ਡੀਸੀ ਨੇ ਆਨ-ਲਾਈਨ ਸੁਣੀਆ ਜ਼ਿਲਾ ਵਾਸਿਆਂ ਦੀ ਸ਼ਿਕਾਇਤਾਂ, ਦੱਸਿਆ ਨਾਗਰਕਿ ਖੁਦ ਵੀ ਆਪਣੀ ਸ਼ਿਕਾਇਤ ਪੰਜਾਬ ਸਰਕਾਰ ਦੇ ਪੀ.ਜੀ.ਆਰ.ਐੱਸ. ਪੋਰਟਲ ’ਤੇ ਕਰਵਾ ਸਕਦੇ ਹਨ ਦਰਜ

ਬਟਾਲਾ, 9 ਨਵੰਬਰ ( ਮੰਨਣ ਸੈਣੀ ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਅੱਜ ਇੱਕ ਵਾਰ ਫਿਰ ਜ਼ਿਲ੍ਹਾ ਵਾਸੀਆਂ ਨਾਲ ਸਿੱਧਾ ਰਾਬਤਾ ਸਥਾਪਤ ਕਰਦੇ ਹੋਏ ਵੈਬੇਕਸ ਐਪ ਰਾਹੀਂ ਆਨ-ਲਾਈਨ ਸ਼ਿਕਾਇਤਾਂ ਸੁਣੀਆਂ। ਸ਼ਾਮ 4 ਤੋਂ 5 ਵਜੇ ਤੱਕ ਚੱਲੀ ਇਸ ਵਰਚੂਅਲ ਮੀਟਿੰਗ ਵਿਚ ਜ਼ਿਲੇ ਦੇ ਵਸਨੀਕਾਂ ਨੇ ਹਿੱਸਾ ਲੈ ਕੇ ਆਪਣੇ ਇਲਾਕੇ ਨਾਲ ਸਬੰਧਤ ਸ਼ਿਕਾਇਤਾਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦੀਆਂ। ਹਰ ਸ਼ਿਕਾਇਤ ਨੂੰ ਨਾਲ ਦੀ ਨਾਲ ਹੀ ਪੰਜਾਬ ਸਰਕਾਰ ਦੇ ਸ਼ਿਕਾਇਤਾਂ ਸਬੰਧੀ ਪੀ.ਜੀ.ਆਰ.ਐੱਸ. ਪੋਰਟਲ ਉੱਪਰ ਅਪਲੋਡ ਕੀਤਾ ਗਿਆ ਤਾਂ ਜੋ ਸ਼ਿਕਾਇਤ ਨੂੰ ਰਿਕਾਰਡ ਵਿੱਚ ਲਿਆਉਣ ਦੇ ਨਾਲ ਸਬੰਧਤ ਵਿਭਾਗ ਵੱਲੋਂ ਕਾਰਵਾਈ ਨੂੰ ਯਕੀਨੀ ਬਣਾਇਆ ਜਾ ਸਕੇ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਹੈ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨ ਦੇ ਹਮੇਸ਼ਾਂ ਯਤਨ ਕੀਤੇ ਜਾਂਦੇ ਹਨ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਹਰ ਮੰਗਲਵਾਰ ਨੂੰ ਸ਼ਾਮ 4 ਤੋਂ 5 ਵਜੇ ਤੱਕ ਅਤੇ ਸ਼ਨੀਵਾਰ ਦੁਪਹਿਰ 12 ਤੋਂ 1 ਵਜੇ ਤੱਕ ਵੈਬੇਕਸ ਮੀਟਿੰਗ ਰਾਹੀਂ ਆਨ-ਲਾਈਨ ਸ਼ਿਕਾਇਤਾਂ ਸੁਣੀਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਇਸ ਰਾਬਤਾ ਪ੍ਰੋਗਰਾਮ ਵਿੱਚ ਜ਼ਿਲੇ ਦਾ ਕੋਈ ਵੀ ਵਸਨੀਕ ਹਿੱਸਾ ਲੈ ਕੇ ਆਪਣੀ ਸ਼ਿਕਾਇਤ ਜਾਂ ਮੁਸ਼ਕਿਲ ਦਰਜ ਕਰਾ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਦੀ ਸਹੂਲਤ ਲਈ ਪੀ.