤੇ ਦੂਸਰੀ ਕਤਾਰ ‘ਤੇ ਤਾਇਨਾਤ ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਵੀ ਸਵਾਲ ਖੜੇ ਹੋ ਗਏ ਹਨ ਕਿ ਪਿਛਲੇ ਦੋ ਸਾਲਾਂ ‘ਚ ਬੀ.ਐਸ.ਐਫ ਅਤੇ ਪੁਲਿਸ ਨੂੰ ਕਿਸ ਤਰ੍ਹਾਂ ਇਸ ਤਸਕਰੀ ਦਾ ਪਤਾ ਨਹੀਂ ਲਗਾ। ਤਸਕਰ ਕੌਮਾਂਤਰੀ ਸਰਹੱਦ ਤੋਂ ਖੇਪਾਂ ਨੂੰ ਤਿੰਨ ਵਾਰ ਸਰਹੱਦ ਰਾਹੀਂ ਇੱਕੋ ਥਾਂ ‘ਤੇ ਕਿਵੇਂ ਆਸਾਨੀ ਨਾਲ ਪਹੁੰਚਾਉਂਦੇ ਰਹੇ ਸਨ ਜਿਸ ਦਾ ਨਾ ਤਾ ਪਹਿਲੀ ਕਤਾਰ ਵਿੱਚ ਤੈਨਾਤ ਬੀਐਸਐਫ ਅਤੇ ਨਾ ਦੂਜੀ ਕਤਾਰ ਵਿੱਚ ਤੈਨਾਤ ਪੁਲਿਸ ਕੋਈ ਸੁਰਾਗ ਨਹੀਂ ਲਗਾ ਪਾਈ।

Exit mobile version