ਪੰਜਾਬ ਲਈ ਬੇਹੱਦ ਮੰਦਭਾਗੀ ਹੈ ਸਿਆਸੀ ਅਸਥਿਰਤਾ-ਅਰਵਿੰਦ ਕੇਜਰੀਵਾਲ

ਚੰਨੀ ਨੂੰ ਵਧਾਈ ਦਿੰਦਿਆਂ ਕੇਜਰੀਵਾਲ ਨੇ ਪੰਜ ਮੁੱਦਿਆਂ ਦੇ ਫ਼ੌਰੀ ਹੱਲ ਦੀ ਦਿੱਤੀ ਚੁਣੌਤੀ

ਕਿਹਾ, ਜੇ ਬਰਗਾੜੀ ਕਾਂਡ ਦੇ ਦੋਸ਼ੀਆਂ ਅਤੇ ਸਾਜਿਸ਼ਕਾਰਾਂ ਨੂੰ ਸਜ਼ਾ ਮਿਲੇਗੀ ਤਾਂ ਹੀ ਪੰਜਾਬ ਦੀ ਆਤਮਾ ਨੂੰ ਮਿਲੇਗੀ ਸ਼ਾਂਤੀ

ਮੋਹਾਲੀ/ ਚੰਡੀਗੜ,  29 ਸਤੰਬਰ। ”ਪੰਜਾਬ ਵਿੱਚ ਰਾਜਨੀਤਿਕ ਅਸਥਿਰਤਾ ਬਣੀ ਹੋਈ ਹੈ, ਜੋ ਬਹੁਤ ਮੰਦਭਾਗੀ ਗੱਲ ਹੈ। ਕਾਂਗਰਸ ਪਾਰਟੀ ਨੇ ਸਰਕਾਰ ਦਾ ਤਮਾਸ਼ਾ ਬਣਾ ਕੇ ਰੱਖ ਦਿੱਤਾ ਹੈ। ਲੋਕ ਨਿਰਾਸ਼ ਹਨ ਕਿ ਉਹ ਆਪਣੀਆਂ ਸਮੱਸਿਆਵਾਂ ਕਿਸ ਕੋਲ ਲੈ ਕੇ ਜਾਣ।” ਇਹ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਮੋਹਾਲੀ ਏਅਰਪੋਰਟ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਕੇਵਲ ਆਮ ਆਦਮੀ ਪਾਰਟੀ ਤੋਂ ਹੀ ਉਮੀਦ ਬਚੀ ਹੈ ਅਤੇ ‘ਆਪ’ ਹੀ ਪੰਜਾਬ ਵਿੱਚ ਸਥਿਰ, ਚੰਗੀ ਅਤੇ ਇਮਾਨਦਾਰ ਸਰਕਾਰ ਦੇਵੇਗੀ। ਇਸ ਤੋਂ ਪਹਿਲਾਂ ਮੋਹਾਲੀ ਏਅਰਪੋਰਟ ‘ਤੇ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪ੍ਰੋ. ਬਲਜਿੰਦਰ ਕੌਰ, ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾ, ਮੀਤ ਹੇਅਰ, ਮਾਸਟਰ ਬਲਦੇਵ ਸਿੰਘ ਜੈਤੋਂ (ਸਾਰੇ ਵਿਧਾਇਕ) ਅਤੇ ਹੋਰ ਆਗੂਆਂ ਨੇ ਅਰਵਿੰਦ ਕੇਜਰੀਵਾਲ ਦਾ ਪੰਜਾਬ ਆਉਣ ‘ਤੇ ਜ਼ੋਰਦਾਰ ਸਵਾਗਤ ਕੀਤਾ।  ਕੇਜਰੀਵਾਲ ਨਾਲ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਅਤੇ ਸਹਿ-ਇੰਚਾਰਜ ਰਾਘਵ ਚੱਢਾ ਵੀ ਉਚੇਚੇ ਤੌਰ ‘ਤੇ ਮੌਜੂਦ ਸਨ।

ਇਸ ਮੌਕੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਧਾਈਆਂ ਦਿੰਦਿਆਂ ਉਨਾਂ ਨੂੰ ਕਾਂਗਰਸ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਾਅਦਿਆਂ ਪੰਜ ਮੁੱਖ ਵਾਅਦਿਆਂ ਨੂੰ ਯਾਦ ਕਰਵਾਇਆ। ਉਨਾਂ ਅਪੀਲ ਕੀਤੀ ਕਿ ਮੁੱਖ ਮੰਤਰੀ ਚੰਨੀ ਕੇਵਲ ਇਨਾਂ ਪੰਜ ਚੀਜ਼ਾਂ (ਮੁੱਦਿਆਂ) ਨੂੰ ਪੂਰਾ ਕਰ ਦੇਣ, ਜਿਨਾਂ ਦੀ ਉਮੀਦ ਪੰਜਾਬ ਦੇ ਲੋਕ ਕਰ ਰਹੇ ਹਨ।

ਚੰਨੀ ਲਈ ਪੰਜ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਹਿਲੀ ਗੱਲ, ”ਮੁੱਖ ਮੰਤਰੀ ਚੰਨੀ ‘ਤੇ ਦੋਸ਼ ਲੱਗੇ ਰਹੇ ਹਨ ਕਿ ਉਨਾਂ ਮਹਾਂਦਾਗੀ ਵਿਅਕਤੀਆਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਹੈ ਅਤੇ ਦੋਸ਼ੀ ਮੰਨੇ ਜਾਂਦੇ ਅਧਿਕਾਰੀਆਂ ਨੂੰ ਚੰਗੇ ਅਹੁਦੇ ਦਿੱਤੇ ਹਨ। ਇਨਾਂ ਦਾਗ਼ੀ ਮੰਤਰੀਆਂ, ਵਿਧਾਇਕਾਂ, ਅਧਿਕਾਰੀਆਂ ਨੂੰ ਤੁਰੰਤ ਅਹੁਦਿਆਂ ਤੋਂ ਹਟਾਇਆ ਜਾਵੇ ਅਤੇ ਉਨਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ।”

