ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਰਹੂਮ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਪਰਿਵਾਰ ਨਾਲ ਦੁੱਖ ਵੰਡਾਇਆ

ਅੰਮ੍ਰਿਤਸਰ ਏਅਰ ਪੋਰਟ ਤੋਂ ਪਿੰਡ ਸੇਖਵਾਂ ਅਤੇ ਫਿਰ ਮਾਤਾ ਰਾਣੀ ਦਾ ਅਸ਼ੀਰਵਾਦ ਲੈਣ ਜਲੰਧਰ ਰਵਾਨਾ ਹੋਏ ‘ਆਪ’ ਦੇ ਕੌਮੀ ਕਨਵੀਨਰ ਕੇਜਰੀਵਾਲ

ਗੁਰਦਾਸਪੁਰ, 12 ਅਕਤੂਬਰ। ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਦੋ ਦਿਨਾਂ ਪੰਜਾਬ ਦੌਰੇ ’ਤੇ ਪੁੱਜੇ। ਕੇਜਰੀਵਾਲ ਦਿੱਲੀ ਤੋਂ ਆਮ ਘਰੇਲੂ ਉਡਾਣ ਰਾਹੀਂ ਬਾਅਦ ਦੁਪਿਹਰ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਪਹੁੰਚੇ ਸਨ। ਹਵਾਈ ਅੱਡੇ ’ਤੇ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਅਤੇ ਸਹਿ ਇੰਚਾਰਜ ਰਾਘਵ ਚੱਢਾ (ਦੋਵੇਂ ਦਿੱਲੀ ਤੋਂ ਵਿਧਾਇਕ), ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਹੋਰ ਸਥਾਨਕ ਪਾਰਟੀ ਆਗੂ ਅਰਵਿੰਦ ਕੇਜਰੀਵਾਲ ਦਾ ਸਵਾਗਤ ਕਰਨ ਉਚੇਚੇ ਤੌਰ ’ਤੇ ਪਹੁੰਚੇ। ਇੱਥੋਂ ਹੀ ਕੇਜਰੀਵਾਲ ਅਤੇ ਬਾਕੀ ਆਗੂਆਂ ਦੀਆਂ ਗੱਡੀਆਂ ਦਾ ਕਾਫ਼ਲਾ ਮਰਹੂਮ ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਪਿੰਡ ਸੇਖਵਾਂ (ਬਟਾਲਾ) ਲਈ ਰਵਾਨਾ ਹੋ ਗਿਆ ਹੈ।

ਸੇਖਵਾਂ ਪਿੰਡ ਪਹੁੰਚ ਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸਮੇਤ ਬਾਕੀ ਆਗੂਆਂ ਨੇ ਮਰਹੂਮ ਜਥੇਦਾਰ ਸੇਖਵਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਜਥੇਦਾਰ ਸੇਖਵਾਂ ਦੀ ਧਰਮ ਪਤਨੀ ਸਰਦਾਰਨੀ ਅਮਰਜੀਤ ਕੌਰ, ਬੇਟੇ ਅਤੇ ਪਾਰਟੀ ਦੇ ਕਾਦੀਆਂ ਵਿਧਾਨ ਸਭਾ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਅਤੇ ਛੋਟੇ ਬੇਟੇ ਮਹਿਰਾਜ ਸਿੰਘ ਨੂੰ ਦਿਲਾਸਾ ਦਿੱਤਾ ਅਤੇ ਪ੍ਰਮਾਤਮਾ ਦਾ ਭਾਣਾ ਮੰਨਣ ਲਈ ਹੌਸਲਾ ਦਿੱਤਾ।

