ਵਿਧਾਇਕ ਬਲਵਿੰਦਰ ਲਾਡੀ ਨੇ ਮੀਟਿੰਗ ਕਰਕੇ ਪਾਰਟੀ ਹਾਈਕਮਾਂਡ ਨੂੰ ਟਿਕਟ ਬਾਰੇ ਮੁੜ ਵਿਚਾਰ ਕਰਨ ਲਈ ਕਿਹਾ, ਵਰਕਰਾਂ ਵੀ ਦਿੱਤੀ ਬਗਾਵਤ ਦੀ ਚੇਤਾਵਨੀ

ਗੁਰਦਾਸਪੁਰ, 16 ਜਨਵਰੀ (ਮੰਨਣ ਸੈਣੀ)। ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਪਾਰਟੀ ਦੀ ਵੱਲੋ ਟਿਕਟ ਕੱਟੇ ਜਾਣ ‘ਤੇ ਹਲਕੇ ਦੇ ਸਰਪੰਚਾਂ ਅਤੇ ਬਲਾਕ ਸਮਿਤੀ ਮੈਂਬਰਾਂ ਨਾਲ ਮੀਟਿੰਗ ਕਰਕੇ ਪਾਰਟੀ ਹਾਈਕਮਾਂਡ ਖਿਲਾਫ ਆਪਣਾ ਗੁੱਸਾ ਪ੍ਰਗਟ ਕੀਤਾ ਹੈ। ਇਸ ਦੌਰਾਨ ਹਲਕਾ ਵਾਸੀਆਂ ਨੇ ਮੀਟਿੰਗ ਦੌਰਾਨ ਬਲਵਿੰਦਰ ਲਾਡੀ ਨੂੰ ਭਾਜਪਾ ਵਿੱਚ ਜਾਣ ਦੀ ਗੱਲ ਵੀ ਆਖੀ। ਪਰ ਲਾਡੀ ਨੇ ਕਿਹਾ ਕਿ ਲੋਕਾਂ ਦੀ ਨਰਾਜ਼ਗੀ ਸਿਰ ਮੱਥੇ ਪਰ ਜੋਂ ਗਲਤੀ ਹੋ ਗਈ ਸੀ ਉਸ ਨੂੰ ਮੌਕੇ ਤੇ ਹੀ ਸੁਧਾਰ ਵੀ ਲਿਆ ਗਿਆ। ਆਉਣ ਵਾਲੇ ਦਿਨਾਂ ਵਿੱਚ ਹਲਕਾ ਮੀਟਿੰਗ ਕਰਕੇ ਫੈਸਲਾ ਲਿਆ ਜਾਵੇਗਾ ਕਿ ਅੱਗੇ ਕੀ ਕਰਨਾ ਹੈ।

ਇਹ ਮੀਟਿੰਗ ਹਲਕਾ ਸ੍ਰੀ ਹਰਗੋਬਿੰਦਰਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਅੰਮ੍ਰਿਤਸਰ ਰੋਡ ‘ਤੇ ਸਥਿਤ ਰਿਹਾਇਸ਼ ‘ਤੇ ਹੋਈ। ਮੀਟਿੰਗ ਦਾ ਮੁੱਖ ਮਕਸਦ ਕਾਂਗਰਸ ਹਾਈਕਮਾਂਡ ਵਲੋਂ ਲਾਡੀ ਦੀ ਟਿਕਟ ਕੱਟ ਕੇ ਕਿਸੇ ਹੋਰ ਨੂੰ ਦੇਣ ਬਾਰੇ ਪਾਰਟੀ ’ਤੇ ਮੁੜ ਵਿਚਾਰ ਕਰਨਾ ਸੀ। ਇਸ ਦੌਰਾਨ ਸ੍ਰੀ ਹਰਗੋਬਿੰਦਪੁਰ ਸ਼ਹਿਰੀ ਦੇ ਕੌਂਸਲ ਪ੍ਰਧਾਨ ਨਵਦੀਪ ਸਿੰਘ ਪੰਨੂ ਨੇ ਕਿਹਾ ਕਿ ਕਾਂਗਰਸ ਅਤੇ ਬਲਵਿੰਦਰ ਲਾਡੀ ਦੇ ਹੱਕ ਵਿੱਚ ਪੰਜ ਸਾਲ ਪਹਿਲਾਂ ਲੋਕਾਂ ਵੱਲੋਂ ਜੋ ਫਤਵਾ ਦਿੱਤਾ ਗਿਆ ਸੀ, ਉਸ ਨੂੰ ਪਾਰਟੀ ਹਾਈਕਮਾਂਡ ਨੇ 45 ਸਾਲਾਂ ਬਾਅਦ ਚੁਣਿਆ ਹੈ। ਜਦੋਂ ਲਾਡੀ ਨੇ ਭਾਜਪਾ ਵਿੱਚ ਬਦਲੀ ਕੀਤੀ ਸੀ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਹਰੀਸ਼ ਰਾਵਤ ਅਤੇ ਹੋਰ ਸੀਨੀਅਰ ਆਗੂਆਂ ਨੇ ਬਲਵਿੰਦਰ ਲਾਡੀ ਦੀ ਕਾਂਗਰਸ ਵਿੱਚ ਵਾਪਸੀ ਦੌਰਾਨ ਉਨ੍ਹਾਂ ਨੂੰ ਟਿਕਟ ਦੇਣ ਦਾ ਵਾਅਦਾ ਕੀਤਾ ਸੀ। ਪਰ ਟਿਕਟ ਕਿਸੇ ਹੋਰ ਨੂੰ ਦਿੱਤੀ ਗਈ, ਜਿਸ ਦਾ ਕੋਈ ਆਧਾਰ ਨਹੀਂ ਹੈ। ਪਾਰਟੀ ਵੱਲੋਂ ਟਿਕਟਾਂ ‘ਤੇ ਮੁੜ ਵਿਚਾਰ ਕਰਨ ਲਈ ਇੱਕ ਰਾਇ ਨਾਲ ਫੈਸਲਾ ਕੀਤਾ ਗਿਆ ਹੈ ਕਿ ਅਸੀਂ ਪਾਰਟੀ ਵਿੱਚ ਰਹਿ ਕੇ ਇਸ ਦਾ ਵਿਰੋਧ ਕਰਾਂਗੇ। ਪੰਨੂ ਨੇ ਕਿਹਾ ਕਿ ਕੁਝ ਕਾਂਗਰਸੀ ਆਗੂ ਧੜੇਬੰਦੀ ਕਾਰਨ ਪਾਰਟੀ ਹਾਈਕਮਾਂਡ ਨੂੰ ਗੁੰਮਰਾਹ ਕਰ ਰਹੇ ਹਨ। ਜਿਸ ਬਾਰੇ ਪਾਰਟੀ ਨੂੰ ਚੇਤਾਵਨੀ ਵੀ ਦਿੱਤੀ ਜਾਵੇਗੀ।

