ਫ਼ੋਕੇ ਐਲਾਨ ਕਰ- ਕਰ ‘ਐਲਾਨ ਮੰਤਰੀ’ ਬਣੇ ਚਰਨਜੀਤ ਸਿੰਘ ਚੰਨੀ : ਭਗਵੰਤ ਮਾਨ

ਸਿਰਫ਼ ਐਲਾਨਾਂ ਤੱਕ ਸੀਮਤ, ਜ਼ਮੀਨੀ ਹਕੀਕਤ ਨਾਲ ਨਹੀਂ ਕੋਈ ਮੇਲ: ‘ਆਪ’ ਸੰਸਦ

ਕੈਪਟਨ ਰੂਪੀ ਅਲੀ ਬਾਬਾ ਤਾਂ ਬਦਲ ਲਿਆ, ਪਰ 40 ਚੋਰ ਪਹਿਲਾਂ ਵਾਲੇ ਅੱਜ ਵੀ ਸਰਕਾਰ ’ਚ

ਮਾਝੇ  ਦੇ ਫਤਿਹਗੜ੍ਹ ਚੂੜੀਆਂ ’ਚ ਚੰਨੀ, ਕਾਂਗਰਸ ਅਤੇ ਬਾਦਲਾਂ ’ਤੇ ਖ਼ੂਬ ਵਰੇ ਸੂਬਾ ਪ੍ਰਧਾਨ

ਫਤਿਹਗੜ੍ਹ ਚੂੜੀਆਂ (ਗੁਰਦਾਸਪੁਰ/ ਸ੍ਰੀ ਅੰਮ੍ਰਿਤਸਰ) , 25 ਨਵੰਬਰ । ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ‘ਐਲਾਨ ਮੰਤਰੀ’ ਦੱਸਦੇ ਹੋਏ ਕਿਹਾ ਕਿ ਚੰਨੀ ਸਰਕਾਰ ਵੱਲੋਂ ਰੋਜ਼ਾਨਾ ਥੋਕ ’ਚ ਕੀਤੇ ਜਾ ਰਹੇ ਐਲਾਨਾਂ ’ਚੋਂ ਕੋਈ ਵੀ ਐਲਾਨ ਅਮਲ ਵਿੱਚ ਨਹੀਂ ਆ ਰਿਹਾ। ਮਾਨ ਮੁਤਾਬਕ ਨਾ ਰੇਤ ਸਸਤੀ ਹੋਈ ਅਤੇ ਨਾ ਹੀ ਕਿਸੇ ਮਾਫੀਆ ਨੂੰ ਨੱਥ ਪਾਈ ਜਾ ਸਕੀ, ਕਿਉਂਕਿ ਇਹ ਸਾਰੇ ਆਪਸ ’ਚ ਰਲ਼ੇ ਹੋਏ ਹਨ, ਇਸ ਕਰਕੇ ਚੰਨੀ ਦੇ ਇੱਕ ਪਾਸੇ ਰੇਤ ਤੇ ਟਰਾਂਸਪੋਰਟ ਮਾਫੀਆ ਅਤੇ ਦੂਜੇ ਪਾਸੇ ਸ਼ਰਾਬ ਤੇ ਬਿਜਲੀ ਮਾਫੀਆ ਬੈਠਦਾ ਹੈ। ਉਨ੍ਹਾਂ ਮੋਦੀ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਨਫ਼ਰਤ ਦੀ ਰਾਜਨੀਤੀ ਨੂੰ ਛੱਡ ਕੇ ਸਕੂਲਾਂ ਅਤੇ ਹਸਪਤਾਲਾਂ ਨੂੰ ਚੁਣਿਆ ਹੈ। ਇਸ ਤੋਂ ਪਹਿਲਾ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਪੱਟੀ (ਤਰਨਤਾਰਨ) ’ਚ ਚੋਣਾਵੀਂ ਰੈਲੀ ਨੂੰ ਸੰਬੋਧਨ ਕੀਤਾ। 

