ਮੁੰਬਈ ਦੇ ਵਸਨੀਕਾਂ ਨੇ ਬੱਸ ਯਾਤਰਾ ਰਾਹੀਂ ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਅਸਥਾਨਾਂ ਦੇ ਕੀਤੇ ਦਰਸ਼ਨ

ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਇਤਿਹਾਸ ਤੇ ਵਿਰਸੇ ਨਾਲ ਜੋੜਨ ਦੇ ਇਸ ਨਿਵੇਕਲ ਉਪਰਾਲੇ ਦੀ ਕੀਤੀ ਸ਼ਲਾਘਾ

ਜ਼ਿਲ੍ਹਾ ਹੈਰੀਟੇਜ ਸੁਸਾਇਟੀ ਨੇ ਅੱਜ ਬਟਾਲਾ ਤੋਂ 17ਵੀਂ ਮੁਫ਼ਤ ਯਾਤਰਾ ਰਵਾਨਾ ਕੀਤੀ

ਬਟਾਲਾ, 31 ਅਕਤੂਬਰ ( ਮੰਨਣ ਸੈਣੀ ) । ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲ੍ਹਾ ਹੈਰੀਟਜ ਸੁਸਾਇਟੀ ਵੱਲੋਂ ਹਰ ਐਤਵਾਰ ਚਲਾਈ ਰਹੀ ਮੁਫ਼ਤ ਬੱਸ ਯਾਤਰਾ ਜ਼ਿਲ੍ਹਾ ਵਾਸੀਆਂ ਦੇ ਨਾਲ ਦੂਸਰੇ ਸੂਬਿਆਂ ਦੇ ਵਸਨੀਕਾਂ ਨੂੰ ਵੀ ਗੁਰਦਾਸਪੁਰ ਦੀ ਅਮੀਰ ਵਿਰਾਸਤ ਦੇ ਦਰਸ਼ਨ ਕਰਵਾਉਣ ਦਾ ਸਬੱਬ ਬਣ ਰਹੀ ਹੈ। ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ ਬਟਾਲਾ ਸਰਕਟ ਅਧੀਨ ਆਉਂਦੇ ਵੱਖ-ਵੱਖ ਧਾਰਮਿਕ ਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨਾਂ ਲਈ ਅੱਜ 17ਵੀਂ ਮੁਫ਼ਤ ਬੱਸ ਯਾਤਰਾ ਨੂੰ ਰਵਾਨਾ ਕੀਤਾ ਗਿਆ। ਅੱਜ ਦੀ ਯਾਤਰਾ ਵਿੱਚ ਮੁੰਬਈ ਦੇ 5 ਯਾਤਰੀਆਂ ਸਮੇਤ ਕੁੱਲ 50 ਯਾਤਰੀ ਸ਼ਾਮਲ ਸਨ।

ਬਟਾਲਾ ਸਰਕਟ ਤਹਿਤ ਇਸ ਯਾਤਰਾ ਰਾਹੀਂ ਯਾਤਰੂਆਂ ਨੇ ਸਭ ਤੋਂ ਪਹਿਲਾਂ ਗੜ੍ਹੀ ਗੁਰਦਾਸ ਨੰਗਲ ਦੇ ਦਰਸ਼ਨ ਕੀਤੇ ਜਿਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ 8 ਮਹੀਨੇ ਦੇ ਘੇਰੇ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਯਾਤਰਾ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ ਅਤੇ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ, ਕਾਹਨੂੰਵਾਨ ਛੰਭ ਵਿਖੇ ਪਹੁੰਚੀ। ਇਥੇ ਯਾਤਰੂਆਂ ਨੂੰ ਛੋਟੇ ਘੱਲੂਘਾਰੇ ਦੀ ਜਾਣਕਾਰੀ ਦੇਣ ਲਈ ਇੱਕ ਇਤਿਹਾਸਕ ਦਸਤਾਵੇਜੀ ਫਿਲਮ ਦਿਖਾਈ ਗਈ। ਯਾਤਰਾ ਦਾ ਅਗਲਾ ਪੜਾਅ ਸ੍ਰੀ ਹਰਗੋਬਿੰਦਪੁਰ ਵਿਖੇ ਹੋਇਆ ਜਿਥੇ ਯਾਤਰੂਆਂ ਨੇ ਛੇਵੇਂ ਪਾਤਸ਼ਾਹ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਬਣਵਾਈ ਗੁਰੂ ਕੀ ਮਸੀਤ ਦੇ ਦਰਸ਼ਨ ਕੀਤੇ। ਇਥੇ ਹੀ ਯਾਤਰੂਆਂ ਨੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਅਤੇ ਲਾਹੌਰੀ ਦਰਵਾਜ਼ੇ ਦੇ ਦਰਸ਼ਨ ਵੀ ਕੀਤੇ। ਯਾਤਰੂਆਂ ਨੇ ਯਾਤਰਾ ਦੌਰਾਨ ਪਿੰਡ ਕਿਸ਼ਨਕੋਟ ਵਿਖੇ ਰਾਧਾ ਕਿ੍ਰਸ਼ਨ ਮੰਦਰ, ਘੁਮਾਣ ਵਿਖੇ ਸ੍ਰੀ ਨਾਮਦੇਵ ਦਰਬਾਰ, ਮਸਾਣੀਆਂ ਵਿਖੇ ਹਜ਼ਰਤ ਬਦਰ ਸ਼ਾਹ ਦੀਵਾਨ ਦੀ ਮਜ਼ਾਰ ਅਤੇ ਸ੍ਰੀ ਅਚਲੇਸ਼ਵਰ ਧਾਮ ਅਤੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਦੇ ਦਰਸ਼ਨ ਵੀ ਕੀਤੇ। ਯਾਤਰਾ ਦੌਰਾਨ ਯਾਤਰੂਆਂ ਨੂੰ ਸਾਰੇ ਧਾਰਮਿਕ ਤੇ ਇਤਿਹਾਸਕ ਅਸਥਾਨਾਂ ਦੀ ਜਾਣਕਾਰੀ ਗਾਈਡ ਹਰਬਖਸ਼ ਸਿੰਘ ਅਤੇ ਹਰਪ੍ਰੀਤ ਸਿੰਘ ਵੱਲੋਂ ਦਿੱਤੀ ਗਈ।

