ਪੰਜਾਬ ਦੇ ਮੁੱਖ ਮੰਤਰੀ ਨੇ ਸੰਗਰੂਰ ਲਈ 1050 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ

• ਸ਼੍ਰੀ ਸੀਮੇਂਟ ਵੱਲੋਂ ਦੇਹ ਕਲਾਂ ਵਿੱਚ ਲਗਾਇਆ ਜਾਵੇਗਾ 700 ਕਰੋੜ ਰੁਪਏ ਦਾ ਪਲਾਂਟ, ਸਰਕਾਰ ਵੱਲੋਂ ਘਾਬਦਾਂ ਵਿਖੇ 350 ਕਰੋੜ ਰੁਪਏ ਦੀ ਲਾਗਤ ਨਾਲ ਮੈਡੀਕਲ ਕਾਲਜ ਕੀਤਾ ਜਾਵੇਗਾ ਸਥਾਪਤ

ਸੰਗਰੂਰ, 14 ਦਸੰਬਰ: ਸੂਬੇ ਵਿੱਚ ਉਦਯੋਗਿਕ ਅਤੇ ਮੈਡੀਕਲ ਸਿੱਖਿਆ ਦੇ ਖੇਤਰ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ 1050 ਕਰੋੜ ਰੁਪਏ ਦੀ ਸੰਯੁਕਤ ਲਾਗਤ ਨਾਲ ਪਿੰਡ ਦੇਹ ਕਲਾਂ ਵਿਖੇ ਪੰਜਾਬ ਸੀਮਿੰਟ ਪਲਾਂਟ (ਸ਼੍ਰੀ ਸੀਮੈਂਟ ਲਿਮਟਿਡ ਦੀ ਸਹਾਇਕ ਕੰਪਨੀ) ਅਤੇ ਪਿੰਡ ਘਾਬਦਾਂ ਵਿਖੇ ਇੱਕ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ। 

ਪੰਜਾਬ ਵਿੱਚ ਸ਼੍ਰੀ ਸੀਮਿੰਟ ਲਿਮਟਿਡ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਪਿੰਡ ਦੇਹ ਕਲਾਂ ਵਿਖੇ ਆਪਣੇ ਸੰਬੋਧਨ ਵਿੱਚ ਕਿਹਾ ਕਿ 5 ਮਿਲੀਅਨ ਟਨ ਪ੍ਰਤੀ ਸਾਲ ਦੀ ਸਮਰੱਥਾ ਵਾਲੇ ਇਸ ਪ੍ਰੋਜੈਕਟ ‘ਤੇ 700 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਆਵੇਗੀ ਜਿਸ ਨਾਲ ਕੈਪਟਿਵ ਰੇਲਵੇ ਸਾਈਡਿੰਗ ਦੀ ਸਹੂਲਤ ਵੀ ਹੋਵੇਗੀ। ਚੰਨੀ ਨੇ ਕਿਹਾ, “ਇਹ ਪ੍ਰੋਜੈਕਟ ਟਰਾਂਸਪੋਰਟ ਅਤੇ ਹੋਰ ਸਹਾਇਕ ਖੇਤਰਾਂ ਵਿੱਚ ਹਜ਼ਾਰਾਂ ਨੌਜਵਾਨਾਂ ਲਈ ਸਿੱਧੇ ਅਤੇ ਅਸਿੱਧੇ ਤੌਰ ‘ਤੇ ਰੁਜ਼ਗਾਰ ਅਤੇ ਹੋਰ ਕਾਰੋਬਾਰੀ ਮੌਕੇ ਯਕੀਨੀ ਬਣਾਏਗਾ।”

ਵੇਰਵੇ ਦਿੰਦਿਆਂ ਚੰਨੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਲਈ ਲਗਭਗ 104 ਏਕੜ ਜ਼ਮੀਨ (ਰੇਲਵੇ ਸਾਈਡਿੰਗ ਸਮੇਤ) ਦੀ ਲੋੜ ਹੈ ਜੋ ਪਹਿਲਾਂ ਹੀ ਖਰੀਦੀ ਜਾ ਚੁੱਕੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਦੀ ਲੋੜ 32 ਮੈਗਾਵਾਟ ਹੋਵੇਗੀ।