ਵੀਰਵਾਰ ਨੂੰ ਮਾਝੇ ਦੀ ਧਰਤੀ ’ਤੇ ਚੋਣਾਵੀਂ ਰੈਲੀ ਵਜੋਂ ਕਰਵਾਏ ਪ੍ਰੋਗਰਾਮ ‘ਇੱਕ ਮੌਕਾ ਕੇਜਰੀਵਾਲ ਨੂੰ’ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ, ‘‘ਪਿੱਛਲੇ ਦੋ ਤਿੰਨ ਮਹੀਨਿਆਂ ਤੋਂ ਪੰਜਾਬ ਵਿੱਚ ਨਵੇਂ ਐਲਾਨ ਮੰਤਰੀ ਘੁੰਮ ਰਹੇ ਹਨ। ਜੋ ਬਿਨ੍ਹਾਂ ਕਿਸੇ ਨੀਤੀ ਅਤੇ ਨੀਅਤ ਤੋਂ ਕੇਵਲ ਐਲਾਨ ਹੀ ਕਰਦੇ ਹਨ। ਪਹਿਲਾ ਇੱਕ ਮੋਦੀ ਜੀ ਤੋਂ ਖਹਿੜਾ ਨਹੀਂ ਛੁੱਟ ਰਿਹਾ, ਆਹ ਹੁਣ ਦੂਜੇ ਆ ਗਏ। ਕਰੋੜਾਂ ਦੀਆਂ ਜਾਇਦਾਦਾਂ ਬਣਾਉਣ ਵਾਲਾ ਕਹਿੰਦਾ ਮੈਂ ਆਮ ਆਦਮੀ ਹਾਂ।’’ ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਐਲਾਨਾਂ ਬਾਰੇ ਕਿਹਾ ਕਿ ਮੁੱਖ ਮੰਤਰੀ ਦੇ ਐਲਾਨਾਂ ਵਿਚੋਂ ਕੁੱਝ ਵੀ ਨਹੀਂ ਨਿਕਲ ਰਿਹਾ ਕਿਉੁਕਿ ਨਾ ਹੀ ਰੇਤ ਸਸਤੀ ਹੋਈ, ਨਾ ਬਿਜਲੀ ਸਸਤੀ ਹੋਈ, ਨਾ ਟਰਾਂਸਪੋਰਟ ਮਾਫੀਆਂ ਬੰਦ ਹੋਇਆ ਅਤੇ ਨਾ ਹੀ ਨਸ਼ਾ ਮਾਫੀਆ ਜੇਲ੍ਹ ਗਿਆ।

ਫਤਿਹਗੜ੍ਹ ਚੂੜੀਆਂ ’ਚ ਲੋਕਾਂ ਦੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਕੈਪਟਨ ਰੂਪੀ ਅਲੀ ਬਾਬਾ ਤਾਂ ਬਦਲ ਲਿਆ, ਪਰ 40 ਚੋਰ ਪਹਿਲਾਂ ਵਾਲੇ ਅੱਜ ਵੀ ਸਰਕਾਰ ’ਚ ਹਨ। ਜਿਨ੍ਹਾਂ ਪੰਜਾਬ ਅਤੇ ਪੰਜਾਬ ਵਾਸੀਆਂ ਨੂੰ ਲੁੱਟਿਆ ਅਤੇ ਕੁੱਟਿਆ ਹੈ। ਚੰਨੀ ਸਰਕਾਰ ’ਤੇ ਬਿਨ੍ਹਾਂ ਯੋਜਨਾਬੰਦੀ ਤੋਂ ਕੰਮ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਫੋਟੋਆਂ ਖਿਚਵਾਉਣ ਤੇ ਲੋਕਾਂ ਨੂੰ ਦੱਸਣ ਲਈ ਕੁੱਝ ਬੱਸਾਂ ਫੜੀਆਂ ਸਨ, ਪਰ ਇਨਾਂ ਬੱਸਾਂ ਨੂੰ ਅਦਾਲਤ ਨੇ ਛੱਡਣ ਦੇ ਆਦੇਸ਼ ਦੇ ਦਿੱਤੇ। ਜਿਸ ਤੋਂ ਪਤਾ ਚੱਲਦਾ ਹੈ ਕਿ ਚੰਨੀ ਸਰਕਾਰ ਦੀ ਟਰਾਂਸਪੋਰਟ ਮਾਫ਼ੀਆ ਖ਼ਿਲਾਫ਼ ਕਾਰਵਾਈ ਕਰਨ ਨੀਅਤ ਅਤੇ ਨੀਤੀ ਹੀ ਨਹੀਂ ਹੈ।

