ਕਿਸਾਨਾਂ ਦੇ ਅੰਦੋਲਨ ‘ਤੇ ਸ਼ਾਹ ਨੂੰ ਮਿਲਣ ਲਈ ਗੈਰ-ਸਿਆਸੀ ਖੇਤੀ ਮਾਹਿਰਾਂ ਦੇ ਵਫ਼ਦ ਦੀ ਅਗਵਾਈ ਕਰਨਗੇ ਕੈਪਟਨ ਅਮਰਿੰਦਰ

ਚੰਡੀਗੜ੍ਹ, 27 ਅਕਤੂਬਰ । ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੱਲ ਰਹੇ ਕਿਸਾਨ ਅੰਦੋਲਨ ਦੇ ਸੰਭਾਵੀ ਹੱਲ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਛੇਤੀ ਹੀ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਲਈ ਖੇਤੀ ਮਾਹਿਰਾਂ ਦੇ ਇੱਕ ਗੈਰ-ਸਿਆਸੀ ਵਫ਼ਦ ਦੀ ਅਗਵਾਈ ਕਰਨਗੇ।

ਬੁੱਧਵਾਰ ਨੂੰ ਇੱਥੇ ਇਹ ਪ੍ਰਗਟਾਵਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰਾਂ ਨਾਲ ਵੱਖ-ਵੱਖ ਵਿਕਲਪਾਂ ‘ਤੇ ਚਰਚਾ ਕਰ ਰਹੇ ਹਨ, ਜਿਨ੍ਹਾਂ ਨਾਲ ਉਹ ਵੀਰਵਾਰ ਨੂੰ ਮੁੜ ਦਿੱਲੀ ਵਿਖੇ ਮੁਲਾਕਾਤ ਕਰਨਗੇ।

ਕੈਪਟਨ ਅਮਰਿੰਦਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਮੈਨੂੰ ਲੱਗਦਾ ਹੈ ਕਿ ਮੈਂ ਇਸ ਦਾ ਹੱਲ ਲੱਭਣ ਵਿੱਚ ਮਦਦ ਕਰ ਸਕਦਾ ਹਾਂ ਕਿਉਂਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਰਿਹਾ ਹਾਂ ਅਤੇ ਇੱਕ ਕਿਸਾਨ ਵੀ ਹਾਂ।”

ਹਾਲਾਂਕਿ ਕਿਸਾਨਾਂ ਦੇ ਅੰਦੋਲਨ ਦੇ ਹੱਲ ਲਈ ਕੋਈ ਪੂਰਵ-ਨਿਰਧਾਰਤ ਫਾਰਮੂਲਾ ਨਹੀਂ ਹੋ ਸਕਿਆ, ਪਰ ਗੱਲਬਾਤ ਦੌਰਾਨ ਕੁਝ ਉਭਰ ਕੇ ਸਾਹਮਣੇ ਆਵੇਗਾ ਕਿਉਂਕਿ ਦੋਵੇਂ ਧਿਰਾਂ (ਕੇਂਦਰੀ ਸਰਕਾਰ ਅਤੇ ਕਿਸਾਨ) ਖੇਤੀ ਕਾਨੂੰਨਾਂ ਦੁਆਰਾ ਪੈਦਾ ਹੋਏ ਸੰਕਟ ਦਾ ਹੱਲ ਚਾਹੁੰਦੇ ਹਨ।

ਇਹ ਸਪੱਸ਼ਟ ਕਰਦਿਆਂ ਕਿ ਉਹ ਕਿਸੇ ਵੀ ਕਿਸਾਨ ਆਗੂ ਨੂੰ ਨਹੀਂ ਮਿਲੇ ਹਨ, ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਜਾਣਬੁੱਝ ਕੇ ਦਖ਼ਲ ਨਹੀਂ ਦਿੱਤਾ ਕਿਉਂਕਿ ਕਿਸਾਨ ਨਹੀਂ ਚਾਹੁੰਦੇ ਕਿ ਸਿਆਸਤਦਾਨ ਇਸ ਵਿੱਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਦੀਆਂ ਕੇਂਦਰ ਨਾਲ ਚਾਰ ਬੇਸਿੱਟਾ ਮੀਟਿੰਗਾਂ ਹੋਈਆਂ ਪਰ ਬੈਕ ਚੈਨਲ ਗੱਲਬਾਤ ਚੱਲ ਰਹੀ ਹੈ।

ਕੈਪਟਨ ਅਮਰਿੰਦਰ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਵੱਲੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਜੋ ਵੀ ਸੀਟ ਵਿਵਸਥਾ ਕੀਤੀ ਗਈ ਹੈ, ਉਹ ਕਿਸਾਨਾਂ ਦੇ ਮਸਲਿਆਂ ਦੇ ਹੱਲ ਦੇ ਅਧੀਨ ਹੋਵੇਗੀ।

Exit mobile version