ਜ਼ਿਲਾ ਗੁਰਦਾਸਪੁਰ ਵਿੱਚ 29 ਸ਼ਿਕਾਇਤਾਂ ਦਾ 100 ਮਿੰਟ ਦੇ ਅੰਦਰ-ਅੰਦਰ ਕੀਤਾ ਗਿਆ ਨਿਪਟਾਰਾ

ਗੁਰਦਾਸਪੁਰ, 19 ਜਨਵਰੀ (  ਮੰਨਣ ਸੈਣੀ  )। ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ-2022 ਸਬੰਧੀ ਸੀ-ਵਿਜ਼ਲ ਨਾਗਰਿਕ ਐਪ ਤਿਆਰ ਕੀਤੀ ਗਈ ਹੈ, ਜਿਸ ਰਾਹੀ 100 ਮਿੰਟ ਦੇ ਅੰਦਰ-ਅੰਦਰ ਹੀ ਕਾਰਵਾਈ ਕੀਤੀ ਜਾਂਦੀ ਹੈ। ਗੁਰਦਾਸਪੁਰ ਜ਼ਿਲੇ ਅੰਦਰ (18 ਜਨਵਰੀ ਤਕ) 29 ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ਦਾ 100 ਮਿੰਟ ਦੇ ਅੰਦਰ-ਅੰਦਰ ਹੀ ਨਿਪਟਾਰਾ ਕਰ ਦਿੱਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ- ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਸੀ-ਵਿਜਲ ਰਾਹੀਂ 17 ਜਨਵਰੀ ਨੂੰ 02 ਸ਼ਿਕਾਇਤਾਂ ਮਿਲੀਆਂ ਸਨ। ਜਿਸ ਤਹਿਤ ਪਹਿਲੀ ਸ਼ਿਕਾਇਤ ਗੁਰਦਾਸਪੁਰ ਹਲਕੇ ਅੰਦਰ ਸ਼ਾਮ 3.55 ਮਿੰਟ ਉੱਤੇ ਆਈ ਕਿ ਇਕ ਰਾਜਨੀਤਿਕ ਪਾਰਟੀ ਵਲੋਂ ਵਿਕਾਸ ਕੰਮਾਂ ਲਈ ਅਦਾਇਗੀ ਕਰਨ ਲਈ ਚੈੱਕ, ਬੈਂਕ ਵਿਚ ਲਾਇਆ ਗਿਆ ਹੈ, ਪਰ ਪੜਤਾਲ ਦੌਰਾਨ ਪਾਇਆ ਗਿਆ ਕਿ ਚੈੱਕ ਬੈਂਕ ਵਿੱਚ ਆਦਰਸ਼ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਦਾ ਲੱਗਿਆ ਹੋਇਆ ਹੈ ਤੇ 44 ਮਿੰਟ ਵਿਚ ਸ਼ਿਕਾਇਤ ਦਾ ਨਿਪਟਾਰਾ ਕਰ ਦਿੱਤਾ ਗਿਆ। ਦੂਜੀ ਸ਼ਿਕਾਇਤ ਹਲਕਾ ਬਟਾਲਾ ਤੋਂ ਆਈ ਕਿ ਬੱਸ ਅੱਡੇ ਦੇ ਨੇੜੇ ਰਾਜਨੀਤਿਕ ਪਾਰਟੀ ਦਾ ਪੋਸਟਰ ਲੱਗਿਆ ਹੋਇਆ ਹੈ, ਜਿਸ ਨੂੰ 25 ਮਿੰਟ ਵਿਚ ਹੀ ਅੰਦਰ ਉਤਾਰ ਦਿੱਤਾ ਗਿਆ।

