“ਕਿਸ ਦਾ ਮੰਨਿਏ ਹੁਕਮ” ਗੁਰਦਾਸਪੁਰ ਦੇ ਸਿਵਲ ਹਸਪਤਾਲ ‘ਚ ਸਿਵਲ ਸਰਜਨ ਦੀ ਪੋਸਟ ਨੂੰ ਲੈ ਕੇ ਪਿਆ ਪੇਚਾ, ਦੋ ਵੱਡੇ ਅਫਸਰਾਂ ਵਿਚਕਾਰ ਉਲਝੇ ਡਾਕਟਰ ਅਤੇ ਛੋਟਾ ਸਟਾਫ

ਜ਼ਿਲੇ ਵਿੱਚ ਵੱਧ ਰਿਹਾ ਡੇਂਗੂ, ਕੰਮ ਹੋ ਰਿਹਾ ਪ੍ਰਭਾਵਿਤ

ਗੁਰਦਾਸਪੁਰ, 30 ਅਕਤੂਬਰ (ਮੰਨਣ ਸੈਣੀ) ਗੁਰਦਾਸਪੁਰ ਦੇ ਸਿਵਲ ਹਸਪਤਾਲ ‘ਚ ਸਿਵਲ ਸਰਜਨ (ਸੀ.ਐੱਸ.) ਦੇ ਅਹੁਦੇ ਨੂੰ ਲੈ ਕੇ ਦੋ ਸੀਨੀਅਰ ਡਾਕਟਰਾਂ ‘ਚ ਸਰਦਾਰੀ ਦੀ ਲੜਾਈ ਚੱਲ ਰਹੀ ਹੈ ਅਤੇ ਪੇਚਾ ਪੈ ਗਿਆ ਹੈ, ਜੋ ਆਉਣ ਵਾਲੇ ਸਮੇਂ ‘ਚ ਵੱਡੇ ਵਿਵਾਦ ਨੂੰ ਜਨਮ ਦੇ ਸਕਦੀ ਹੈ। ਸੀਨੀਅਰ ਡਾਕਟਰਾਂ ਵਿਚਾਲੇ ਛਿੜੀ ਇਸ ਠੰਡੀ ਜੰਗ ਵਿਚ ਜਿਲੇ ਦੇ ਡਾਕਟਰ ਅਤੇ ਕਰਮਚਾਰੀ ਇਸ ਗੱਲੋਂ ਭੰਬਲਭੂਸੇ ਵਿਚ ਹਨ ਕਿ ਕਿਸ ਦੇ ਹੁਕਮਾਂ ਨੂੰ ਮੰਨਣਾ ਚਾਹੀਦਾ ਹੈ। ਜਿਸ ਕਾਰਨ ਡੇਂਗੂ ਦੇ ਕੰਮ ਦੇ ਨਾਲ ਹੋਰ ਕਈ ਕੰਮ ਪ੍ਰਭਾਵਿਤ ਹੋ ਰਹੇ ਹਨ। ਇਸੇ ਦੌਰਾਨ ਜ਼ਿਲ੍ਹੇ ਵਿੱਚ ਡੇਂਗੂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਡੇਂਗੂ ਦੀ ਰੋਕਥਾਮ ਲਈ ਵੱਡੇ ਪੱਧਰ ’ਤੇ ਉਪਰਾਲੇ ਨਾਕਾਫੀ ਸਾਬਿਤ ਹੋ ਰਹੇ ਹਨ।

ਦੱਸਣਯੋਗ ਹੈ ਕਿ ਸਿਹਤ ਵਿਭਾਗ ਨੇ 12 ਅਕਤੂਬਰ ਨੂੰ ਸਿਵਲ ਸਰਜਨ ਡਾ: ਹਰਭਜਨ ਰਾਮ ਮਾਂਡੀ ਦਾ ਤਬਾਦਲਾ ਫ਼ਤਹਿਗੜ੍ਹ ਸਾਹਿਬ ਵਿਖੇ ਕਰ ਦਿੱਤਾ ਸੀ ਪਰ ਕਿਸੇ ਹੋਰ ਡਾ: ਵੱਲੋਂ ਜੁਆਇਨ ਨਾ ਕਰਨ ਅਤੇ ਕੋਈ ਸਪੱਸ਼ਟ ਹਦਾਇਤਾਂ ਨਾ ਹੋਣ ਕਾਰਨ ਡਾ ਮਾਂਡੀ 19 ਅਕਤੂਬਰ ਤੱਕ ਸੀ.ਐਸ. ਦੇ ਅਹੁਦੇ ‘ਤੇ ਤਾਇਨਾਤ ਰਹੇ ਅਤੇ 19 ਅਕਤੂਬਰ ਨੂੰ ਹੀ ਉਨ੍ਹਾਂ ਨੇ ਸਹਾਇਕ ਸਿਵਲ ਸਰਜਨ ਡਾ. ਭਾਰਤ ਭੂਸ਼ਣ ਨੂੰ ਚਾਰਜ ਦੇ ਕੇ 25 ਅਕਤੂਬਰ ਤੱਕ ਛੁੱਟੀ ‘ਤੇ ਚਲੇ ਗਏ। 19 ਅਕਤੂਬਰ ਨੂੰ ਹੀ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਵਜੋਂ ਕੰਮ ਕਰ ਰਹੇ ਡਾ: ਵਿਜੇ ਕੁਮਾਰ ਨੂੰ ਸਿਵਲ ਸਰਜਨ ਦਾ ਵਾਧੂ ਚਾਰਜ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ।