ਇਸੇ ਤਰ੍ਹਾਂ ਇਸ ਪ੍ਰਾਜੈਕਟ ਨੂੰ ਲੈ ਕੇ ਵਾਤਾਵਰਣ ਸਬੰਧੀ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ, ਜੋ ਕਿ ਅਗਲੇ 15 ਮਹੀਨਿਆਂ ਵਿੱਚ ਅਮਲ ਵਿੱਚ ਆ ਜਾਵੇਗੀ। ਮੁੱਖ ਮੰਤਰੀ ਨੇ ਅੱਗੇ ਕਿਹਾ, “ਸੂਬਾ ਸਰਕਾਰ ਨੇ ਇਸ ਪ੍ਰਾਜੈਕਟ ਲਈ 40 ਲੱਖ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਹੈ”।

ਤਜਵੀਜ਼ਤ ਸਰਕਾਰੀ ਮੈਡੀਕਲ ਕਾਲਜ ਸਬੰਧੀ ਮੁੱਖ ਮੰਤਰੀ ਨੇ ਪਿੰਡ ਘਾਬਦਾਂ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ 350 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗਾ ਅਤੇ ਇਸ ਨਾਲ ਨਾ ਸਿਰਫ਼ ਲੋਕਾਂ ਨੂੰ ਉਨ੍ਹਾਂ ਦੇ ਦਰ ‘ਤੇ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਬਲਕਿ ਡਾਕਟਰੀ ਪੜ੍ਹਾਈ ਨੂੰ ਕਰੀਅਰ ਵਜੋਂ ਅਪਣਾਉਣ ਦੀ ਇੱਛਾ ਰੱਖਦੇ ਨੌਜਵਾਨਾਂ ਨੂੰ ਮਿਆਰੀ ਡਾਕਟਰੀ ਸਿੱਖਿਆ ਵੀ ਮਿਲੇਗੀ।

ਮੁੱਖ ਮੰਤਰੀ ਨੇ ਮੈਡੀਕਲ ਕਾਲਜ ਲਈ 10 ਏਕੜ ਜ਼ਮੀਨ ਦਾਨ ਕਰਨ ਵਾਸਤੇ ਗਊਸ਼ਾਲਾ ਪ੍ਰਬੰਧਕਾਂ ਦੇ ਕਦਮ ਦੀ ਵੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਗਊਸ਼ਾਲਾ ਨੂੰ ਇਸ ਦੇ ਬਦਲੇ ਪੰਜ ਸਾਲਾਂ ਲਈ 10 ਲੱਖ ਰੁਪਏ ਸਾਲਾਨਾ ਦਿੱਤੇ ਜਾਣਗੇ।

ਇਸ ਨੂੰ ਸਿਰਫ਼ ਇੱਕ ਟ੍ਰੇਲਰ ਦੱਸਦਿਆਂ ਚੰਨੀ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਵੱਡੇ ਪ੍ਰਾਜੈਕਟਾਂ ਦਾ ਐਲਾਨ ਕੀਤਾ ਜਾਵੇਗਾ ਜਿਸ ਨਾਲ ਪੰਜਾਬ ਮਾਡਲ ਦੀ ਪ੍ਰਭਾਵਸ਼ੀਲਤਾ ਨੂੰ ਪ੍ਰਭਾਵੀ ਢੰਗ ਨਾਲ ਦਰਸਾਇਆ ਜਾਵੇਗਾ।

ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਦਾ ਹਰ ਵਿਕਾਸ ਕਾਰਜ ਕਾਂਗਰਸ ਵੱਲੋਂ ਕਰਵਾਇਆ ਜਾਂਦਾ ਹੈ, ਚਾਹੇ ਉਹ ਪੀ.ਜੀ.ਆਈ., ਭਾਖੜਾ ਡੈਮ ਜਾਂ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੋਵੇ ਅਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ।

ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸ੍ਰੀ ਸੀਮੈਂਟ ਵੱਲੋਂ ਇਸ ਪ੍ਰਾਜੈਕਟ ਨੂੰ ਇਲਾਕੇ ਵਿੱਚ ਸਭ ਤੋਂ ਵੱਡਾ ਨਿਵੇਸ਼ ਕਰਾਰ ਦਿੰਦਿਆਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਇਲਾਕੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਸੂਬੇ ਵਿੱਚ ਵਪਾਰ-ਪੱਖੀ ਮਾਹੌਲ ਦੀ ਸ਼ਲਾਘਾ ਕਰਦਿਆਂ  ਐਮਡੀ ਸ਼੍ਰੀ ਸੀਮੇਂਟਸ, ਐਚ.ਐਮ. ਬੰਗੜ ਨੇ ਕਿਹਾ ਕਿ ਸਾਰੇ 12 ਰਾਜਾਂ ਵਿੱਚੋਂ, ਉਨ੍ਹਾਂ ਦੀ ਕੰਪਨੀ ਨੂੰ ਬਿਨਾਂ ਕਿਸੇ ਰੁਕਾਵਟ ਦੇ ਪੰਜਾਬ ਵਿੱਚ ਸਭ ਤੋਂ ਤੇਜ਼ੀ ਨਾਲ ਪ੍ਰਵਾਨਗੀਆਂ ਮਿਲੀਆਂ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪ੍ਰਾਜੈਕਟ 15 ਮਹੀਨਿਆਂ ਦੇ ਸਮੇਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ।

ਇਸ ਮੌਕੇ ਮੁੱਖ ਮੰਤਰੀ ਨੂੰ ਉਦਯੋਗ ਪੱਖੀ ਫੈਸਲਿਆਂ ਲਈ ਭੱਠਾ ਐਸੋਸੀਏਸ਼ਨ ਅਤੇ ਸ਼੍ਰੀ ਸੀਮੇਂਟਸ ਵੱਲੋਂ ਵੀ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਦਲਵੀਰ ਸਿੰਘ ਗੋਲਡੀ, ਕਾਂਗਰਸੀ ਆਗੂ ਦਮਨ ਥਿੰਦ ਬਾਜਵਾ, ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ, ਸੀ.ਈ.ਓ ਇਨਵੈਸਟ ਪੰਜਾਬ ਸ੍ਰੀ ਰਜਤ ਅਗਰਵਾਲ, ਡਿਪਟੀ ਕਮਿਸ਼ਨਰ ਰਾਮਵੀਰ, ਆਈ.ਜੀ.ਐਮ.ਐਸ ਛੀਨਾ, ਰਜਿੰਦਰ ਸਿੰਘ ਰਾਜਾ ਬੀਰ ਕਲਾਂ ਅਤੇ ਐਸ.ਐਸ.ਪੀ ਸਵਪਨ ਸ਼ਰਮਾ, ਕੁਲਵੰਤ ਰਾਏ ਸਿੰਗਲਾ ਮੈਂਬਰ ਪੀ.ਪੀ.ਸੀ.ਸੀ. , ਭਾਈ ਰਾਹੁਲ ਇੰਦਰ ਸਿੰਘ ਸਿੱਧੂ, ਰਣਜੀਤ ਸਿੰਘ ਤੂਰ ਸੂਬਾ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, ਜਸਵੀਰ ਕੌਰ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ, ਪਰਦੀਪ ਕੱਦ ਚੇਅਰਮੈਨ ਮਾਰਕੀਟ ਕਮੇਟੀ ਭਵਾਨੀਗੜ੍ਹ, ਵਰਿੰਦਰ ਪਨਵਾ ਚੇਅਰਮੈਨ ਬਲਾਕ ਸੰਮਤੀ ਭਵਾਨੀਗੜ੍ਹ, ਬਲਵਿੰਦਰ ਸਿੰਘ ਘਾਬਦੀਆਂ, ਵਰਿੰਦਰ ਮਿੱਤਲ, ਬਿੱਟੂ ਖਾਨ, ਮਹੇਸ਼ ਕੁਮਾਰ ਵਰਮਾ, ਸਰਪੰਚ ਗੁਰਜੰਟ ਸਿੰਘ ਪਿੰਡ ਘਾਬਦਾਂ ਅਤੇ ਸਥਾਨਕ ਗਊਸ਼ਾਲਾ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ।

Exit mobile version