ਗੁਰਦਾਸਪੁਰ ਜਿਲੇ ਦੇ ਮਨਦੀਪ ਸਿੰਘ ਨੇ ਪਾਈ ਜੰਮੂ ਕਸ਼ਮੀਰ ਦੇ ਪੁੰਛ ਵਿਚ ਸ਼ਹਾਦਤ, ਅੱਤਵਾਦ ਰੋਕੂ ਮੁਹਿੰਮ ਚ ਸ਼ਾਮਿਲ ਹੋ ਕੇ ਪੀਤਾ ਸ਼ਹਾਦਤ ਦਾ ਜਾਮ

ਜਨਮ ਵੀ ਅਕਤੂਬਰ ਵਿੱਚ ਹੋਇਆ ਤੇ ਸ਼ਹੀਦੀ ਵੀ ਅਕਤੂਬਰ ਮਹੀਨੇ ਵਿੱਚ ਹੋਈ

ਗੁਰਦਾਸਪੁਰ, 11 ਅਕਤੂਬਰ (ਮੰਨਣ ਸੈਣੀ)।  ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਅੱਤਵਾਦ ਰੋਕੂ ਮੁਹਿੰਮ ’ਚ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਸੋਮਵਾਰ ਨੂੰ ਹੋਏ ਮੁਕਾਬਲੇ ’ਚ ਇਕ ‘ਜੂਨੀਅਰ ਕਮੀਸ਼ੰਡ ਅਧਿਕਾਰੀ’ (ਜੇ.ਸੀ.ਓ.) ਸਮੇਤ ਫ਼ੌਜ ਦੇ 5 ਜਵਾਨ ਸ਼ਹੀਦ ਹੋ ਗਏ ਹਨ। ਅੱਤਵਾਦ ਰੋਕੂ ਮੁਹਿੰਮ ’ਚ ਸ਼ਹੀਦ ਹੋਏ ਜਵਾਨਾਂ ’ਚੋਂ ਇਕ ਜਵਾਨ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਫਤੇਹਗੜ ਚੂੜੀਆ ਦੇ ਪਿੰਡ ਚੱਠਾ ਸੀੜਾ ਦਾ ਰਹਿਣ ਵਾਲਾ ਹੈ। ਸ਼ਹੀਦ ਜਵਾਨ ਦੀ ਪਛਾਣ ਮਨਦੀਪ ਸਿੰਘ ਵਜੋਂ ਹੋਈ ਹੈ। ਸ਼ਹੀਦ ਹੋਏ ਜਵਾਨ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਭਲਕੇ ਪਹੁੰਚ ਜਾਵੇਗੀ। ਇਹ ਇਕ ਇਤੇਫਾਕ ਹੀ ਸੀ ਕਿ ਸ਼ਹੀਦ ਮਨਦੀਪ ਸਿੰਘ ਦਾ ਜਨਮ ਵੀ ਅਕਤੂਬਰ ਮਹੀਨੇ ਹੀ ਹੋਇਆ ਅਤੇ ਸ਼ਹੀਦੀ ਵੀ ਅਕਤੂਬਰ ਮਹੀਨੇ ਹੋਈ।  

