“ਮੇਰਾ ਘਰ ਮੇਰੇ ਨਾਮ” ਤਹਿਤ ਦੀਨਾਨਗਰ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਚ ਸ਼ਿਰਕਤ ਕਰਨਗੇ ਮੁੱਖਮੰਤਰੀ ਚਰਨਜੀਤ ਚੰਨੀ, 17 ਅਕਤੂਬਰ ਨੂੰ ਕਰਨਗੇ ਸ਼ਿਰਕਤ

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ

ਦੀਨਾਨਗਰ (ਗੁਰਦਾਸਪੁਰ), 15 ਅਕਤੂਬਰ ( ਮੰਨਣ ਸੈਣੀ)। ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ 17 ਅਕਤੂਬਰ ਨੂੰ ਦੀਨਾਨਗਰ ਵਿਖੇ ਪਹੁੰਚਨਗੇ ਅਤੇ ‘ਮੇਰਾ ਘਰ, ਮੇਰੇ ਨਾਮ’ ਸਕੀਮ ਤਹਿਤ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਵਿਚ ਸ਼ਿਰਕਤ ਕਰਨਗੇ। ਇਹ ਜਾਨਕਾਰੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵੱਲੋਂ ਦਿੱਤੀ ਗਈ। ਰਾਜ ਪੱਧਰੀ ਸਮਾਗਮ ਦੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਦੀਨਾਨਗਰ ਪਹੁੰਚੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋ , ਤਾਜ ਪੈਲੇਸ, ਬਾਈਪਾਸ ਰੋਡ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਡਾ. ਨਾਨਕ ਸਿੰਘ ਐਸ.ਐਸ.ਪੀ ਗੁਰਦਾਸਪੁਰ, ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ), ਸ੍ਰੀਮਤੀ ਇਨਾਇਤ ਐਸ.ਡੀ.ਐਮ ਦੀਨਾਨਗਰ, ਨਵਜੋਤ ਸਿੰਘ ਐਸ.ਪੀ (ਹੈੱਡਕੁਆਟਰ), ਬਲਦੇਵ ਸਿੰਘ ਰੰਧਾਵਾ, ਰਿਜ਼ਨਲ ਟਰਾਂਸਪੋਰਟ ਅਥਾਰਟੀ ਗੁਰਦਾਸਪੁਰ, ਹਰਜਿੰਦਰ ਸਿੰਘ ਸੰਧੂ ਡੀਡੀਪੀਓ, ਰਾਜਬੀਰ ਸਿੰਘ ਡੀ.ਐਸ.ਪੀ ਦੀਨਾਨਗਰ, ਨਗਰ ਕੌਸਲ ਦੀਨਾਨਗਰ ਦੇ ਪ੍ਰਧਾਨ ਪਰਮਿੰਦਰ ਸਿੰਘ ਨੀਟੂ ਚੌਹਾਨ, ਅਰਵਿੰਦ ਸਲਵਾਨ ਤਹਿਸੀਲਦਾਰ, ਤਰਸੇਮ ਲਾਲ ਨਾਇਬ ਅਤੇ ਸੁਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਆਦਿ ਮੋਜੂਦ ਸਨ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 17 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਸ੍ਰੀ ਚਰਨਜੀਤ ਸਿੰਘ ਚੰਨੀ ਵਲੋਂ ਦੀਨਾਨਗਰ ਵਿਖੇ ਪਾਰਕ ਤੇ ਤਹਿਸੀਲ ਕੰਪਲੈਕਸ ਦਾ ਨੀਂਹ ਰੱਖਣ ਉਪਰੰਤ, ਤਾਜ ਪੈਲੈਸ ਦੀਨਾਨਗਰ ਵਿਖੇ ਮੇਰਾ ਘਰ, ਮੇਰੇ ਨਾਮ’ ਸਕੀਮ ਤਹਿਤ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਵਿਚ ਸ਼ਿਰਕਤ ਕੀਤੀ ਜਾਵੇਗੀ।ਉਨਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ, ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਮੈਡੀਕਲ ਟੀਮਾਂ ਲਗਾਉਣ, ਪੀ.ਡਬਲਿਊ.ਡੀ ਵਿਭਾਗ ਦੇ ਅਧਿਕਾਰੀਆਂ ਨੂੰ ਮੁੱਖ ਸਟੇਜ ਅਤੇ ਬੈਰੀਕੇਡਿੰਗ ਕਰਨ ਸਬੰਧੀ, ਵਾਟਰ ਸਪਲਾਈ ਤੇ ਸ਼ੈਨੀਟੇਸ਼ਨ ਵਿਭਾਗ ਨੂੰ ਪੀਣ ਵਾਲੇ ਪਾਣੀ ਦੇ ਪ੍ਰਬੰਧ ਸਮੇਤ ਮੰਡੀ ਬੋਰਡ, ਡੀਡੀਪੀਓ, ਸੀਵਰੇਜ ਵਿਭਾਗ, ਪੰਜਾਬ ਰੋਡਵੇਜ਼, ਨਗਰ ਕੌਂਸਲ ਦੀਨਾਨਗਰ ਦੇ ਅਧਿਕਾਰੀਆਂ ਆਦਿ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਸਮਾਗਮ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਮੁਕੰਮਲ ਕਰ ਲੈਣ, ਤਾਂ ਜੋ ਰਾਜ ਪੱਧਰੀ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

Exit mobile version