ਪਰ ਇਹ ਤਬਾਦਲਾ ਗੈਰ-ਕਾਨੂੰਨੀ ਅਤੇ ਮਨਮਾਨੀ ਹੋਣ ਦਾ ਦੋਸ਼ ਲਾਉਂਦਿਆਂ ਇਸ ਸਬੰਧੀ ਡਾ: ਮਾਂਡੀ ਵਲੋਂ ਮਾਨਯੋਗ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ | ਡਾ: ਮਾਂਡੀ ਦੇ ਤਬਾਦਲੇ ਦੇ ਹੁਕਮਾਂ ‘ਤੇ ਰੋਕ ਲਗਾਉਂਦੇ ਹੋਏ ਹਾਈਕੋਰਟ ਨੇ ਸਥਿਤੀ ਜਿਉਂ ਦੀ ਤਿਉਂ (ਮੌਜੂਦਾ ਸਥਿਤੀ) ਬਰਕਰਾਰ ਰੱਖਣ ਦੇ ਹੁਕਮ ਵੀ ਦਿੱਤੇ | ਜਿਸ ਨੂੰ ਲੈ ਕੇ ਡਾ: ਮਾਂਡੀ 25 ਅਕਤੂਬਰ ਨੂੰ ਸੀਐਸ ਵਜੋਂ ਆਪਣੀ ਡਿਊਟੀ ਨਿਭਾਉਣ ਲਈ ਸਿਵਲ ਹਸਪਤਾਲ ਪੁੱਜੇ ਅਤੇ ਜੁਆਇਨ ਕੀਤਾ ਪਰ ਡਾਕਟਰ ਵਿਜੇ ਕੁਮਾਰ ਪਹਿਲਾਂ ਹੀ ਉੱਥੇ ਤਾਇਨਾਤ ਸਨ ਜਿਸ ਕਾਰਣ ਉਹ ਉਸ ਵੇਲੇ ਵਾਪਸ ਚਲੇ ਗਏ ਅਤੇ 26 ਨੂੰ ਦੁਬਾਰਾ ਦਫ਼ਤਰ ਆ ਗਏ। ਪਰ ਉਸ ਤੋਂ ਬਾਅਦ ਦਫ਼ਤਰ ਵਿੱਚ ਉਨ੍ਹਾਂ ਦੀ ਥਾਂ ’ਤੇ ਡਾ: ਵਿਜੇ ਦੀ ਨੇਮ ਪਲੇਟ ਲਗਣ ਤੋਂ ਬਾਅਦ ਉਹ ਫੀਲਡ ਦਾ ਕੰਮ ਦੇਖਣ ਲੱਗ ਪਏ ਹਨ ਅਤੇ ਜ਼ਿਲ੍ਹੇ ਦੇ ਵੱਖ ਵੱਖ ਹਸਪਤਾਲਾਂ ਅਤੇ ਬ੍ਲਾਕਾ ਵਿੱਚ ਫੀਲਡ਼ ਦਾ ਕੰਮ ਵੇਖਣ ਲਗੇ।

ਪਰ ਉਪਰੋਕਤ ਦੋ ਸੀਨੀਅਰ ਡਾਕਟਰਾਂ ਵਿਚਕਾਰ ਛਿੜੀ ਇਸ ਠੰਡੀ ਜੰਗ ਵਿੱਚ ਵਿਭਾਗ ਦੇ ਹੋਰ ਕਰਮਚਾਰੀ ਅਤੇ ਡਾਕਟਰ ਸ਼ਿਕਾਰ ਹੋ ਰਹੇ ਹਨ, ਜਿਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਹਨਾਂ ਨੂੰ ਕਿਸ ਦਾ ਹੁਕਮ ਮੰਨਣਾ ਹੈ। ਡਾ: ਮਾਂਡੀ ਦੇ ਕਹਿਣ ‘ਤੇ ਜੇਕਰ ਕੋਈ ਕਰਮਚਾਰੀ ਆਪਣਾ ਕੰਮ ਕਰਦਾ ਹੈ ਤਾਂ ਉਸ ਦਾ ਜਵਾਬ ਤਲਬ ਕਰ ਦਿੱਤਾ ਜਾਂਦਾ ਹੈ | ਦੂਜੇ ਪਾਸੇ ਇਸ ਸਭ ਦੇ ਵਿਚਕਾਰ ਜ਼ਿਲ੍ਹੇ ਵਿੱਚ ਡੇਂਗੂ ਲਗਾਤਾਰ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ, ਜਿਸ ਨੂੰ ਵਿਭਾਗ ਕਈ ਕੌਸ਼ਿਸ਼ਾ ਦੇ ਬਾਵਜੂਦ ਠੱਲ੍ਹ ਪਾਉਣ ਵਿੱਚ ਸਫਲ ਨਹੀਂ ਹੋ ਪਾ ਰਿਹਾ।

ਉਪਰੋਕਤ ਸਬੰਧੀ ਜਿੱਥੇ ਡਾ: ਵਿਜੇ ਕੁਮਾਰ ਦਾ ਕਹਿਣਾ ਹੈ ਕਿ ਉਹ ਵਿਭਾਗ ਦੀਆਂ ਹਦਾਇਤਾਂ ਤਹਿਤ ਜੁਆਇਨ ਕਰਕੇ ਆਪਣਾ ਕੰਮ ਕਰ ਰਹੇ ਹਨ | ਜਦੋਂਕਿ ਡਾ: ਮਾਂਡੀ ਦਾ ਕਹਿਣਾ ਹੈ ਕਿ ਉਹ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਨ ਅਤੇ ਆਪਣਾ ਕੰਮ ਕਰ ਰਹੇ ਹੈ। ਡਾ: ਵਿਜੇ ਦਾ ਕਹਿਣਾ ਹੈ ਕਿ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਡੇਂਗੂ ਦੀ ਰੋਕਥਾਮ ਸਬੰਧੀ ਵਿਭਾਗ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ।

Exit mobile version