ਬਾਦਲ ਪਰਿਵਾਰ ’ਤੇ ਪੰਜਾਬ ਨੂੰ ਲੁੱਟਣ ਦਾ ਦੋਸ਼ ਲਾਉਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਦੀ ਚੋਣ ਲਈ ਕਾਗਜ ਭਰੇ ਸਨ ਤਾਂ ਦੱਸਿਆ ਕਿ ਉਸ ਕੋਲ ਸਾਢੇ 24 ਕਿਲੋ ਸੋਨਾ ਹੈ। ਇਨ੍ਹਾਂ ਕਰੋੜਾਂ ਦੀਆਂ ਜ਼ਮੀਨਾਂ ਬਣਾਈਆਂ, ਸੁਖਵਿਲਾ ਹੋਟਲ ਬਣਾਏ। ਇਹ ਸਭ ਆਮ ਲੋਕਾਂ ਦੇ ਬੱਚਿਆਂ ਦੀ ਪੜ੍ਹਾਈ, ਬਜ਼ੁਰਗਾਂ ਦੀਆਂ ਦਵਾਈਆਂ, ਬੱਸਾਂ, ਰੇਤਾਂ ਖਾ ਕੇ ਬਣਾਏ ਗਏ ਹਨ। ਉਨ੍ਹਾਂ ਐਲਾਨ ਕੀਤਾ ਇਸ ਲੁੱਟ ਖਸੁੱਟ ਦਾ ਹਿਸਾਬ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਜ਼ਰੂਰ ਲਿਆ ਜਾਵੇਗਾ। ਮਾਨ ਨੇ ਬਾਦਲਾਂ ਦੀ ਸਰਕਾਰ ਵੇਲੇ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਜ਼ਿਕਰ ਕਰਦਿਆਂ ਕਿਹਾ, ‘‘ਇਨ੍ਹਾਂ ਗੁਰੂ ਸਾਹਿਬ ਦੀ ਬੇਅਦਬੀ ਕੀਤੀ, ਕਰਵਾਈ। ਦੂਜੇ (ਕੈਪਟਨ) ਨੇ ਸ੍ਰੀ ਗੁੱਟਕਾ ਸਾਹਿਬ ਦੀ ਸਹੁੰ ਚੁੱਕ ਕੇ ਮੁੜ ਬੇਅਬਦੀ ਕੀਤੀ। ਹੁਣ ਦੋਵੇਂ ਕਿੱਥੇ ਹਨ?’’

