ਡੀ.ਸੀ. ਗੁਰਦਾਸਪੁਰ ਅੱਜ ਫਿਰ ਆਨ-ਲਾਈਨ ਜ਼ਿਲ੍ਹਾ ਵਾਸੀਆਂ ਦੇ ਰੂਬਰੂ ਹੋਏ

ਹੁਣ ਹਰ ਮੰਗਲਵਾਰ ਸ਼ਾਮ ਨੂੰ 4 ਵਜੇ ਤੋਂ 5 ਵਜੇ ਤੱਕ ਅਤੇ ਸ਼ਨੀਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਹਫ਼ਤੇ ਵਿੱਚ ਦੋ ਦਿਨ ਆਨ-ਲਾਈਨ ਸ਼ਿਕਾਇਤਾਂ ਸੁਣੀਆਂ ਜਾਣਗੀਆਂ

ਬਟਾਲਾ, 26 ਅਕਤੂਬਰ ( ਮੰਨਣ ਸੈਣੀ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਅੱਜ ਇੱਕ ਵਾਰ ਫਿਰ ਜ਼ੂਮ ਐਪ ਰਾਹੀਂ ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਹਰ ਮੰਗਲਵਾਰ ਸ਼ਾਮ ਨੂੰ 4 ਵਜੇ ਤੋਂ 5 ਵਜੇ ਤੱਕ ਅਤੇ ਸ਼ਨੀਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਹਫ਼ਤੇ ਵਿੱਚ ਦੋ ਦਿਨ ਆਨ-ਲਾਈਨ ਸ਼ਿਕਾਇਤਾਂ ਸੁਣੀਆਂ ਜਾਣਗੀਆਂ।

ਅੱਜ ਦੀ ਜ਼ੂਮ ਮੀਟਿੰਗ ਵਿੱਚ ਬਟਾਲਾ ਨਿਵਾਸੀ ਮੁਨੀਸ਼ ਸ਼ਰਮਾਂ ਨੇ ਕਿਹਾ ਕਿ ਉਨ੍ਹਾਂ ਨੇ ਜੋ ਪਿਛਲੇ ਹਫ਼ਤੇ ਸਿਵਲ ਹਸਪਤਾਲ ਬਟਾਲਾ ਵਿੱਚ ਟੈਸਟਾਂ ਦੀ ਸਮੱਸਿਆ ਦੇ ਹੱਲ ਸਬੰਧੀ ਬੇਨਤੀ ਕੀਤੀ ਸੀ ਉਸ ਦਾ ਕਾਫੀ ਹੱਦ ਤੱਕ ਹੱਲ ਹੋ ਗਿਆ ਹੈ ਅਤੇ ਨਾਲ ਹੀ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਿਵਲ ਹਸਪਤਾਲ ਬਟਾਲਾ ਵਿੱਚ ਅਲਟ੍ਰਾਸਾਊਂਡ ਦੀ ਸਹੂਲਤ ਵੀ ਦਿੱਤੀ ਜਾਵੇ। ਬਟਾਲਾ ਦੇ ਸੰਜੀਵ ਕੁਮਾਰ ਨੇ ਸਾਈ ਇਨਕਲੇਵ ਕਲੋਨੀ ਵਿੱਚ ਸਫ਼ਾਈ ਅਤੇ ਅਰਮਾਨ ਪੈਸੇਸ ਵਾਲੀ ਸੜਕ ਦੀ ਮੁਰੰਮਤ ਅਤੇ ਸੀਵਰੇਜ ਦੀ ਸਮੱਸਿਆ ਬਾਰੇ ਗੱਲ ਕੀਤੀ। ਗੁਰਦਾਸਪੁਰ ਦੇ ਅਨਿਲ ਮਹਾਜਨ ਨੇ ਵੀ ਆਪਣੇ ਇਲਾਕੇ ਦੀ ਸਮੱਸਿਆ ਦੇ ਹੱਲ ਲਈ ਡਿਪਟੀ ਕਮਿਸ਼ਨਰ ਨੂੰ ਕਿਹਾ। ਇਸ ਤੋਂ ਇਲਾਵਾ ਹੋਰ ਵੀ ਨਾਗਰਿਕਾਂ ਨੇ ਆਪਣੀਆਂ ਮੁਸ਼ਕਲਾਂ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਰੱਖੀਆਂ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਜ਼ਿਲ੍ਹਾ ਵਾਸੀਆਂ ਵੱਲੋਂ ਜੋ ਵੀ ਮਸਲੇ ਧਿਆਨ ਵਿੱਚ ਲਿਆਂਦੇ ਜਾ ਰਹੇ ਹਨ ਉਨ੍ਹਾਂ ਨੂੰ ਸ਼ਿਕਾਇਤ ਬ੍ਰਾਂਚ ਵੱਲੋਂ ਨੋਟ ਕਰਕੇ ਪੰਜਾਬ ਸਰਕਾਰ ਦੇ ਸ਼ਿਕਾਇਤਾਂ ਵਾਲੇ ਪੀ.ਜੀ.ਆਰ.ਐੱਸ. ਪੋਰਟਲ ਉੱਪਰ ਅੱਪਲੋਡ ਕੀਤਾ ਜਾ ਰਿਹਾ ਹੈ ਤਾਂ ਜੋ ਤਹਿ ਸਮੇਂ ਸੀਮਾਂ ਅੰਦਰ ਇਨ੍ਹਾਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਹੈ ਅਤੇ ਜੇਕਰ ਕਿਸੇ ਨੂੰ ਸਰਕਾਰੀ ਵਿਭਾਗ ਨਾਲ ਸਬੰਧਤ ਕੋਈ ਮੁਸ਼ਕਲ ਹੈ ਤਾਂ ਆਨ-ਲਾਈਨ ਮੀਟਿੰਗ ਜਰੀਏ ਉਸ ਵੱਲ ਧਿਆਨ ਦਿਵਾਇਆ ਜਾ ਸਕਦਾ ਹੈ ਜਿਸ ਨੂੰ ਪ੍ਰਸ਼ਾਸਨ ਵੱਲੋਂ ਹੱਲ ਕੀਤਾ ਜਾਵੇਗਾ।  

Exit mobile version