ਮੁੱਖ ਮੰਤਰੀ ਚੰਨੀ ਨੇ ਘੜੂੰਆਂ ਵਿਖੇ ਸਬ-ਜੂਨੀਅਰ ਅਤੇ ਕੈਡੇਟ ਜੂਡੋ ਨੈਸ਼ਨਲ ਚੈਂਪੀਅਨਸ਼ਿਪ ਦਾ ਕੀਤਾ ਉਦਘਾਟਨ

ਸੂਬੇ ਵਿੱਚ ਅਤਿ ਆਧੁਨਿਕ ਜੂਡੋ ਸਟੇਡੀਅਮ ਸਥਾਪਤ ਕਰਨ ਦਾ ਕੀਤਾ ਐਲਾਨ

ਐਸ.ਏ.ਐਸ.ਨਗਰ (ਮੁਹਾਲੀ), 9 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਸਬ-ਜੂਨੀਅਰ ਅਤੇ ਕੈਡੇਟ ਜੂਡੋ ਨੈਸ਼ਨਲ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ।

ਸੂਬੇ ਵਿੱਚ ਜੂਡੋ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਜੂਡੋ ਐਸੋਸੀਏਸ਼ਨ ਨੂੰ 20 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਸੂਬੇ ਵਿੱਚ ਇੱਕ ਅਤਿ ਆਧੁਨਿਕ ਵਿਸ਼ਵ ਪੱਧਰੀ ਇਨਡੋਰ ਜੂਡੋ ਸਟੇਡੀਅਮ ਸਥਾਪਤ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਪੰਜਾਬ ਜੂਡੋ ਫੈਡਰੇਸ਼ਨ ਨੂੰ ਵਿਸ਼ਵ ਪੱਧਰੀ ਸਟੇਡੀਅਮ ਦੀ ਉਸਾਰੀ ਲਈ ਢੁਕਵੀਂ ਜ਼ਮੀਨ ਦੀ ਪਛਾਣ ਕਰਨ ਲਈ ਕਿਹਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਵਿਕਸਤ ਕਰਨ ਲਈ ਅਜਿਹੇ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਪੰਜਾਬੀ ਨੌਜਵਾਨ ਕੌਮਾਂਤਰੀ ਪੱਧਰ ਦੇ ਜੂਡੋ ਮੁਕਾਬਲਿਆਂ ਵਿੱਚ ਆਪਣੀ ਸ਼ਾਨ ਬਹਾਲ ਕਰ ਸਕਣ।

ਮੁੱਖ ਮੰਤਰੀ ਨੇ ਪੰਜਾਬ ਜੂਡੋ ਐਸੋਸੀਏਸ਼ਨ ਦੇ ਵਡਮੁੱਲੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਜਿਸ ਨੇ ਕੋਵਿਡ-19 ਮਹਾਂਮਾਰੀ ਉਪਰੰਤ ਪਹਿਲੇ ਕੌਮੀ ਪੱਧਰ ਦੇ ਟੂਰਨਾਮੈਂਟ ਕਰਵਾਉਣ ਦੀ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਮੌਜੂਦਾ ਸਥਿਤੀ ਵਿੱਚ ਐਸੋਸੀਏਸ਼ਨ ਦੇ ਇਸ ਉਪਰਾਲੇ ਨੂੰ ਇੱਕ ਵੱਡਾ ਕਾਰਜ ਦੱਸਿਆ।

ਇਸ ਤੋਂ ਪਹਿਲਾਂ ਜੂਡੋ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਭਾਗ ਲੈਣ ਵਾਲੇ ਖਿਡਾਰੀਆਂ ਦਾ ਸਵਾਗਤ ਕੀਤਾ ਅਤੇ ਸਮਾਗਮ ਵਿੱਚ ਸਹਿਯੋਗ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਦਾ ਪੰਜਾਬ ਜੂਡੋਕਾਜ਼ ਐਸੋਸੀਏਸ਼ਨ ਅਤੇ ਜੂਡੋ ਫੈਡਰੇਸ਼ਨ ਆਫ਼ ਇੰਡੀਆ ਨੂੰ ਚੰਡੀਗੜ੍ਹ ਯੂਨੀਵਰਸਿਟੀ ਕੈਂਪਸ ਵਿੱਚ ਇਨ੍ਹਾਂ ਨੈਸ਼ਨਲ ਚੈਂਪੀਅਨਸ਼ਿਪਾਂ ਦੀ ਮੇਜ਼ਬਾਨੀ ਕਰਨ ਦੀ ਇਜਾਜ਼ਤ ਦੇਣ ਲਈ ਧੰਨਵਾਦ ਵੀ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ (ਇੰਟੀਰਿਅਮ) ਵੈਂਕਟ ਨਮੀਸੇਟੀ, ਖਜ਼ਾਨਚੀ ਕੈਲਾਸ਼ ਯਾਦਵ, ਪੰਜਾਬ ਜੂਡੋ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮ ਸਿੰਘ ਬਾਜਵਾ, ਜਨਰਲ ਸਕੱਤਰ ਐਸ. ਦੇਵ ਸਿੰਘ ਧਾਲੀਵਾਲ, ਸੁਰਿੰਦਰ ਕੁਮਾਰ ਤੋਂ ਇਲਾਵਾ ਪੰਜਾਬ ਜੂਡੋ ਐਸੋਸੀਏਸ਼ਨ ਦੇ ਕਰਮਚਾਰੀ ਹਾਜ਼ਰ ਸਨ।

Exit mobile version