ਪੰਜਾਬ ‘ਚ ਅੱਧੀ ਰਾਤ ਦੀ ਕਾਰਵਾਈ: ਮੋਹਾਲੀ ‘ਚ ਨਸ਼ਾ ਤਸਕਰੀ ਦੇ ਮਾਮਲੇ ‘ਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਮਾਮਲਾ ਦਰਜ

Bikram Majithia

ਸੋਮਵਾਰ ਅੱਧੀ ਰਾਤ ਨੂੰ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚ ਗਈ। ਬਿਊਰੋ ਆਫ ਇਨਵੈਸਟੀਗੇਸ਼ਨ ਨੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਥਾਣਾ ਸਦਰ ਮੋਹਾਲੀ ਵਿਖੇ ਮਾਮਲਾ ਦਰਜ ਕਰ ਲਿਆ ਹੈ। ਇਹ ਕੇਸ ਫੇਜ਼ 4 ਦੀ ਸਟੇਟ ਬਰਾਂਚ ਵਿੱਚ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਹਜ਼ਾਰ ਕਰੋੜ ਦੇ ਡਰੱਗ ਰੈਕੇਟ ਮਾਮਲੇ ‘ਚ ਕੀਤੀ ਗਈ ਹੈ। ਮਜੀਠੀਆ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ 25, 27ਏ ਅਤੇ 29 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਸਿੱਧੂ ਵੱਲੋਂ ਲਗਾਤਾਰ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ

ਕਾਂਗਰਸ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਨਾਮ ਲਗਾਤਾਰ ਲਿਆ ਜਾ ਰਿਹਾ ਸੀ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਦਾਅਵਾ ਕੀਤਾ ਸੀ ਕਿ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਵਿੱਚ ਬਿਕਰਮ ਮਜੀਠੀਆ ਦਾ ਨਾਂ ਹੈ। ਉਹ ਲਗਾਤਾਰ ਮਜੀਠੀਆ ਖਿਲਾਫ ਕਾਰਵਾਈ ਦੀ ਗੱਲ ਕਰ ਰਹੇ ਸਨ। ਇਸੇ ਕਾਰਨ ਕੁਝ ਦਿਨ ਪਹਿਲਾਂ ਪੰਜਾਬ ‘ਚ ਇਕਬਾਲਪ੍ਰੀਤ ਸਹੋਤਾ ਦੀ ਥਾਂ ‘ਤੇ ਸਿਧਾਰਥ ਚਟੋਪਾਧਿਆਏ ਨੂੰ ਡੀਜੀਪੀ ਨਿਯੁਕਤ ਕੀਤਾ ਗਿਆ ਸੀ।

ਡੀਜੀਪੀ ਬਦਲਣ ਤੋਂ ਬਾਅਦ ਕਾਰਵਾਈ ਦੀਆਂ ਅਟਕਲਾਂ ਲੱਗ ਰਹੀਆਂ ਸਨ

ਨਵੇਂ ਡੀਜੀਪੀ ਬਾਦਲ ਪਰਿਵਾਰ ਦੇ ਵਿੱਤੀ ਲੈਣ-ਦੇਣ ਦੀ ਪਹਿਲਾਂ ਹੀ ਜਾਂਚ ਕਰ ਚੁੱਕੇ ਹਨ। ਅੱਧੀ ਰਾਤ ਨੂੰ ਡੀਜੀਪੀ ਦੀ ਬਦਲੀ ਨਾਲ ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਮਾਮਲੇ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਸਨ। ਮੰਨਿਆ ਜਾ ਰਿਹਾ ਸੀ ਕਿ ਡਰੱਗ ਮਾਮਲੇ ‘ਚ ਕਾਰਵਾਈ ਲਈ ਇਹ ਕਦਮ ਚੁੱਕਿਆ ਗਿਆ ਹੈ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਲਗਾਤਾਰ ਪੰਜਾਬ ਵਿੱਚ ਡੀਜੀਪੀ ਬਦਲਣ ਦੀ ਮੰਗ ਕਰ ਰਹੇ ਸਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਹੋਤਾ ਬਾਰੇ ਅੜੇ ਰਹੇ। ਇਸ ਦੌਰਾਨ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਐਸਕੇ ਅਸਥਾਨਾ ਦੀ ਚਿੱਠੀ ਦੇ ਅਚਾਨਕ ਲੀਕ ਹੋਣ ਕਾਰਨ ਸਰਕਾਰ ‘ਤੇ ਦਬਾਅ ਵਧ ਗਿਆ ਹੈ।

ਸਰਕਾਰ ਦੇ ਨਾਲ-ਨਾਲ ਸੂਬੇ ਦੇ ਸਿਆਸੀ ਗਲਿਆਰਿਆਂ ‘ਚ ਵੀ ਚਰਚਾ ਸੀ ਕਿ ਅਸਥਾਨਾ ਦੀ ਡੀਜੀਪੀ ਨੂੰ ਲਿਖੀ ਚਿੱਠੀ ਦਾ ਕੁਝ ਹਿੱਸਾ ਸਿੱਧੇ ਤੌਰ ‘ਤੇ ਕਾਂਗਰਸ ਨੂੰ ਕਮਜ਼ੋਰ ਕਰਨ ਅਤੇ ਅਕਾਲੀ ਦਲ ਨੂੰ ਸਿਆਸੀ ਫਾਇਦਾ ਪਹੁੰਚਾਉਣ ਲਈ ਲੀਕ ਕੀਤਾ ਗਿਆ ਹੈ। ਹੁਣ ਸਿੱਧੂ ਸਰਕਾਰ ‘ਤੇ ਵੀ ਦਬਾਅ ਪਾ ਰਹੇ ਹਨ ਕਿ ਸਰਕਾਰ ਡਰੱਗ ਮਾਮਲੇ ‘ਚ ਜਲਦ ਗ੍ਰਿਫਤਾਰੀਆਂ ਸ਼ੁਰੂ ਕਰੇ।

Exit mobile version