ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਸ਼ਹਾਦਤਾਂ ਦੇਣ ਵਾਲੇ ਸੂਰਬੀਰਾਂ ਉੱਪਰ ਸਾਨੂੰ ਮਾਣ – ਐੱਸ.ਐੱਸ.ਪੀ. ਨਾਨਕ ਸਿੰਘ

ਪੁਲਿਸ ਸ਼ਹੀਦੀ ਯਾਦਗਾਰ ਦਿਵਸ ਦੇ ਮੌਕੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ

ਗੁਰਦਾਸਪੁਰ, 21 ਅਕਤੂਬਰ ( ਮੰਨਣ ਸੈਣੀ)। ਪੁਲਿਸ ਸ਼ਹੀਦੀ ਯਾਦਗਾਰ ਦਿਵਸ ਦੇ ਮੌਕੇ ਤੇ ਅੱਜ ਸਥਾਨਕ ਪੁਲਿਸ ਲਾਈਨ ਦੇ ਵਿਚ ਜ਼ਿਲ੍ਹਾ ਪੱਧਰੀ ਸਮਾਗਮ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ  ਇਸ ਮੌਕੇ ਐੱਸ.ਐੱਸ.ਪੀ. ਗੁਰਦਾਸਪੁਰ ਡਾ. ਨਾਨਕ ਸਿੰਘ ਵੱਲੋਂ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ। ਇਸ ਮੌਕੇ ਏ.ਡੀ.ਸੀ. (ਜਨਰਲ) ਸ੍ਰੀ ਰਾਹੁਲ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਆਰ.ਟੀ.ਏ ਬਲਦੇਵ ਸਿੰਘ ਰੰਧਾਵਾ, ਹੋਰ ਪੁਲਿਸ ਅਧਿਕਾਰੀਆਂ ਅਤੇ ਸ਼ਹੀਦ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਸ਼ਹੀਦੀ ਸਮਾਰਕ ’ਤੇ ਸ਼ਰਧਾਂਜਲੀਆਂ ਭੇਂਟ ਕੀਤੀਆਂ।

ਇਸ ਮੌਕੇ ਐਸ.ਐਸ.ਪੀ. ਗੁਰਦਾਸਪੁਰ ਡਾ. ਨਾਨਕ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਦਾ ਗੌਰਵਮਈ ਇਤਿਹਾਸ ਰਿਹਾ ਹੈ ਅਤੇ ਇਸ ਫੋਰਸ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਹਿੱਤ ਵਡੇਰੀਆਂ ਕੁਰਬਾਨੀਆਂ ਕੀਤੀਆਂ ਹਨ। ਉਨਾਂ ਕਿਹਾ ਕਿ ਪੁਲਿਸ ਆਪਣੀ ਇਸੇ ਵਿਰਾਸਤ ’ਤੇ ਮਾਣ ਕਰਦੀ ਹੋਈ ਆਪਣੀ ਰਵਾਇਤ ਅਨੁਸਾਰ ਅੰਦਰੁਨੀ ਸੁਰੱਖਿਆ ਪ੍ਰਤੀ ਆਪਣੇ ਫਰਜਾਂ ਨੂੰ ਤਨਦੇਹੀ ਨਾਲ ਨਿਭਾਉਂਦੀ ਰਹੇਗੀ।

