ਰਮਨ ਬਹਿਲ ਨੇ ਨਗਰ ਕੌਂਸਲ ਚੋਣਾਂ ਲੜ ਚੁੱਕੇ ਉਮੀਦਵਾਰਾਂ ਨਾਲ ਮੀਟਿੰਗ ਕਰਕੇ ਤਿਆਰ ਕੀਤੀ ਰਣਨੀਤੀ

ਗੁਰਦਾਸਪੁਰ, 19 ਨਵੰਬਰ (ਮੰਨਣ ਸੈਣੀ)। ਪਿਛਲੀਆਂ ਨਗਰ ਕੌਂਸਲ ਚੋਣਾਂ ਦੌਰਾਨ ਗੁਰਦਾਸਪੁਰ ਅੰਦਰ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਲੜਨ ਵਾਲੇ ਸਮੂਹ ਉਮੀਦਵਾਰਾਂ ਅਤੇ ਪਾਰਟੀ ਦੇ ਹੋਰ ਆਗੂਆਂ ਨੂੰ ਲਾਮਬੱਧ ਕਰਕੇ ਅਗੇਲਰੀ ਰਣਨੀਤੀ ਤਿਆਰ ਕਰਨ ਲਈ ਅੱਜ ਪਾਰਟੀ ਦੇ ਸੀਨੀਅਰ ਨੇਤਾ ਰਮਨ ਬਹਿਲ ਨੇ ਮੀਟਿੰਗ ਕੀਤੀ। ਇਸ ਮੌਕੇ ਗੁਰਦਾਸਪੁਰ ਦੀਆਂ ਵੱਖ ਵੱਖ ਵਾਰਡਾਂ ਤੋਂ ਪਹੁੰਚੇ ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰਦਾਸਪੁਰ ਸ਼ਹਿਰ ਦੀ ਹਰੇਕ ਵਾਰਡ ਅਤੇ ਹਲਕੇ ਦੇ ਹਰੇਕ ਪਿੰਡ ਵਿਚ ਯੋਜਨਾਬੱਧ ਢੰਗ ਨਾਲ ਪਹੁੰਚ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਤਿਆਰ ਕੀਤੀਆਂ ਯੋਜਨਾਵਾਂ ਤੋਂ ਜਾਣੂ ਕਰਵਾਇਆ ਜਾ ਸਕੇ।

ਰਮਨ ਬਹਿਲ ਨੇ ਕਿਹਾ ਕਿ ਹੁਣ ਗੁਰਦਾਸਪੁਰ ਸਮੇਤ ਸਮੁੱਚੇ ਪੰਜਾਬ ਅੰਦਰ ਬਦਲਾਅ ਦਾ ਲਹਿਰ ਚਲ ਚੁੱਕੀ ਹੈ ਅਤੇ ਇਹ ਲਹਿਰ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਸੁਨਾਮੀ ਬਣ ਕੇ ਬਾਹੂਬਲੀਆਂ ਦੇ ਜਬਰ ਦਾ ਖਾਤਮਾ ਕਰੇਗੀ। ਉਨਾਂ ਕਿਹਾ ਕਿ ਅੱਜ ਪੰਜਾਬ ਦਾ ਹਰੇਕ ਵਰਗ ਮੌਜੂਦਾ ਸਰਕਾਰ ਤੋਂ ਅੱਕ ਚੁੱਕਾ ਹੈ ਅਤੇ ਇਸ ਸਰਕਾਰ ਵੱਲੋਂ ਕੀਤੇ ਜਾ ਰਹੇ ਜਬਰ ਤੋਂ ਤੰਗ ਆਏ ਲੋਕ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ। ਉਨਾਂ ਸਮੂਹ ਵਲੰਟੀਅਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਆਪਣੀਆਂ ਵਾਰਡਾਂ ਅੰਦਰ ਸਰਗਰਮੀ ਤੇਜ ਕਰਨ ਅਤੇ ਲੋਕਾਂ ਨੂੰ ਮੌਜੂਦਾ ਸਰਕਾਰ ਦੀ ਵਾਅਦਾ ਖਿਲਾਫੀ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਵੱਲੋਂ ਕੀਤੇ ਗਏ ਬੇਮਿਸਾਲ ਕਾਰਜਾਂ ਤੋਂ ਜਾਣੂ ਕਰਵਾਉਣ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਤੇ ਵਲੰਟੀਅਰ ਮੌਜੂਦ ਸਨ।

Exit mobile version