ਜੀ.ਆਰ.ਐੱਸ. ਪੋਰਟਲ ਦੀ ਸਹੂਲਤ ਵੀ ਦਿੱਤੀ ਗਈ ਹੈ, ਜਿਸ ਰਾਹੀਂ ਕੋਈ ਵੀ ਨਾਗਰਿਕ ਇਸ ਪੋਰਟਲ ਉੱਪਰ ਜਾ ਕੇ ਆਪਣੀ ਸ਼ਿਕਾਇਤ ਦਰਜ ਕਰ ਸਕਦਾ ਹੈ। ਉਨਾਂ ਕਿਹਾ ਕਿ ਪੀ.ਜੀ.ਆਰ.ਐੱਸ. ਪੋਰਟਲ ਉੱਪਰ ਸਭ ਤੋਂ ਪਹਿਲਾਂ ਆਪਣੀ ਆਈ.ਡੀ. ਬਣਾ ਕੇ ਅਤੇ ਆਪਣਾ ਨਾਮ, ਪਤਾ, ਮੋਬਾਇਲ ਨੰਬਰ ਭਰ ਕੇ ਆਪਣੀ ਸ਼ਿਕਾਇਤ ਦਰਜ ਕੀਤੀ ਜਾ ਸਕਦੀ ਹੈ। ਉਹ ਸ਼ਿਕਾਇਤ ਸਬੰਧਤ ਵਿਭਾਗ ਨੂੰ ਫਾਰਵਡ ਹੋ ਜਾਂਦੀ ਹੈ ਅਤੇ ਤਹਿ ਸਮੇਂ ਅੰਦਰ ਉਸ ਸ਼ਿਕਾਇਤ ਦਾ ਨਿਪਟਾਰਾ ਕਰਨਾ ਲਾਜ਼ਮੀ ਹੁੰਦਾ ਹੈ। ਇਸਦੇ ਨਾਲ ਹੀ ਮੋਬਾਇਲ ’ਤੇ ਮੈਸੇਜ ਰਾਹੀਂ ਸ਼ਿਕਾਇਤ ਦਾ ਸਟੇਟਸ ਸ਼ਿਕਾਇਤਕਰਤਾ ਨੂੰ ਨਾਲ ਦੀ ਨਾਲ ਅਪਡੇਟ ਹੁੰਦਾ ਰਹਿੰਦਾ ਹੈ। ਜੇਕਰ ਸ਼ਿਕਾਇਤਕਰਤਾ ਆਪਣੀ ਸ਼ਿਕਾਇਤ ਉੱਪਰ ਹੋਈ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ ਤਾਂ ਉਹ ਉੱਚ ਅਧਿਕਾਰੀਆਂ ਨੂੰ ਇਸਦੀ ਅਪੀਲ ਵੀ ਕਰ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੀ.ਜੀ.ਆਰ.ਐੱਸ. ਪੋਰਟਲ ’ਤੇ ਸ਼ਿਕਾਇਤ ਦਰਜ ਕਰਨ ਸਮੇਂ ਕੋਈ ਮੁਸ਼ਕਲ ਆਵੇ ਤਾਂ ਟੋਲ ਫਰੀ ਨੰਬਰ 1800-180-00172 ਜਾਂ 1100 ’ਤੇ ਰਾਬਤਾ ਕੀਤਾ ਜਾ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਸ਼ਿਕਾਇਤਾਂ ਨੋਟ ਕਰਨ ਲਈ ਇੱਕ ਵਟਸਐਪ ਹੈਲਪ-ਲਾਈਨ ਨੰਬਰ 62393-01830 ਵੀ ਜਾਰੀ ਕੀਤਾ ਗਿਆ ਹੈ। ਲੋਕ ਇਸ ਨੰਬਰ ਉੱਪਰ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦੀ ਇਹ ਪੂਰੀ ਕੋਸ਼ਿਸ਼ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕੀਤਾ ਜਾਵੇ।

Exit mobile version