ਸੇਖਵਾਂ ਵਿਖੇ ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਸ ਗ੍ਰਹਿ ਸਥਾਨ ’ਤੇ ਜਥੇਦਾਰ ਸੇਵਾ ਸਿੰਘ ਸੇਖਵਾਂ ਅਤੇ ਸਮੁੱਚਾ ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਇਆ ਸੀ, ਅੱਜ ਉਸੇ ਘਰ ਅਫ਼ਸੋਸ ਪ੍ਰਗਟ ਕਰਨ ਆਉਣਾ ਦੁਖਦਾਇਕ ਹੈ। ਕੇਜਰੀਵਾਲ ਨੇ ਕਿਹਾ, ‘‘ਜਥੇਦਾਰ ਸੇਖਵਾਂ ਪੇਟ ਦੀ ਬਿਮਾਰੀ ਤੋਂ ਪੀੜ੍ਹਤ ਸਨ। ਜਿਸ ਦੇ ਇਲਾਜ ਲਈ ਦਿੱਲੀ ਦੇ ਹਸਪਤਾਲ ’ਚ ਵੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਉਸ ਸਖ਼ਸ਼ੀਅਤ ਨੂੰ ਬਚਾਇਆ ਨਾ ਜਾ ਸਕਿਆ, ਜਿਸ ਨੇ ਪੰਜਾਬ, ਪੰਥ ਅਤੇ ਸਮਾਜ ਦੀ ਸੇਵਾ ’ਚ ਭਾਰੀ ਯੋਗਦਾਨ ਪਾਇਆ।’’ ਇਸ ਮੌਕੇ ਸਥਾਨਕ ਆਗੂਆਂ ਵਿੱਚ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਬਾਹਲਾ, ਬਟਾਲਾ ਤੋਂ ਹਲਕਾ ਇੰਚਾਰਜ ਸੈਰੀ ਕਲਸੀ, ਫਤਿਹਗੜ੍ਹ ਚੂੜੀਆਂ ਤੋਂ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਅਤੇ ਹੋਰ ਆਗੂ ਹਾਜਰ ਸਨ। 

ਜ਼ਿਕਰਯੋਗ ਹੈ ਕਿ ਜਥੇਦਾਰ ਸੇਵਾ ਸਿੰੰਘ ਸੇਖਵਾਂ 6 ਅਕਤੂਬਰ ਨੂੰ ਲੰਮੀ ਬਿਮਾਰੀ ਨਾਲ ਜੂਝਦਿਆਂ ਅਕਾਲ ਚਲਾਣਾ ਕਰ ਗਏ ਸਨ। ਇਸ ਤੋਂ ਪਹਿਲਾਂ ਲੰਘੀ 26 ਅਗਸਤ ਨੂੰ ਅਰਵਿੰਦ ਕੇਜਰੀਵਾਲ ਬਿਮਾਰ ਪਏ ਜਥੇਦਾਰ ਸੇਖਵਾਂ ਦਾ ਦਿੱਲੀ ਤੋਂ ਉਚੇਚੇ ਤੌਰ ’ਤੇ ਹਾਲ ਚਾਲ ਜਾਨਣ ਲਈ ਪੁੱਜੇ ਸਨ। ਉਸੇ ਵਕਤ ਜਥੇਦਾਰ ਸੇਖਵਾਂ ਅਤੇ ਉਨ੍ਹਾਂ ਦੇ ਪੁੱਤਰ ਜਗਰੂਪ ਸਿੰਘ ਸੇਖਵਾਂ ਨੇ ਆਮ ਆਦਮੀ ਪਾਰਟੀ ਰਸਮੀ ਤੌਰ ’ਤੇ ਸ਼ਾਮਲ ਹੋ ਗਏ ਸਨ। 

ਇਸ ਉਪਰੰਤ ਕੇਜਰੀਵਾਲ ਜਲੰਧਰ ਲਈ ਰਵਾਨਾ ਹੋ ਗਏ, ਜਿਥੇ ਉਹ ਵਿਸ਼ਵ ਪ੍ਰਸਿੱਧ ਦੇਵੀ ਤਲਾਬ ਮੰਦਰ ’ਚ ਨਵਰਾਤਰਿਆਂ ਦੇ ਪਵਿੱਤਰ ਮੌਕੇ ’ਤੇ ਮਾਤਾ ਰਾਣੀ ਅੱਗੇ ਸੀਸ ਝੁਕਾਉਂਦੇ ਹੋਏ ਪੰਜਾਬ ਦੀ ਖੁਸ਼ਹਾਲੀ ਲਈ ਕਾਮਨਾ ਕਰਨਗੇ।

Exit mobile version