‘ਆਪ’ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਤੇ ਦੇਸ਼ ਦੀ ਸੱਤਾ ’ਤੇ ਕਾਬਜ ਰਹੇ ਬਾਦਲਾਂ, ਭਾਜਪਾ, ਕੈਪਟਨ, ਕਾਂਗਰਸੀਆਂ ਅਤੇ ਚੰਨੀ ਐਂਡ ਪਾਰਟੀ ਨੇ ਗੋਰੇ ਅੰਗਰੇਜ਼ਾਂ ਨੂੰ ਵੀ ਮਾਤ ਦੇ ਦਿੱਤੀ ਹੈ ਕਿਉਂਕਿ ਗੋਰੇ ਅੰਗਰੇਜ਼ 200 ਸਾਲਾਂ ਵਿੱਚ ਵੀ ਦੇਸ਼ ਨੂੰ ਓਨਾਂ ਨਹੀਂ ਲੁੱਟ ਸਕੇ, ਜਿਨਾਂ ਇਹ ਸੱਤਾਧਾਰੀ ਇੱਕ ਸਾਲ ਵਿੱਚ ਲੁੱਟ ਲੈਂਦੇ ਹਨ। ਲੀਡਰ ਅਮੀਰ ਹੋ ਰਹੇ ਹਨ, ਪਰ ਲੋਕ ਗਰੀਬ ਹੋ ਰਹੇ ਹਨ। ਮਾਨ ਨੇ ਕਿਹਾ ਕਿ ਪੰਜਾਬੀ ਦੂਜੇ ਮੁਲਕਾਂ ਵਿੱਚ ਜਾ ਕੇ ਕਾਮਯਾਬ ਹੋ ਰਹੇ ਹਨ ਕਿਉਂਕਿ ਦੂਜੇ ਮੁਲਕਾਂ ਦੀਆਂ ਸਰਕਾਰਾਂ ਲੋਕਾਂ ਦੀ ਤਰੱਕੀ ਵਿੱਚ ਸਹਿਯੋਗ ਕਰਦੀਆਂ ਹਨ। ਪਰ ਪੰਜਾਬ ਦੀਆਂ ਸਰਕਾਰਾਂ ਲੋਕਾਂ ਨੂੰ ਲੁੱਟ ਤੇ ਕੁੱਟ ਰਹੀਆਂ ਹਨ। ਇਸ ਲਈ ਪੰਜਾਬ ਦੇ ਨੌਜਵਾਨ ਆਈਲੈਟਸ ਕਰਕੇ ਕੈਨੇਡਾ, ਅਮਰੀਕਾ , ਆਸਟਰੇਲੀਆਂ ਨੂੰ ਜਾ ਰਹੇ ਹਨ।

ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਅਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਹੰਕਾਰ ਕਾਰਨ ਦੇਸ਼ ਦੇ 700 ਕਿਸਾਨਾਂ ਦੀ ਜਾਨਾਂ ਗਈਆਂ ਹਨ ਕਿਉਂਕਿ ਜੇ ਸਮੇਂ ਸਿਰ ਕਾਲੇ ਖੇਤੀ ਕਾਨੂੰਨ ਵਾਪਸ ਕੀਤੇ ਜਾਂਦੇ ਤਾਂ ਕਿਸਾਨਾਂ ਦੀਆਂ ਸ਼ਹੀਦੀਆਂ ਨਾ ਹੁੰਦੀਆਂ। ਉਨ੍ਹਾਂ ਕਿਹਾ ਕਿ 29 ਨਵੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਇਜਲਾਸ ਵਿੱਚ ਉਹ (ਭਗਵੰਤ ਮਾਨ) ਕਿਸਾਨਾਂ ਦੀਆਂ ਆਵਾਜ਼ ਬੁਲੰਦ ਕਰਨਗੇ ਅਤੇ ਫ਼ਸਲਾਂ ’ਤੇ ਐਮ.ਐਸ.ਪੀ ਦੀ ਗਰੰਟੀ ਬਿਲ ਪਾਸ ਕਰਨ, ਕਿਸਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਭਾਜਪਾ ਮੰਤਰੀ ਤੇ ਆਗੂਆਂ ਵੱਲੋਂ ਕਿਸਾਨਾਂ ਕੋਲੋਂ ਮੁਆਫ਼ੀ ਮੰਗਣ ਦੀ ਗੱਲ ਰੱਖਣਗੇ।

ਭਗਵੰਤ ਮਾਨ ਨੇ ਮਾਝੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹਵਾ ’ਚ ਉਡਦਾ ਹੈਲੀਕਾਪਟਰ ਧਰਤੀ ’ਤੇ ਉਤਾਰਨ ਲਈ ਇੱਕ ਮਾਰ ਝਾੜੂ ਵਾਲਾ ਬਟਨ ਜ਼ਰੂਰ ਦੱਬਣ, ਤਾਂ ਜੋ ਪੰਜਾਬ ਨੂੰ ਮੁੱੜ ਅਸਲ ਪੰਜਾਬ ਬਣਾਇਆ ਜਾ ਸਕੇ।

Exit mobile version