ਕਾਂਗਰਸ ਤੇ ਅਕਾਲੀ ਦਲ ਨੂੰ ਵੱਡਾ ਝਟਕਾ, ਕਾਂਗਰਸ ਦੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਤੇ ਅਕਾਲੀ ਦਲ ਦੇ ਨੌਜਵਾਨ ਆਗੂ ਗੋਸ਼ਾ ਭਾਜਪਾ ‘ਚ ਸ਼ਾਮਲ,

ਕਾਂਗਰਸ ਦੇ ਸਾਬਕਾ ਵਿਧਾਇਕ, ‘ਉਮੀਦ ਫ਼ਾਊਂਡੇਸ਼ਨ’ ਦੇ ਮੁਖ਼ੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸਾਥੀ ਸ੍ਰੀ ਅਰਵਿੰਦ ਖੰਨਾ, ਯੂਥ ਅਕਾਲੀ ਦਲ ਆਗੂ ਸ: ਗੁਰਦੀਪ ਸਿੰਘ ਗੋਸ਼ਾ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਦੋਹਤਾ ਕੰਵਰਬੀਰ ਸਿੰਘ ਟੌਹੜਾ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ।

ਜ਼ਿਕਰਯੋਗ ਹੈ ਕਿ ਸ੍ਰੀ ਅਰਵਿੰਦ ਖੰਨਾ ਜੋ ਦੋ ਵਾਰ ਕਾਂਗਰਸ ਪਾਰਟੀ ਦੀ ਟਿਕਟ ’ਤੇ ਵਿਧਾਇਕ ਚੁਣੇ ਗਏ ਸਨ ਨੇ 2015 ਵਿੱਚ ਕਾਂਗਰਸ ਪਾਰਟੀ ਅਤੇ ਵਿਧਾਇਕ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਇਕ ਤਰ੍ਹਾਂ ਨਾਲ ਉਹ ਸਰਗਰਮ ਰਾਜਨੀਤੀ ਤੋਂ ਪਰ੍ਹਾਂ ਹੋ ਗਏ ਸਨ ਪਰ ਹੁਣ 2022 ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਭਾਜਪਾ ਵਿੱਚ ਆਮਦ ਪਾਰਟੀ ਲਈ ਵੱਡਾ ਹੁਲਾਰਾ ਸਾਬਤ ਹੋ ਸਕਦੀ ਹੈ।

ਇਸ ਤੋਂ ਇਲਾਵਾ ਯੂਥ ਅਕਾਲੀ ਆਗੂ ਅਤੇ ਲੁਧਿਆਣਾ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਸ: ਗੁਰਦੀਪ ਸਿੰਘ ਗੋਸ਼ਾ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਸੀਨੀਅਰ ਆਗੂ ਸ: ਬਿਕਰਮ ਸਿੰਘ ਮਜੀਠੀਆ ਦੇ ਨੇੜੇ ਮੰਨੇ ਜਾਂਦੇ ਅਤੇ ਪਾਰਟੀ ਵਿੱਚ ਸਰਗਰਮ ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਸ: ਗੁਰਦੀਪ ਸਿੰਘ ਗੋਸ਼ਾ ਦਾ ਪਾਰਟੀ ਛੱਡ ਕੇ ਜਾਣਾ ਅਕਾਲੀ ਦਲ ਲਈ ਵੱਡਾ ਝਟਕਾ ਹੋਵੇਗਾ।

ਪੰਥ ਦੀ ਵੱਡੀ ਸ਼ਖਸੀਅਤ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤੇ ਅਤੇ ਸਾਬਕਾ ਮੰਤਰੀ ਜਥੇਦਾਰ ਹਰਮੇਲ ਸਿੰਘ ਟੌਹੜਾ ਦੇ ਬੇਟੇ ਕੰਵਰਵੀਰ ਸਿੰਘ ਟੌਹੜਾ ਵੀ ਅੱਜ ਪਤਨੀ ਅਤੇ ਮਾਤਾ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਤੋਂ ਇਲਾਵਾ ਵੀ ਕਈ ਆਗੂ ਅੱਜ ਭਾਜਪਾ ਵਿੱਚ ਸ਼ਾਮਲ ਹੋਏ ਹਨ।

Exit mobile version