ਇਸੇ ਤਰ੍ਹਾਂ 18 ਜਨਵਰੀ ਨੂੰ 03 ਸ਼ਿਕਾਇਤਾਂ ਮਿਲੀਆਂ। ਜਿਸ ਤਹਿਤ ਪਹਿਲੀ ਸ਼ਿਕਾਇਤ ਹਲਕਾ ਦੀਨਾਨਗਰ ਤੋਂ 9 ਵੱਜ ਕੇ 53 ਮਿੰਟ ਉੱਤੇ ਆਈ ਕਿ ਪਿੰਡ ਬਾਹਮਣੀ ਨੇੜੇ ਰਾਜਨੀਤਿਕ ਪਾਰਟੀ ਦਾ ਪੋਸਟਰ ਲੱਗਿਆ ਹੋਇਆ ਹੈ, ਜਿਸਨੂੰ 56 ਮਿੰਟ ਵਿਚ ਉਤਾਰ ਦਿੱਤਾ ਗਿਆ। ਦੂਜੀ ਸ਼ਿਕਾਇਤ ਹਲਕਾ ਫਤਹਿਗੜ੍ਹ ਚੂੜੀਆਂ ਤੋਂ 12 ਵੱਜ ਕੇ 42 ਮਿੰਟ ਵਿਚ ਆਈ ਕਿ ਛੱਪੜ ਦਾ ਕੰਮ ਚੱਲ ਰਿਹਾ ਹੈ ਪਰ ਫਲਾਇੰਗ ਸਕੈਅਡ ਟੀਮ ਨੇ ਜਾ ਵੇਖਿਆ ਕਿ ਇਹ ਕੰਮ ਪੁਰਾਣਾ ਚੱਲ ਰਿਹਾ ਹੈ, ਇਹ ਸ਼ਿਕਾਇਤ 67 ਮਿੰਟ ਵਿਚ ਨਿਪਟਾਈ ਗਈ। ਤੀਜੀ ਸ਼ਿਕਾਇਤ ਹਲਕਾ ਦੀਨਾਨਗਰ ਤੋਂ 5 ਵੱਜ ਕੇ 39 ਮਿੰਟ ਵਿੱਚ ਆਈ ਕਿ ਪਿੰਡ ਢਾਕੀ ਨੇੜੇ ਬਿਜਲੀ ਦੇ ਖੰਭੇ ’ਤੇ ਰਾਜਨੀਤਿਕ ਪਾਰਟੀ ਦਾ ਪੋਸਟਰ ਲੱਗਿਆ ਹੋਇਆ ਹੈ, ਜਿਸਨੂੰ 50 ਮਿੰਟ ਵਿੱਚ ਹੀ ਉਤਾਰ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੀ-ਵਿਜ਼ਲ ਉੱਤੇ 24 ਸ਼ਿਕਾਇਤਾਂ ਮਿਲੀਆਂ ਸਨ, ਜਿਨਾਂ ਦਾ 100 ਮਿੰਟ ਦੇ ਅੰਦਰ-ਅੰਦਰ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਸ ਤਰਾਂ ਜ਼ਿਲੇ ਅੰਦਰ ਸੀ-ਵਿਜ਼ਲ ਉੱਤੇ ਕੁਲ 29 ਸ਼ਿਕਾਇਤਾਂ ਮਿਲੀਆਂ ਸਨ, ਜਿਸ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।

ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਫੋਨ ਵਿਚ ਸੀ-ਵਿਜ਼ਲ ਐਪ ਡਾਊਨਲੋਡ ਕਰਨ ਅਤੇ ਕਿਸੇ ਵੀ ਤਰਾਂ ਦੀ ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਇਸ ਐਪ ਰਾਹੀਂ ਕਰ ਸਕਦੇ ਹਨ। ਇਸ ਐਪ ’ਤੇ ਸ਼ਰਾਰਤੀ ਅਨਸਰਾਂ ਸਮੇਤ ਵੋਟਾਂ ਖਰੀਦਣ ਲਈ ਸ਼ਰਾਬ, ਨਸ਼ੇ ਤੇ ਪੈਸੇ ਵੰਡਣ ਵਾਲਿਆਂ ਦੀ ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ। ਉਨਾਂ ਅੱਗੇ ਦੱਸਿਆ ਕਿ ਹੈਲਪਲਾਈਨ ਨੰਬਰ 1950 ਉੱਤੇ ਵੀ ਸ਼ਿਕਾਇਤ ਜਾਂ ਵੋਟਾਂ ਸਬੰਧੀ ਸਹਾਇਤਾ ਲਈ ਸੰਪਰਕ ਕੀਤਾ ਜਾ ਸਕਦਾ ਹੈ।

Exit mobile version