ਜ਼ਿਲਾ ਰੈੱਡ ਕਰਾਸ ਸੁਸਾਇਟੀ ਨੇ ਕੁਸ਼ਟ ਆਸ਼ਰਮ ਫ਼ਤਹਿਗੜ ਚੂੜੀਆਂ ਵਿੱਚ ਲੋੜਵੰਦਾਂ ਨੂੰ ਗਰਮ ਕੰਬਲ ਵੰਡੇ

ਸਾਡੇ ਜੀਵਨ ਦਾ ਉਦੇਸ਼ ਮਾਨਵਤਾ ਦੀ ਸੇਵਾ ਹੋਣਾ ਬਹੁਤ ਜਰੂਰੀ – ਮੋਹਤਰਮਾ ਸ਼ਾਹਲਾ ਕਾਦਰੀ

ਫ਼ਤਹਿਗੜ ਚੂੜੀਆਂ/ਬਟਾਲਾ, 22 ਦਸੰਬਰ ( ਮੰਨਣ ਸੈਣੀ)। ਸਰਦੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵੱਲੋਂ ਕੁਸ਼ਟ ਆਸ਼ਰਮ ਫ਼ਤਹਿਗੜ ਚੂੜੀਆਂ ਵਿਖੇ ਲੋੜਵੰਦ ਵਿਅਕਤੀਆਂ ਨੂੰ ਮੁਫ਼ਤ ਗਰਮ ਕੰਬਲ ਵੰਡੇ ਗਏ। ਇਸ ਮੌਕੇ ਰੈੱਡ ਕਰਾਸ ਹਾਸਪੀਟਲ ਵੈਲਫੇਅਰ ਸੈਕਸ਼ਨ ਦੇ ਚੇਅਰਪਰਸਨ ਮੋਹਤਰਮਾ ਸ਼ਾਹਲਾ ਕਾਦਰੀ (ਧਰਮ ਪਤਨੀ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ) ਅਤੇ ਜ਼ਿਲਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਰਾਜੀਵ ਕੁਮਾਰ ਠਾਕੁਰ ਹਾਜ਼ਰ ਸਨ।

ਲੋੜਵੰਦਾਂ ਨੂੰ ਕੰਬਲ ਵੰਡਣ ਮੌਕੇ ਰੈੱਡ ਕਰਾਸ ਹਾਸਪੀਟਲ ਵੈਲਫੇਅਰ ਸੈਕਸ਼ਨ ਦੇ ਚੇਅਰਪਰਸਨ ਮੋਹਤਰਮਾ ਸ਼ਾਹਲਾ ਕਾਦਰੀ ਨੇ ਕਿਹਾ ਕਿ ਰੈੱਡ ਕਰਾਸ ਸੁਸਾਇਟੀ ਹਮੇਸ਼ਾਂ ਲੋੜਵੰਦਾਂ ਦੀ ਸਹਾਇਤਾ ਕਰਦੀ ਆਈ ਹੈ ਅਤੇ ਅੱਜ ਫ਼ਤਹਿਗੜ ਚੂੜੀਆਂ ਵਿਖੇ ਲੋੜਵੰਦ ਵਿਅਕਤੀਆਂ ਨੂੰ 25 ਗਰਮ ਕੰਬਲ ਵੰਡ ਕੇ ਸੁਸਾਇਟੀ ਨੇ ਇੱਕ ਹੋਰ ਨੇਕ ਕਾਰਜ ਕੀਤਾ ਹੈ। ਉਨਾਂ ਕਿਹਾ ਕਿ ਸਾਡੇ ਜੀਵਨ ਦਾ ਉਦੇਸ਼ ਮਾਨਵਤਾ ਦੀ ਸੇਵਾ ਹੋਣਾ ਚਾਹੀਦਾ ਹੈ ਅਤੇ ਜੇਕਰ ਹਰ ਮਨੁੱਖ ਆਪਣੇ ਆਲੇ-ਦੁਆਲੇ ਦੇ ਲੋੜਵੰਦਾਂ ਦੀ ਆਪਣੀ ਸਮਰਥਾ ਅਨੁਸਾਰ ਮਦਦ ਕਰੇ ਤਾਂ ਇਸ ਨਾਲ ਸਮਾਜ ਦਾ ਬਹੁਤ ਭਲਾ ਹੋ ਸਕਦਾ ਹੈ। ਮੋਹਤਰਮਾ ਸ਼ਾਹਲਾ ਕਾਦਰੀ ਨੇੇ ਦੱਸਿਆ ਕਿ ਜ਼ਿਲਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵੱਲੋਂ ਜ਼ਿਲੇ ਦੇ ਹੋਰਨਾਂ ਖੇਤਰਾਂ ਵਿੱਚ ਲੋੜਵੰਦਾਂ ਨੂੰ ਗਰਮ ਕੰਬਲ ਵੰਡੇ ਗਏ ਹਨ। ਇਸਤੋਂ ਇਲਾਵਾ ਰੈੱਡ ਕਰਾਸ ਵੱਲੋਂ ਹਰ ਹਫ਼ਤੇ ਸਲੱਮ ਏਰੀਏ ਦੇ ਵਸਨੀਕਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਏ ਜਾਂਦੇ ਹਨ ਜਿਸ ਦਾ ਬਹੁਤ ਵੱਡਾ ਫਾਇਦਾ ਇਨਾਂ ਲੋਕਾਂ ਨੂੰ ਪਹੁੰਚ ਰਿਹਾ ਹੈ।

ਇਸੇ ਦੌਰਾਨ ਜ਼ਿਲਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵੱਲੋਂ ਕੁਸ਼ਟ ਆਸ਼ਰਮ ਦੇ ਮਰੀਜ਼ਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ। ਕੁਸ਼ਟ ਆਸ਼ਰਮ ਦੇ ਵਸਨੀਕਾਂ ਨੇ ਮੈਡਮ ਡੀ.ਸੀ. ਤੋਂ ਰਾਸ਼ਨ ਕਾਰਡਾਂ ਅਤੇ ਬਿਜਲੀ ਵਾਇਰਿੰਗ ਕਰਵਾਉਣ ਦੀ ਮੰਗ ਕੀਤੀ ਜਿਸ ’ਤੇ ਉਨਾਂ ਭਰੋਸਾ ਦਿੱਤਾ ਕਿ ਇਨਾਂ ਜਰੂਰਤਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ। ਇਸਦੇ ਨਾਲ ਹੀ ਉਨਾਂ ਕਿਹਾ ਕਿ ਜ਼ਿਲਾ ਰੈੱਡ ਕਰਾਸ ਸੁਸਾਇਟੀ ਵੱਲੋਂ ਹਰ ਮਹੀਨੇ ਕੁਸ਼ਟ ਆਸ਼ਰਮ ਫ਼ਤਹਿਗੜ ਚੂੜੀਆਂ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ।
ਇਸ ਮੌਕੇ ਨਗਰ ਕੌਂਸਲ ਦੇ ਅਧਿਕਾਰੀ ਜਨਰਲ ਇੰਸਪੈਕਟਰ ਰਮੇਸ਼ ਕੁਮਾਰ, ਪਲਵਿੰਦਰ ਸਿੰਘ ਜੂਨੀਅਰ ਸਹਾਇਕ ਅਤੇ ਮੋਟੀਵੇਟਰ ਰਮੇਸ਼ ਸੋਨੀ ਹਾਜ਼ਰ ਸਨ।  

Exit mobile version