ਦੂਜਾ ਮੁੱਦਾ ਬਰਗਾੜੀ ਕਾਂਡ ਦੇ ਸਾਜਿਸ਼ਕਾਰਾਂ  ਨੂੰ ਸਜ਼ਾ ਦੇਣ ਦਾ ਹੈ, ਜਿਨਾਂ ਦੇ ਨਾਂ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਜਾਂਚ ਰਿਪੋਰਟ ਵਿੱਚ ਸ਼ਾਮਲ ਹਨ। ਜੇ ਚੰਨੀ ਚਾਹੁਣ ਤਾਂ 24 ਘੰਟਿਆਂ ‘ਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ। ਕੇਜਰੀਵਾਲ ਨੇ ਕਿਹਾ ਕਿ ਜੇ ਬਰਗਾੜੀ ਕਾਂਡ ਦੇ ਦੋਸ਼ੀਆਂ ਅਤੇ ਸਾਜਿਸ਼ਕਾਰਾਂ ਨੂੰ ਸਜ਼ਾ ਮਿਲੇਗੀ ਤਾਂ ਹੀ ਪੰਜਾਬ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ।

ਤੀਜੇ ਮੁੱਦੇ ਬਾਰੇ ਕੇਜਰੀਵਾਲ ਨੇ ਕਿਹਾ, ”ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਅਤੇ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ, ਪਰ ਸਾਢੇ ਚਾਰ ਸਾਲਾਂ ਦੇ ਰਾਜ ਵਿੱਚ ਨਾ ਨੌਕਰੀਆਂ ਦਿੱਤੀਆਂ ਗਈਆਂ ਅਤੇ ਨਾ ਹੀ ਬੇਰੁਜ਼ਗਾਰੀ ਭੱਤਾ। ਉਨਾਂ ਮੰਗ ਕੀਤੀ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਅਤੇ ਸਾਢੇ ਚਾਰ ਸਾਲਾਂ ਦਾ ਬਕਾਇਆ ਖੜਾ ਬੇਰੁਜ਼ਗਾਰੀ ਭੱਤਾ ਵੀ ਦਿੱਤਾ ਜਾਵੇ, ਕਿਉਂਕਿ ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਕੈਪਟਨ ਤੇ ਕਾਂਗਰਸ ਵੱਲੋਂ ਦਿੱਤੇ ਘਰ- ਘਰ ਰੋਜ਼ਗਾਰ ਦੇ ਕਾਰਡ ਲੈ ਕੇ ਬੇਰੁਜ਼ਗਾਰ ਘੁੰਮ ਰਹੇ ਹਨ।”

ਕਿਸਾਨੀ ਅਤੇ ਮਜ਼ਦੂਰਾਂ ਦੇ ਕਰਜ਼ੇ ਦਾ ਜ਼ਿਕਰ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਤੁਰੰਤ ਕਿਸਾਨਾਂ ਅਤੇ ਮਜ਼ਦੂਰਾਂ ਦੇ ਹਰ ਤਰਾਂ ਦੇ ਕਰਜ਼ੇ ਮੁਆਫ਼ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਖ਼ਜ਼ਾਨੇ ਅਤੇ ਲੋਕਾਂ ਨੂੰ ਲੁੱਟ ਰਹੇ ਪ੍ਰਾਈਵੇਟ ਬਿਜਲੀ ਸਮਝੌਤੇ (ਪੀ.ਪੀ.ਏ) ਤੁਰੰਤ ਰੱਦ ਕਰਨ ਦੀ ਮੰਗ ਕੀਤੀ।
‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੀ ਦਿੱਲੀ ਸਰਕਾਰ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਚੰਨੀ ਨੂੰ ਅਗਾਂਹ ਕੀਤਾ ਕਿ ਜਦੋਂ ਉਹ (ਅਰਵਿੰਦ ਕੇਜਰੀਵਾਲ) ਪਹਿਲੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣੇ ਸਨ ਤਾਂ ਉਨਾਂ ਕੋਲ ਕੇਵਲ 49 ਦਿਨਾਂ ਦਾ ਸਮਾਂ ਸੀ ਅਤੇ ਉਨਾਂ ਇਸ ਸਮੇਂ ਦੌਰਾਨ ਬਿਜਲੀ ਸਸਤੀ ਕੀਤੀ, ਪੀਣ ਵਾਲਾ ਪਾਣੀ ਮੁਫ਼ਤ ਕੀਤਾ ਅਤੇ ਭ੍ਰਿਸ਼ਟਾਚਾਰ ਖ਼ਤਮ ਕੀਤਾ ਸੀ। ਜਦੋਂ ਕਿ ਮੁੱਖ ਮੰਤਰੀ ਚੰਨੀ ਕੋਲ ਕਰੀਬ 4 ਮਹੀਨਿਆਂ ਦਾ ਸਮਾਂ ਹੈ ਉਪਰੋਕਤ ਪੰਜ ਵਾਅਦੇ ਪੂਰੇ ਕਰਨ ਲਈ।

Exit mobile version