ਪਿੰਡ ਦੇ ਸਰਪੰਚ ਸਤਵੰਤ ਸਿੰਘ ਨੇ ਜਾਨਕਾਰੀ ਦੇਂਦੇ ਹੋਇਆ ਦੱਸਿਆ ਕਿ ਮਨਦੀਪ ਸਿੰਘ ਪਿਛਲੇ ਕਰੀਬ 10 ਸਾਲ ਤੋਂ ਫੋਜ ਵਿੱਚ ਸੀ। ਮਨਦੀਪ ਸਿੰਘ ਦੇ ਪਿਤਾ ਦਾ ਸਵਰਗਵਾਸ ਹੋ ਚੁਕਾ ਹੈ ਅਤੇ ਇਕ ਵੱਡਾ ਭਰਾ ਫੋਜ ਵਿਚ ਜਦਕਿ ਛੋਟਾ ਭਰਾ ਵਿਦੇਸ਼ ਗਿਆ ਹੈ। ਮਨਦੀਪ ਸਿੰਘ ਦੇ ਦੋ ਬੇਟੇ ਹਨ ਜਿੰਨਾ ਵਿੱਚ ਇੱਕ 8 ਸਾਲ ਦਾ ਬੇਟਾ ਅਤੇ ਇਕ ਕਰੀਬ ਮਹੀਨੇ ਦਾ ਬੇਟਾ ਹੈ। ਆਪਣੇ ਛੋਟੇ ਬੇਟੇ ਦੇ ਜਨਮ ਤੇ ਮਨਦੀਪ ਘਰ ਵਾਪਿਸ ਆਇਆ ਸੀ। ਪਰ ਬਾਦ ਵਿਚ ਫੇਰ ਡਉਟੀ ਉਪਰ ਚਲਾ ਗਿਆ। ਮਨਦੀਪ ਦੀ ਮਾਂ ਵੀ ਮਨਦੀਪ ਨਾਲ ਹੀ ਰਹਿੰਦੀ ਹੈ ਅਤੇ ਇਹਨਾਂ ਦਾ ਪਿਤਾ ਡਰਾਇਵਰ ਸੀ। ਉਹਨਾਂ ਦੱਸਿਆ ਕੀ ਮਨਦੀਪ ਸਿੰਘ ਸੁਭਾ ਤੋਂ ਬੇਹਦ ਮਿਲਣਸਾਰ ਅਤੇ ਸਭ ਦੇ ਕੰਮ ਆਊਣ ਵਾਲਾ ਸੀ। ਪਿਛਲੇ ਦਿਨੇ ਘਰ ਬੇਟਾ ਹੋਣ ਦੀ ਖੂੱਸ਼ੀ ਵਿਚ ਉਹ ਕਾਫੀ ਖੁਸ਼ ਸੀ ਅਤੇ ਬਚਿਆ ਨੂੰ ਵੱਡਾ ਅਫਸਰ ਬਣਾਉਣ ਦੀ ਗੱਲ਼ ਕਰਦਾ ਸੀ। ਮਨਦੀਪ ਦੀ ਸ਼ਹਾਦਤ ਨਾਲ ਇਲਾਕੇ ਵਿੱਚ ਕਾਫੀ ਸ਼ੋਕ ਦਾ ਮਾਹੋਲ ਹੈ। ਪਿੰਡ ਦੇ ਸਰਪੰਚ ਦਾ ਕਹਿਣਾ ਸੀ ਕਿ ਮਨਦੀਪ ਨੇ ਦੇਸ਼ ਦੀ ਸੁਰਖਿਆ ਲਈ ਸ਼ਹਾਦਤ ਦਿੱਤੀ ਹੈ। ਜਿਸ ਤੇ ਸਾਰੇ ਪਿੰਡ ਨੂੰ ਉਸ ਤੇ ਮਾਨ ਹੈ ਅਤੇ ਸਾਰਾ ਪਿੰਡ ਉਸ ਦੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਨਾਲ ਖੜਾ ਹੈ।

ਇਸ ਮੌਕੇ ਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਵੀ ਦੁੱਖ ਪ੍ਰਗਟ ਕਰਦਿਆ ਕਿਹਾ ਕੀ ਪ੍ਰਸ਼ਾਸ਼ਨ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੇ ਨਾਲ ਖੜਾ ਹੈ।

ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਰੁਪਏ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਾ ਵੀ ਏਲਾਨ ਕਿਤਾ ਗਿਆ।

ਉਧਰ ਰੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੁਨਰਕੋਟ ’ਚ ਡੀ.ਕੇ.ਜੀ. ਕੋਲ ਇਕ ਪਿੰਡ ’ਚ ਤੜਕੇ ਇਕ ਮੁਹਿਮ ਸ਼ੁਰੂ ਕੀਤੀ ਗਈ। ਆਖ਼ਰੀ ਰਿਪੋਰਟ ਮਿਲਣ ਤੱਕ ਮੁਕਾਬਲਾ ਜਾਰੀ ਸੀ। ਲੁਕੇ ਹੋਏ ਅੱਤਵਾਦੀਆਂ ਦੇ ਸੁਰੱਖਿਆ ਫ਼ੋਰਸ ’ਤੇ ਗੋਲੀਬਾਰੀ ਕਰਨ ਨਾਲ ਇਕ ਜੇ.ਸੀ.ਓ. ਅਤੇ ਚਾਰ ਹੋਰ ਜਵਾਨ ਜ਼ਖ਼ਮੀ ਹੋ ਗਏ। 

ਜਵਾਨਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਹਥਿਆਰਾਂ ਨਾਲ ਅੱਤਵਾਦੀਆਂ ਦੇ ਕੰਟਰੋਲ ਰੇਖਾ ਪਾਰ ਕਰ ਕੇ ਚਰਮੇਰ ਦੇ ਜੰਗਲ ’ਚ ਲੁਕੇ ਹੋਣ ਦੀ ਖ਼ਬਰ ਮਿਲੀ ਸੀ। ਮੌਕੇ ’ਤੇ ਐਡੀਸ਼ਨਲ ਫ਼ੋਰਸ ਨੂੰ ਭੇਜਿਆ ਗਿਆ ਤਾਂ ਕਿ ਅੱਤਵਾਦੀਆਂ ਦੇ ਨਿਕਲਣ ਦੇ ਸਾਰੇ ਰਸਤੇ ਬੰਦ ਕੀਤੇ ਜਾ ਸਕਣ।

Exit mobile version