ਮੁੰਬਈ ਦੇ ਵਸਨੀਕ ਰਣਜੀਤ ਸਿੰਘ, ਰਾਜਬੀਰ ਕੌਰ ਅਤੇ ਨਿਮਰਤ ਕੌਰ ਨੇ ਦੱਸਿਆ ਕਿ ਉਹ ਬਟਾਲਾ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਏ ਹੋਏ ਸਨ ਅਤੇ ਉਹ ਗੁਰਦਾਸਪੁਰ ਦੇ ਧਾਰਮਿਕ ਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਸਨ। ਉਨ੍ਹਾਂ ਨੂੰ ਜ਼ਿਲ੍ਹਾ ਹੈਰੀਟੇਜ਼ ਵੱਲੋਂ ਕਰਵਾਈ ਜਾਂਦੀ ਬੱਸ ਯਾਤਰਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੀ ਸੀਟ ਰਿਜ਼ਰਵ ਕਰਵਾ ਲਈ। ਉਨ੍ਹਾਂ ਕਿਹਾ ਕਿ ਇਹ ਯਾਤਰਾ ਆਪਣੇ ਆਪ ਵਿੱਚ ਇੱਕ ਨਿਵੇਕਲੀ ਹੈ ਜਿਸ ਵਿੱਚ ਯਾਤਰੂਆਂ ਕੋਲੋਂ ਬਿਨ੍ਹਾਂ ਕੋਈ ਫੀਸ ਜਾਂ ਕਿਰਾਇਆ ਲਏ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ। ਮੁੰਬਈ ਦੀ ਵਸਨੀਕ ਰਾਜਬੀਰ ਕੌਰ ਨੇ ਕਿਹਾ ਅੱਜ ਦੀ ਯਾਤਰਾ ਬਹੁਤ ਵੀ ਵਧੀਆ ਅਨੁਭਵ ਸੀ ਅਤੇ ਜਿਨ੍ਹਾਂ ਅਸਥਾਨਾਂ ਬਾਰੇ ਉਹ ਅਕਸਰ ਸੁਣਦੀ ਸੀ ਅੱਜ ਉਨ੍ਹਾਂ ਨੂੰ ਅੱਖੀਂ ਦੇਖ ਕੇ ਬਹੁਤ ਅਨੰਦ ਆਇਆ। ਬਟਾਲਵੀਆਂ ਦੇ ਨਾਲ ਮੁੰਬਈ ਦੇ ਇਨ੍ਹਾਂ ਵਸਨੀਕਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦਾ ਉਚੇਚਾ ਧੰਨਵਾਦ ਕੀਤਾ ਹੈ।

ਬਟਾਲਾ ਦੇ ਸਰਕਾਰੀ ਬਹੁ-ਤਕਨੀਕੀ ਕਾਲਜ ਦੇ ਪ੍ਰੋਫੈਸਰ ਜਸਬੀਰ ਸਿੰਘ ਵੀ ਆਪਣੇ ਬੱਚਿਆਂ ਨਾਲ ਯਾਤਰਾ ਵਿੱਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਇਹ ਯਾਤਰਾ ਸ਼ਰਧਾ ਤੇ ਇਤਿਹਾਸ ਦਾ ਉਹ ਖੂਬਸੂਰਤ ਸੁਮੇਲ ਹੈ ਜਿਸ ਨਾਲ ਜਿਥੇ ਪਾਵਨ ਧਾਰਮਿਕ ਅਸਥਾਨਾਂ ਦੇ ਦਰਸ਼ਨ ਹੁੰਦੇ ਹਨ ਓਥੇ ਨਾਲ ਹੀ ਇਤਿਹਾਸ ਬਾਰੇ ਵੀ ਬਹੁਤ ਕੁਝ ਜਾਨਣ ਤੇ ਸਮਝਣ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਨੌਜਵਾਨ ਵਰਗ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।

Exit mobile version