ਐੱਸ.ਐੱਸ.ਪੀ. ਗੁਰਦਾਸਪੁਰ ਨੇ ਅੱਗੇ ਕਿਹਾ 21 ਅਕਤੂਬਰ 1959 ਨੂੰ ਲੱਦਾਖ ਵਿੱਚ ਹੋਂਟ ਸਪਰਿੰਗਜ਼ ਦੇ ਸਥਾਨ ਤੇ ਚੀਨੀਆਂ ਹੱਥੋਂ ਸ਼ਹੀਦ ਹੋਏ, ਇੰਡੋ ਤਿਬਤੀਅਨ ਫੋਰਸ ਦੇ 10 ਜਵਾਨਾਂ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਸਹੀਦ ਹੋਏ ਪੰਜਾਬ ਪੁਲਿਸ ਦੇ 22 ਅਫਸਰਾਂ ਅਤੇ 1768 ਪੁਲਿਸ ਕਰਮਚਾਰੀਆਂ ਜਿਨ੍ਹਾਂ ਵਿੱਚ ਪੰਜਾਬ ਹੋਮਗਾਰਡਜ ਦੇ ਜਵਾਨ ਵੀ ਸ਼ਾਮਿਲ ਹਨ ਨੂੰ ਅੱਜ ਦੇ ਦਿਨ ਸਾਡੇ ਵੱਲੋਂ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਅਸੀਂ ਉਹਨਾਂ ਵੱਲੋਂ ਦਿਖਾਏ ਗਏ ਕੁਰਬਾਨੀ ਅਤੇ ਤਿਆਗ ਦੇ ਰਸਤੇ ਚਲਦੇ ਹੋਏ ਦੇਸ਼ ਦੀ ਏਕਤਾ, ਅਖੰਡਤਾ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਰਹੀਏ।

ਇਸ ਮੌਕੇ ਤੇ ਡੀ.ਐਸ.ਪੀ ਸ੍ਰੀ ਰਾਜੇਸ਼ ਕਪਲਿਸ ਵੱਲੋਂ ਸਤੰਬਰ 2020 ਤੋਂ ਅਗਸਤ 2021 ਤੱਕ ਦੇਸ਼ ਦੀਆਂ ਵੱਖ-ਵੱਖ ਸੁਰੱਖਿਆ ਫੋਰਸਾਂ ਦੇ ਸ਼ਹੀਦਾਂ ਹੋਏ ਅਫਸਰਾਂ ਅਤੇ ਜਵਾਨਾਂ ਦੇ ਨਾਮਾਂ ਦੀ ਸੂਚੀ ਪੜ੍ਹ ਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਤੇ ਆਪਣਾ ਫਰਜ਼ ਨਿਭਾਉਂਦੇ ਸ਼ਹੀਦ ਹੋਏ ਪੁਲਿਸ ਅਤੇ ਅਰਧ ਫੌਜੀ ਬਲਾਂ ਦੇ ਅਫਸਰਾਂ ਅਤੇ ਜਵਾਨਾਂ ਨੂੰ ਸਭ ਵਰਗਾਂ ਦੇ ਲੋਕਾਂ ਨੇ ਜਿਨ੍ਹਾਂ ਵਿੱਚ ਸਿਵਿਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਿਲ ਸਨ, ਨੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਇਨ੍ਹਾਂ ਸੂਰਬੀਰ ਬਹਾਦਰਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ। ਪੁਲੀਸ ਸ਼ਹੀਦੀ ਦਿਵਸ ਨੂੰ ਸਮਰਪਿਤ ਜਿਲ੍ਹਾ ਪੁਲੀਸ ਵੱਲੋ ਖੂਨਦਾਨ ਕੈਪ ਲਗਾਇਆ ਗਿਆ ਅਤੇ ਨਾਲ ਹੀ ਸ਼ਹੀਦਾ ਦੀ ਯਾਦ ਵਿਚ ਪੌਦੇ ਲਗਾਏ ਗਏ । ਡੀ.ਐਸ.ਪੀ. ਰਿਪੂਤਮਨ ਦੀ ਅਗਵਾਈ ਵਿੱਚ ਪੁਲਿਸ ਦੀ ਟੁਕੜੀ ਵੱਲੋਂ ਸ਼ਹੀਦਾਂ ਦੇ ਸਨਮਾਨ ਵਿੱਚ ਹਥਿਆਰ ਨੀਵੇਂ ਕਰਕੇ ਸ਼ੋਕ ਸਲਾਮੀ ਦਿੱਤੀ ਗਈ ਅਤੇ ਬਿਗਲਰ ਵੱਲੋਂ ਮਾਤਵੀ ਧੁੰਨ ਵਜਾਈ ਗਈ। ਇਸ ਮੌਕੇ ਤੇ ਪੁਲੀਸ ਸ਼ਹੀਦ ਪਰਿਵਾਰਾਂ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਮੁਸ਼ਕਲ ਸੁਣੀਆਂ ਗਈਆਂ।

Exit mobile version