ਟਿਕਟ ਦੇ ਐਲਾਨ ਤੋਂ ਬਾਦ ਸ਼ਰਾਰਤੀ ਅਨਸਰਾਂ ਨੇ ਪਾੜੇ ਰਮਨ ਬਹਿਲ ਦੇ ਪੋਸਟਰ, ਬਹਿਲ ਦਾ ਕਹਿਣਾ ਹਲਕੇ ਦੇ ਲੋਕਾਂ ਤੋਂ ਮਿਲ ਰਹੇ ਪਿਆਰ ਨੂੰ ਵੇਖ ਬੋਖਲਾਏ ਵਿਰੋਧੀ

ਸ਼ਰਾਰਤੀ ਅਨਸਰਾਂ ‘ਤੇ ਸ਼ਿਕੰਜਾ ਕੱਸਣ ਲਈ ਐਸਐਸਪੀ ਨੂੰ ਦਿੱਤੀ ਸ਼ਿਕਾਇਤ

ਗੁਰਦਾਸਪੁਰ, 11 ਦਸੰਬਰ (ਮੰਨਣ ਸੈਣੀ)। ਆਮ ਆਦਮੀ ਪਾਰਟੀ ਵੱਲੋਂ ਗੁਰਦਾਸਪੁਰ ਸੀਟ ਤੋਂ ਉਮੀਦਵਾਰ ਵਜੋਂ ਰਮਨ ਬਹਿਲ ਦੇ ਨਾਂ ਦਾ ਐਲਾਨ ਹੋਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਰਮਨ ਬਹਿਲ ਦੇ ਲੱਗੇ ਵੱਡੇ ਫਲੈਕਸ ਕੁਝ ਸ਼ਰਾਰਤੀ ਅਨਸਰਾਂ ਦਾ ਨਿਸ਼ਾਨਾ ਬਣ ਗਏ। ਇਸ ਸਬੰਧੀ ਸਵੇਰੇ ਰਮਨ ਬਹਿਲ ਵੱਲੋ ਐਸ.ਐਸ.ਪੀ ਗੁਰਦਾਸਪੁਰ ਨੂੰ ਪੱਤਰ ਲਿਖ ਕੇ ਸਾਰੀ ਘਟਨਾ ਦਾ ਵੇਰਵਾ ਦਿੰਦਿਆਂ ਇਸ ਘਟਨਾ ਪਿੱਛੇ ਲੁਕੇ ਚਿਹਰਿਆਂ ਦਾ ਪਤਾ ਲਗਾ ਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ।

ਐਸਐਸਪੀ ਨੂੰ ਲਿਖੇ ਪੱਤਰ ਵਿੱਚ ਦੱਸਿਆ ਗਿਆ ਕਿ 10 ਦਸੰਬਰ ਨੂੰ ਦੁਪਹਿਰ 12 ਵਜੇ ਉਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਕੀਤਾ ਗਿਆ ਸੀ। ਪਰ ਦੇਰ ਰਾਤ ਕਾਹਨੂੰਵਾਨ ਚੌਕ (ਕਲਸੀ ਹਸਪਤਾਲ ਦੇ ਸਾਹਮਣੇ), ਪਿੰਡ ਵਰਸੋਲਾ, ਪਿੰਡ ਹਰਦਾਨ, ਪਿੰਡ ਸਰਾਏ, ਹਯਾਤ ਨਗਰ ਰੋਡ ਅਤੇ ਹਯਾਤ ਨਗਰ ਵਿੱਖੇ ਲੱਗੇ ਆਮ ਆਦਮੀ ਪਾਰਟੀ ਵੱਲੋ ਲਗਾਏ ਗਏ ਵੱਡੇ-ਵੱਡੇ ਫਲੈਕਸ ਪਾੜ ਕੇ ਜਾਇਦਾਦ ਦਾ ਕਾਫੀ ਨੁਕਸਾਨ ਕੀਤਾ ਗਿਆ।

ਇਸ ਤੋਂ ਇਲਾਵਾ ਰਮਨ ਬਹਿਲ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਹੈਰਾਨ ਹਨ ਕਿ ਵਿਰੋਧ ਕਰਨ ਵਾਲਿਆਂ ਦੀ ਅੰਦਰੂਣੀ ਗੰਦਗੀ ਇੱਕ ਦਿਨ ਵਿੱਚ ਹੀ ਉਜਾਗਰ ਹੋ ਗਈ। ਇਧਰੋਂ ਟਿਕਟ ਦਾ ਐਲਾਨ ਹੋਇਆ ਤਾਂ ਉਧਰ ਰਾਤ ਨੂੰ ਬੇਜਾਨ ਪੋਸਟਰਾਂ ‘ਤੇ ਗੁੱਸਾ ਕੱਢ ਮਾਨਸਿਕ ਦੀਵਾਲੀਏਪਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਦਰਸਾਉਂਦੀ ਹੈ ਕਿ ਗੁਰਦਾਸਪੁਰ ਦੇ ਵੋਟਰਾਂ ਦਾ ਮੇਰੇ ਪ੍ਰਤੀ ਪਿਆਰ ਅਤੇ ਪਿਆਰ ਨੂੰ ਦੇਖ ਕੇ ਵਿਰੋਧੀ ਬੋਖਲਾ ਗਏ ਹਨ ਅਤੇ ਇਸ ਨੂੰ ਬਰਦਾਸ਼ਤ ਨਹੀਂ ਕਰ ਸਕੇ।

Exit mobile version