ਸੁਖਬੀਰ ਦੇ ਸਪਸ਼ੱਟੀਕਰਨ ਉਤੇ ਸੁਖਜਿੰਦਰ ਸਿੰਘ ਰੰਧਾਵਾ ਬੋਲੇ, “ਅਣਜਾਣੇ ਵਿੱਚ ਕੀਤੀਆਂ ਗਲਤੀਆਂ ਮੁਆਫ ਹੋ ਜਾਂਦੀਆਂ ਪਰ ਜਾਣਬੁੱਝ ਕੇ ਕੀਤੇ ਬੱਜਰ ਪਾਪ ਮੁਆਫ ਨਹੀਂ ਹੁੰਦੇ”

ਚੰਡੀਗੜ੍ਹ, 16 ਨਵੰਬਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਮਾਮਲੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀਆਂ ਗਲਤੀਆਂ/ਨੁਕਸਾਂ ਲਈ ਪਾਰਟੀ ਨੂੰ ਸਜ਼ਾ ਨਾ ਦੇਣ ਦੀ ਅਪੀਲ ਉਤੇ ਬੋਲਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਣਜਾਣੇ ਵਿੱਚ ਕੀਤੀਆਂ ਗਲਤੀਆਂ ਮੁਆਫ ਹੋ ਜਾਂਦੀਆਂ ਪਰ ਜਾਣਬੁੱਝ ਕੇ ਕੀਤੇ ਬੱਜਰ ਪਾਪ ਮੁਆਫ ਨਹੀਂ ਹੁੰਦੇ।

ਸ. ਰੰਧਾਵਾ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਇਸ ਕਬੂਲਨਾਮੇ ਨਾਲ ਸਪੱਸ਼ਟ ਹੋ ਗਿਆ ਕਿ ਅਕਾਲੀ ਆਗੂਆਂ ਨੂੰ ਹੁਣ ਆਪਣੀਆਂ ਕੀਤੀਆਂ ਘਿਨਾਉਣੀਆਂ ਗਲਤੀਆਂ ਕਾਰਨ ਮਿਲਣ ਵਾਲੀ ਸਜ਼ਾ ਤੋਂ ਡਰ ਲੱਗਣ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਾਦਲ ਪਰਿਵਾਰ ਤੇ ਅਕਾਲੀ ਦਲ ਤੋਂ ਇੰਨੀ ਨਫ਼ਰਤ ਕਰਦੇ ਹਨ ਕਿ ਉਹ ਹੁਣ ਲਿਲ੍ਹਕੜੀਆਂ ਉਤੇ ਉਤਰ ਆਏ ਹਨ।

ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਮੱਗਰਮੱਛ ਦੇ ਹੰਝੂ ਵਹਾ ਰਿਹਾ ਹੈ। ਸੁਖਬੀਰ ਸਿੰਘ ਬਾਦਲ ਦਾ ਸਿੱਖੀ ਤੇ ਪੰਜਾਬ ਨਾਲ ਕੋਈ ਸਰੋਕਾਰ ਨਹੀਂ, ਉਸ ਦਾ ਇੱਕੋ ਮਨੋਰਥ ਆਪਣਾ ਕਾਰੋਬਾਰ ਵਧਾਉਣਾ ਸੀ। ਉਸ ਨੇ ਮਾਫ਼ੀਆ ਰਾਜ ਕਾਇਮ ਕਰ ਕੇ ਆਪਣੀ ਸਲਤਨਤ ਖੜ੍ਹੀ ਕੀਤੀ।
ਸਿੱਖ ਕੌਮ ਬਾਦਲ ਪਰਿਵਾਰ ਵੱਲੋਂ ਕੀਤੇ ਗੁਨਾਹਾਂ ਲਈ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰੇਗੀ।

ਸ. ਰੰਧਾਵਾ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਪਹਿਲਾਂ ਵੀ ਆਪਣੀ ਗਲਤੀ ਅਸਿੱਧੇ ਤਰੀਕੇ ਨਾਲ ਮੰਨ ਚੁੱਕੇ ਹਨ, ਜਦੋਂ ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਬਿਨਾਂ ਕੀਤੇ ਨਿਰਦੇਸ਼ਾਂ ਦੇ ਬਾਵਜੂਦ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਪੁੱਜੇ ਸਨ।

Exit mobile version