ਇਸ ਦੇ ਨਾਲ ਹੀ ਵਿਧਾਇਕ ਬਲਵਿੰਦਰ ਲਾਡੀ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਕਾਂਗਰਸ ਸਰਕਾਰ ਹਲਕੇ ਦੇ ਵਿਕਾਸ ਲਈ ਕੁਝ ਖਾਸ ਨਹੀਂ ਕਰ ਰਹੀ। ਜਿਸ ਕਾਰਨ ਉਹ ਭਾਜਪਾ ‘ਚ ਚਲੇ ਗਏ ਸਨ ਕਿ ਸ਼ਾਇਦ ਉਨ੍ਹਾਂ ਨੂੰ ਕੇਂਦਰ ਸਰਕਾਰ ਤੋਂ ਹਲਕਾ ਦੇ ਵਿਕਾਸ ਲਈ ਕੁਝ ਫੰਡ ਮਿਲ ਸਕੇ ਪਰ ਹਲਕਾ ਵਾਸੀਆਂ ਨੇ ਭਾਜਪਾ ‘ਚ ਜਾਣ ਦਾ ਵਿਰੋਧ ਕੀਤਾ। ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਚੰਨੀ, ਹਰੀਸ਼ ਰਾਵਤ ਦੇ ਭਰੋਸੇ ਤੋਂ ਬਾਅਦ ਉਹ ਕਾਂਗਰਸ ਵਿੱਚ ਵਾਪਸ ਪਰਤ ਆਏ ਅਤੇ ਉਨ੍ਹਾਂ ਨੂੰ ਟਿਕਟ ਦੇਣ ਦਾ ਭਰੋਸਾ ਵੀ ਦਿੱਤਾ ਗਿਆ। ਪਰ ਹੁਣ ਕਿਸੇ ਹੋਰ ਨੂੰ ਟਿਕਟ ਦਿੱਤੇ ਜਾਣ ਕਾਰਨ ਹਲਕਾ ਵਾਸੀਆਂ ਵਿੱਚ ਕਾਂਗਰਸ ਖ਼ਿਲਾਫ਼ ਗੁੱਸਾ ਪਾਇਆ ਜਾ ਰਿਹਾ ਹੈ। ਇਸ ਲਈ ਇਸ ਮੀਟਿੰਗ ਦਾ ਆਯੋਜਨ ਕੀਤਾ ਗਿਆ ਹੈ। ਹਾਲਾਂਕਿ ਉਹ ਫਿਲਹਾਲ ਕਿਸੇ ਫੈਸਲੇ ‘ਤੇ ਨਹੀਂ ਪਹੁੰਚੇ ਹਨ ਪਰ ਆਉਣ ਵਾਲੇ ਦਿਨਾਂ ‘ਚ ਉਹ ਦੁਬਾਰਾ ਮੀਟਿੰਗ ਕਰਕੇ ਅਗਲੀ ਰਣਨੀਤੀ ਤਿਆਰ ਕਰਨਗੇ। ਹਲਕਾ ਵਾਸੀਆਂ ਦੀ ਮੀਟਿੰਗ ਵਿੱਚ ਜੋ ਵੀ ਫੈਸਲਾ ਹੋਵੇਗਾ, ਉਹ ਸਿਰੇ ਦਾ ਹੋਵੇਗਾ।

Exit mobile version